(ਸਮਾਜ ਵੀਕਲੀ)
ਨਿੱਕੇ ਨਿੱਕੇ ਬਾਲ ਅਸੀਂ, ਵਾਰੀ ਨੂੰ ਉਡੀਕ ਦੇ,
ਕੁੱਜੇ ਨਾਲ਼ ਛੋਲਿਆਂ ਦੇ ਦਾਣਿਆਂ ਨੂੰ ਪੀਸ ਦੇ,
ਨਾਲ਼ ਦਾਤੀ ਦੇ ਤੂੰ ਥੋੜ੍ਹੇ ਜਿਹੇ ਹਿਲਾਣੇ,
ਨੀ ਤਾਈ ਨਾਮੋਂ ਭੱਠੀ ਵਾਲ਼ੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਮੱਕੀ ਦੀਆਂ ਛੱਲੀਆਂ ਲਿਆਏ ਡੁੰਗ ਡੁੰਗ ਨੀ,
ਲੈ ਲਈ ਲੈਣੀ ਜਿਹੜੀ ,ਲੱਪ- ਲੱਪ ਚੁੰਗ ਨੀ,
ਹਾੜੇ ਕੱਢਦੇ ਪਏ ਤੇਰੇ ਨੇ ਨਿਆਣੇ,
ਨੀ ਤਾਈ ਨਾਮੋਂ ਭੱਠੀ ਵਾਲ਼ੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਮੱਠਾ – ਮੱਠਾ ਸੇਕ ਰੱਖ , ਦਾਣਿਆਂ ਨੂੰ ਰਾੜ੍ਹ ਨੀ,
ਦਾਣਿਆਂ ਦੀ ਆੜ ਚ ਨਾ, ਦਿਲ ਸਾਡੇ ਸਾੜ ਨੀ,
ਔਖ਼ੇ ਸਬਰਾਂ ਦੇ ਬੰਨ੍ਹ ਹੁੰਦੇ ਲਾਣੇ,
ਨੀ ਤਾਈ ਨਾਮੋਂ ਭੱਠੀ ਵਾਲ਼ੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਕਿਹੜੇ ਉਹ ਦੁੱਖ,ਕਿਹੜੇ ਗ਼ਮਾਂ ਵਿੱਚ ਡੁੱਬੀ ਨੀ,
ਸੋਚਾਂ ਦੇ ਸਮੁੰਦਰੀ ਕਿਉਂ,ਮਾਰੀ ਬੈਠੀ ਚੁੱਭੀ ਨੀ,
ਪ੍ਰਿੰਸ ਪੁੱਛਦੇ ਪਏ ਬਾਲ ਅੰਞਾਣੇ,
ਨੀ ਤਾਈ ਨਾਮੋਂ ਭੱਠੀ ਵਾਲ਼ੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਤਾਈ ਨਾਮੋਂ ਭੱਠੀ ਵਾਲ਼ੀਏ ,
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613