ਸਤਿਕਾਰ ਬਜ਼ੁਰਗਾਂ ਦਾ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਪੁੱਤਰਾਂ ਦੇ ਘਰ ਵੱਡੇ ਹੋ ਗਏ
ਸਾਰੇ ਹੀ ਅੱਡੋ-ਅੱਡੇ ਹੋ ਗਏ
ਫੇਰ ਵੀ ਰੱਖਣਾ ਚਾਹੁਣ ਨਾ, ਸਮਝਣ ਭਾਰ ਬਜ਼ੁਰਗਾਂ ਦਾ
ਅੱਜਕੱਲ੍ਹ ਏਥੇ ਘਟ ਗਿਆ ਏ, ਸਤਿਕਾਰ ਬਜ਼ੁਰਗਾਂ ਦਾ

ਬਿਰਧ ਆਸ਼ਰਮ ਬਹੁਤੇ ਖੁੱਲ੍ਹ ਗਏ
ਬੁੱਢੜੇ ਮਾਪਿਆਂ ਨੂੰ ਪੁੱਤ ਭੁੱਲ ਗਏ
ਧੀਆਂ ਪੁੱਤਰ ਹੁੰਦਿਆਂ – ਸੁੰਦਿਆਂ
ਦੋ ਟੁੱਕੜਾਂ ਲਈ ਮਾਂ-ਪਿਓ ਰੁਲ਼ ਗਏ
ਹੋਣ ਅਭਾਗੇ ਮਿਲਦਾ ਨਹੀਂ ਜਿਨ੍ਹਾਂ ਪਿਆਰ ਬਜ਼ੁਰਗਾਂ ਦਾ
ਅੱਜਕੱਲ੍ਹ ਏਥੇ ਘਟ ਗਿਆ ਏ ਸਤਿਕਾਰ ਬਜ਼ੁਰਗਾਂ ਦਾ

ਗੱਲ ਅਕਲ ਦੀ ਜੇ ਉਹ ਕਹਿੰਦੇ
ਆਖਣ ਸਾਨੂੰ ਟੋਕਦੇ ਰਹਿੰਦੇ
ਐਵੇਂ ਈ ਕਿਉਂ ਪਾਈ ਜਾਨੇ ਰੌਲ਼ਾ
ਸਾਰੇ ਈ ਜੀਅ ਵੱਢ ਖਾਣ ਨੂੰ ਪੈਂਦੇ
ਕਰਦੇ ਨੇ ਅਪਮਾਨ ਬੜਾ ਹਰ ਵਾਰ ਬਜ਼ੁਰਗਾਂ ਦਾ
ਅੱਜਕੱਲ੍ਹ ਏਥੇ ਘਟ ਗਿਆ ਏ ਸਤਿਕਾਰ ਬਜ਼ੁਰਗਾਂ ਦਾ

ਜਿਸ ਘਰ ਦੇ ਵਿੱਚ ਬੁੱਢੜੇ ਮਾਪੇ
ਉਸ ਘਰ ਵਿਚ ਰੱਬ ਵਸਦਾ ਜਾਪੇ
ਘਰ ਵਿਚ ਕਾਸ਼ੀ ਘਰ ਵਿਚ ਕਾਬਾ
ਸਰਵਣ ਬਣ ਕਰ ਸੇਵਾ ਆਪੇ
ਪਲ ਪਲ ਜਿਉਣਾ ਕਰਿਓ ਨਾ ਦੁਸ਼ਵਾਰ ਬਜ਼ੁਰਗਾਂ ਦਾ
ਅੱਜਕੱਲ੍ਹ ਏਥੇ ਘਟ ਗਿਆ ਏ ਸਤਿਕਾਰ ਬਜ਼ੁਰਗਾਂ ਦਾ

ਵਿਹੜੇ ਦਾ ਸ਼ਿੰਗਾਰ ਹੁੰਦੇ ਨੇ
ਖੁੱਲ੍ਹੇ ਘਰ ਦੇ ਦੁਆਰ ਹੁੰਦੇ ਨੇ
ਸਾਂਭਣ ਦੀ ਹੈ ਲੋੜ ਬੜੀ ਜੀ
ਬੜੇ ਤਜ਼ਰਬੇਕਾਰ ਹੁੰਦੇ ਨੇ
ਭੁੱਲਿਓ ਨਾ ਕਦੇ, ਕੀਤਾ ਜੋ ਉਪਕਾਰ ਬਜ਼ੁਰਗਾਂ ਦਾ
ਅੱਜਕੱਲ੍ਹ ਏਥੇ ਘਟ ਗਿਆ ਏ ਸਤਿਕਾਰ ਬਜ਼ੁਰਗਾਂ ਦਾ

ਬੋਹੜਾਂ ਵਰਗੀਆਂ ਕਰਦੇ ਛਾਵਾਂ
ਭਰ ਲਓ ਝੋਲ਼ੀਆਂ ਨਾਲ ਦੁਆਵਾਂ
ਇੱਕ ਵਾਰੀ ਜੇ ਤੁਰ ਗਏ ਜੱਗ ਤੋਂ
ਨਾ ਪਿਓ ਲੱਭਣੇ ਤੇ ਨਾ ਮਾਵਾਂ
ਨਵੀਂ ਪੀੜ੍ਹੀ ਨੇ ਖੋਹ ਲਿਆ ਏ ਅਧਿਕਾਰ ਬਜ਼ੁਰਗਾਂ ਦਾ
ਅੱਜਕੱਲ੍ਹ ਏਥੇ ਘਟ ਗਿਆ ਏ ਸਤਿਕਾਰ ਬਜ਼ੁਰਗਾਂ ਦਾ

“ਖੁਸ਼ੀ ਮੁਹੰਮਦਾ” ਮੰਨ ਲੈ ਕਹਿਣਾ
ਤੂੰ ਵੀ ਸਦਾ ਜਵਾਨ ਨਹੀਂ ਰਹਿਣਾ
ਨਾਲ ਬਜ਼ੁਰਗਾਂ, ਜੋ ਕੁਝ ਕਰਦੈਂ
ਤੈਨੂੰ ਵੀ ਉਹ …ਪੈਣਾ ਸਹਿਣਾ
ਘਰ ‘ਚੋਂ ਕੱਢ ਕੇ ਸਾਂਭ ਲਿਆ, ਘਰਬਾਰ ਬਜ਼ੁਰਗਾਂ ਦਾ
ਅੱਜਕੱਲ੍ਹ ਏਥੇ ਘਟ ਗਿਆ ਏ ਸਤਿਕਾਰ ਬਜ਼ੁਰਗਾਂ ਦਾ

ਖੁਸ਼ੀ ਮੁਹੰਮਦ “ਚੱਠਾ”
Khushi Mohammed Chatha
(M): 9779025356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮਾਂਤਰੀ ਨਾਰੀ ਦਿਵਸ ਅਤੇ ਔਰਤ ਦੀ ਸਥਿਤੀ
Next articleਯੁੱਧ