ਕਰਾਚੀ (ਸਮਾਜ ਵੀਕਲੀ): ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਖ਼ੁਦਕੁਸ਼ ਬੰਬਾਰ ਵੱਲੋਂ ਅੱਜ ਇਥੇ ਬਲੋਚਿਸਤਾਨ ਸੂਬੇ ਦੇ ਕੋਇਟਾ ਵਿੱਚ ਕੀਤੇ ਧਮਾਕੇ ਵਿੱਚ ਸੁਰੱਖਿਆ ਬਲਾਂ ਦੇ ਘੱਟੋ-ਘੱਟ ਤਿੰਨ ਜਵਾਨ ਹਲਾਕ ਹੋ ਗਏ ਜਦੋਂਕਿ ਜ਼ਖ਼ਮੀਆਂ ਦੀ ਗਿਣਤੀ 20 ਦੇ ਕਰੀਬ ਦੱਸੀ ਜਾਂਦੀ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਟਵੀਟ ਵਿੱਚ ਹਮਲੇ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਦੁਖ਼ ਦਾ ਇਜ਼ਹਾਰ ਕੀਤਾ ਹੈ।
ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਜ਼ਿਆਉੱਲ੍ਹਾ ਲੰਗੋਵ ਨੇ ਹਮਲੇ ਦੀ ਨਿਖੇਧੀ ਕਰਦਿਆਂ ਰਿਪੋਰਟ ਮੰਗ ਲਈ ਹੈ। ਉਧਰ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਵਿੱਚ ਅਮਨ ਤੇ ਕਾਨੂੰਨ ਦੇ ਵਿਗੜਦੇ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਹਮਲੇ ਦੀ ਨਿਖੇਧੀ ਕੀਤੀ ਹੈ। ਕੋਇਟਾ ਦੇ ਡੀਆਈਜੀ ਅਜ਼ਹਰ ਅਕਰਮ ਨੇ ਕਿਹਾ ਕਿ ਹਮਲੇ ਦਾ ਨਿਸ਼ਾਨਾ ਕੋਇਟਾ ਦੇ ਮਸਤੰਗ ਰੋਡ ’ਤੇ ਫਰੰਟੀਅਰ ਕੋਰ (ਐੱਫਸੀ) ਵੱਲੋਂ ਲਾਇਆ ਨਾਕਾ ਸੀ।
ਅਕਰਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿੱਚ ਮਾਰੇ ਗੲ ਤਿੰਨ ਸੁਰੱਖਿਆ ਕਰਮੀ ਤੇ ਵੱਡੀ ਗਿਣਤੀ ਜ਼ਖ਼ਮੀ ਫਰੰਟੀਅਰ ਕੋਰ ਨਾਲ ਸਬੰਧਤ ਹਨ। ਸੂਬੇ ਵਿੱਚ ਅਤਿਵਾਦ ਦੇ ਟਾਕਰੇ ਲਈ ਕੀਤੇ ਯਤਨਾਂ ਵਿੱਚ ਫਰੰਟੀਅਰ ਕੋਰ ਦੀ ਮੋਹਰੀ ਭੂਮਿਕਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ’ਚੋਂ 18 ਸੁਰੱਖਿਆ ਅਮਲੇ ਦੇ ਮੈਂਬਰ ਹਨ ਜਦੋਂਕਿ ਦੋ ਵਿਅਕਤੀ ਫਿਦਾਇਨ ਹਮਲੇ ਮੌਕੇ ਨਾਕੇ ਦੇ ਨੇੜੇ ਖੜ੍ਹੇ ਸਨ। ਅਧਿਕਾਰੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਉਧਰ ਬਲੋਚਿਸਤਾਨ ਦੇ ਅਤਿਵਾਦ ਦੇ ਟਾਕਰੇ ਬਾਰੇ ਵਿਭਾਗ ਮੁਤਾਬਕ ਧਮਾਕਾ ‘ਫਿਦਾਈਨ ਹਮਲਾ’ ਸੀ ਤੇ ਇਹ ਸੋਨਾ ਖ਼ਾਨ ਚੈੱਕਪੋਸਟ ਨੇੜੇ ਹੋਇਆ। ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲਈ ਹੈ। ਸੁਰੱਖਿਆ ਬਲਾਂ ਮੁਤਾਬਕ ਹਮਲੇ ਦੌਰਾਨ ਜਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਸੂਬੇ ਦੇ ਹਜ਼ਾਰਾ ਭਾਈਚਾਰੇ ਨਾਲ ਸਬੰਧਤ ਸਬਜ਼ੀਆਂ ਵੇਚਣ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰਦਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly