(ਸਮਾਜ ਵੀਕਲੀ)-“ਸਵੇਰ ਦੀ ਸੈਰ ਹੀ ਨਹੀਂ,ਕਹਿੰਦੇ ਰਾਇ ਵੀ ਚੰਗੀ ਹੁੰਦੀ ਹੈ !”
ਮੈਂ ਆਪਣੀ ਕੰਧ ‘ਤੇ, ਇੱਕ ਪੋਸਟ ਐਨੇ ਵਾਰ ਪੋਸਟ ਕੀਤੀ ਕਿ,” ਮੈਨੂੰ ਆਪਣੀ ਕਿਸੇ ਰਚਨਾ ਨਾਲ ਟੈਗ ਨਾ ਕਰੋ, ਉਹ ਹੀ ਸੱਜਣ ਲੇਖਕ ਟੈਗ ਕਰਨ ਜਿੰਨ੍ਹਾਂ ਨਾਲ ਵਿਚਾਰਧਾਰਕ ਤੌਰ ‘ਤੇ ਸਾਂਝ ਹੈ ਜਾਂ ਮੁਲਾਕਾਤਾਂ ਦਾ ਸਿਲਸਿਲਾ,ਜਾਂ ਫ਼ੋਨ ‘ਤੇ ਜਿੰਨ੍ਹਾਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਬਹੁਤ ਲੋਕ ਜਾਂ ਤਾਂ ਇਸ ਗੱਲ ਨੂੰ ਪੜ੍ਹਦੇ ਨਹੀਂ ਜਾਂ ਜਾਣ ਬੁੱਝ ਕੇ ਇਸ ਗੱਲ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ।
ਬਹੁਤੇ ਟੈਗ ਕਰਨ ਵਾਲੇ ਬੰਦਿਆਂ ਨੂੰ ਤਾਂ,” ਰਾਮ ਰਾਮ” ਵੀ ਕਹਿਣੀ ਪਈ ਪਰ ਓਨੇ ਕੁ ਨਵੇਂ “ਜੋਹਨ ਕੀਟ” ਉੱਠ ਪੈਂਦੇ ਹਨ,ਜਿੰਨ੍ਹਾਂ ਨੂੰ ਲੱਗਦਾ ਹੈ ਕਿ, “ਕਿਸੇ ਬੰਦੇ ਨੂੰ ਟੈਗ ਕਰਨ ਨਾਲ ਗੱਲ ਭਾਰੀ ਹੋ ਜਾਵੇਗੀ।”
ਗੱਲਬਾਤ ਭਾਰੀ ਹੋਵੇ ਜਾਂ ਨਾ,ਟੈਗ ਕਰਨ ‘ਤੇ ਜਿਸ ਨੂੰ ਟੈਗ ਕੀਤਾ ਹੈ,ਉਸ ਦੇ ਦੋਸਤਾਂ ਦਾ ਦਿਮਾਗ਼ ਤਾਂ ਭਾਰੀ ਹੋ ਹੀ ਜਾਂਦਾ ਹੈ,ਸਗੋਂ ਪਾਰਾ ਵੀ ਚੜ੍ਹ ਜਾਂਦਾ ਹੈ।
ਅੱਜ ਅਖ਼ੀਰ ਜਦੋਂ ਸਾਰੇ ਦਾਅ-ਪੇਚ ਵਰਤ ਕੇ ਹੰਭ ਗਿਆ ਤਾਂ ਸੋਚਿਆ,ਕਿਸੇ ਵਿਦਵਾਨ ਸੱਜਣ ਨਾਲ,ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੀ ਤਰਕੀਬ ਬਾਰੇ,ਪੁੱਛਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਦੇਖਿਆ,ਸਾਰੇ ਹੀ ਇਸ ਟੈਗ ਦੀ ਸਮੱਸਿਆ ਤੋਂ ਗ੍ਰਸਤ ਸਨ।
ਆਖ਼ਿਰ ਸੋਚਿਆ ਕਿਉਂ ਨਾ ਕਿਸੇ ਘਰ ਦੇ ਵਿਦਵਾਨ ਨਾਲ ਇਸ ਸਮੱਸਿਆਂ ਬਾਰੇ ਵਿਚਾਰ ਕਰੀ ਜਾਵੇ।
ਚਰਚਾ ਕਰਨ ‘ਚ ਕੀ ਹਰਜ਼ ਹੈ।
ਪਰ ਘਰ ਦਾ ਕੋਈ ਵਿਦਵਾਨ ਨਜ਼ਰ ਨਹੀਂ ਸੀ ਆ ਰਿਹਾ।
ਆਖ਼ਿਰ ਸਿਰ ਫੜੀ ਬੈਠੇ ਨੂੰ ਪਤਨੀ ਨੇ ਆ ਕੇ ਪੁੱਛ ਲਿਆ,” ਕੀ ਗੱਲ ਕੋਈ ਰਚਨਾ ਫਸ ਗਈ ਹੈ ਜਾਂ ਗੀਤ ਗ਼ਜ਼ਲ ਦਾ ਬੰਦ ਨਹੀਂ ਪੂਰਾ ਹੋ ਰਿਹਾ!” ਜਾਂ ਕਿਸੇ ਨਾਟਕ ਦਾ ਪਾਤਰ ਬਿੱਚ੍ਹਰ ਗਿਆ ? ਮੈਂ ਉਸ ਨੂੰ ਕਿਹਾ,
“ਮੈਂ ਬੱਸ ਟੈਗ ਵਾਲਿਆਂ ਤੋਂ ਦੁਖੀ ਹਾਂ, ਕੋਈ ਚੱਜ ਦੀ ਰਚਨਾ ਨਾਲ ਟੈਗ ਕਰੇ ਤਾਂ ਕੋਈ ਗੱਲ ਨਹੀਂ,ਪਰ ਜਿਹੜੇ ਯਾਰ,ਦੋਸਤ ਮੇਰੇ ਨਾਲ ਜੁੜੇ ਨੇ ਉਹ ਵੀ ਇਹਨਾਂ ਟੈਗਾਂ ਤੋਂ ਬਹੁਤ ਦੁਖੀ ਨੇ।”
“ਲੈ ਇਹ ਵੀ ਕੋਈ ਗੱਲ ਹੈ !
ਤੁਸੀਂ ਟੈਗ ਰੀਮੂਵ ਕਰ ਦਿਆ ਕਰੋ,ਜੇ ਫ਼ੇਰ ਵੀ ਕੋਈ ਬਰਡਜ ਬਰਥ ਨਾ ਟਲੇ,ਬੰਦਾ ਰੀਮੂਵ ਕਰ ਦਿਆ ਕਰੋ।”
ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ। ਇਹ ਗੱਲ ਤਾਂ ਮੈਨੂੰ ਵੀ ਪਤਾ ਹੈ ਪਰ ਰੋਜ਼ ਰੋਜ਼ ਲੋਕਾਂ ਨੂੰ ਕਿਵੇਂ ਰੀਮੂਵ ਕਰਾਂ ਜਾਂ ਰਾਮ ਰਾਮ ਕਹਾਂ।
ਕੋਈ ਹੋਰ ਤਰੀਕਾ ਦੱਸ ਜਿਸ ਨਾਲ” ਸੱਪ ਵੀ ਮਰ ਜਾਵੇ ਤੇ ਡਾਂਗ ਵੀ ਨਾ ਟੁੱਟੇ।”
ਇੱਕ ਹੋਰ ਸਭ ਤੋਂ ਵਧੀਆ ਮੈਥਿਡ ਹੈ,” ਤੁਸੀਂ ਫੇਸਬੁੱਕ ਚਲਾਉਣੀ ਹੀ ਬੰਦ ਕਰ ਦਿਓ!
“ਨਾ ਰਹੇਗਾ ਬਾਂਸ,ਨਾ ਵੱਜੇਗੀ ਬੰਸੁਰੀ।”
ਮੈਂ ਕਿਹਾ ਇਹ ਵੀ ਸੰਭਵ ਨਹੀਂ।
ਠੀਕ ਹੈ ! ਤੁਸੀਂ ਇਹ ਬੇਨਤੀ ਕਰ ਦਿਓ, ਜਿਹੜੀ ਰਚਨਾ,ਸਭਾ ਇਕੱਠ,ਵਿਚ ਮੈਂ ਸ਼ਾਮਲ ਹੋਵਾਂ, ਮੈਨੂੰ ਉਸ ਨਾਲ ਟੈਗ ਕਰ ਦਿਓ।
ਮੈਨੂੰ ਗੱਲ ਰੱਬ ਲਗਦੀ ਲੱਗੀ,
ਕਿਉਂਕਿ ਉਸ ਨੂੰ ਪਤਾ ਸੀ ਕਿ ਇਹ,ਇਕੱਠਾ, ਭੀੜਾਂ ਵਿਚ ਬਹੁਤ ਘੱਟ ਜਾਂਦੇ ਹਨ,ਸ਼ਾਇਦ ਇਸ ਗੱਲ ਕਰ ਕੇ ਬਚਾਓ ਹੋ ਜਾਵੇ।
ਉਸ ਨੇ ਮੈਨੂੰ ਜਿਹੜੀ ਇੱਕ ਗੱਲ ਹੋਰ ਦੱਸੀ ਮੇਰੇ ਉਹ ਸੁਣ ਕੇ ਤਾਂ ਸਾਂਹ ਹੀ ਸੂਤੇ ਗਏ।
ਉਸ ਨੇ ਜਦੋਂ ਇਹ ਕਿਹਾ ਕਿ, ਤੁਹਾਨੂੰ ਟੈਗ ਕਰਨ ਵਾਲਿਆਂ ਨੇ ਜ਼ਰੂਰ ਆਦਤਨ ਦੂਜਿਆਂ ਨੂੰ ਵੀ ਟੈਗ ਕੀਤਾ ਹੋਵੇਗਾ। ਤੁਸੀ ਇਹ ਦੇਖੋ ਕਿ ਜੇ ਉਹਨਾਂ ਟੈਗ ਕਰਨ ਦੀ ਗਿਣਤੀ ਜਿੰਨੇ, ਉਸ ਦੀ ਰਚਨਾ ‘ਤੇ ਕੂਮੈਂਟ ਹਨ ਤਾਂ ਟੈਗ ਕਰਨ ਵਾਲਾ ਕਾਮਯਾਬ ਖਿਡਾਰੀ ਹੈ ਜੇ ਟੈਗ ਹੋਣ ਦੇ ਬਾਵਜੂਦ ਵੀ ਓਨੇ ਕੂਮੈਂਟ ਨਹੀਂ ਆਏ ਤਾਂ ਇਹ ਉਸ ਦੀ ਬੇਵਕੂਫ਼ੀ ਹੈ,ਉਸ ਨੂੰ ਤੁਰੰਤ ਟੈਗ ਹਟਾ ਲੈਣਾ ਚਾਹੀਦਾ ਹੈ।
ਮੈਂ ਹੱਸ ਪਿਆ। ਜਦੋਂ ਮੈਂ ਟੈਗ ਕਰਨ ਵਾਲਿਆਂ ਸੱਜਣਾਂ ਦੀਆਂ ਰਚਨਾਵਾਂ ਵੱਲ ਗਿਆ ਮੈਂ ਹੈਰਾਨ ਰਹਿ ਗਿਆ ਕਿ ਟੈਗ ਬੰਦਿਆਂ ਜਿੰਨੇ ਕੂਮੈਂਟ ਵੀ ਕਿਸੇ ਰਚਨਾ ‘ਤੇ ਨਹੀਂ ਸਨ, ਸਗੋਂ ਉਹਨਾਂ ਦੇ ਬਿਨਾਂ ਟੈਗ ਵਾਲੀਆਂ ਰਚਨਾਵਾਂ ‘ਤੇ ਕੂਮੈਂਟ ਜ਼ਿਆਦਾ ਸਨ।
ਗ਼ੁਸਤਾਖ਼ੀ ਮੁਆਫ਼ ਟੈਗਰਜ਼
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly