ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਅੱਲ੍ਹਾ ਪਾਕ ਦੇ ਰੂਹਾਨੀ ਇਸ਼ਕ ਵਿੱਚ ਰੰਗੀ ਮਹਾਨ ਰੱਬੀ ਰੂਹ, ਮਹਾਨ ਤਪੱਸਵੀ ਫਕੀਰ, ਸਾਂਝੀਵਾਲਤਾ ਦਾ ਸਰਬ ਸੰਸਾਰ ਵਿੱਚ ਪਰਮੇਸ਼ਰ ਦਾ ਪਿਆਰ ਵੰਡਣ ਵਾਲੀ ਨੇਕ ਤੇ ਪਵਿੱਤਰ ਆਤਮਾ, ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਰੂਹਾਨੀ ਸੰਤ ਸਤਿਕਾਰਯੋਗ ਸੱਯਦ ਫਕੀਰਾਂ ਦੇ ਘਰਾਣੇ ਦਾ ਚਿਰਾਗ, ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ( ਭੂਆ ਜੀ ) ਇਸ ਫ਼ਾਨੀ ਸੰਸਾਰ ਤੋਂ ਸਰੀਰਕ ਚੋਲਾ ਤਿਆਗ ਕੇ ਬ੍ਰਹਮਲੀਨ ਹੋ ਗਏ ਹਨ। ਜਿਉਂ ਹੀ ਉਹਨਾਂ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਦੀ ਖ਼ਬਰ ਉਹਨਾਂ ਦੀਆਂ ਲਾਡਲੀਆਂ ਸੰਗਤਾਂ ਵਲੋਂ ਸੰਚਾਰ ਸਾਧਨਾਂ ਤੇ ਸਾਂਝੀ ਕੀਤੀ ਗਈ ਤਾਂ ਇਸ ਮਹਾਨ ਰੱਬੀ ਆਤਮਾ ਨੂੰ ਯਾਦ ਕਰਦਿਆਂ ਹਰ ਇੱਕ ਦਾ ਹਿਰਦਾ ਵਲੂੰਧਰਿਆ ਗਿਆ ਅਤੇ ਉਹਨਾਂ ਦੇ ਮੁਬਾਰਕ ਬਚਨ ਹਰ ਇਕ ਰੂਹ, ਜਿਸ ਨੇ ਉਹਨਾਂ ਦੇ ਦਰਸ਼ਨ ਕੀਤੇ ਸਨ ਤੇ ਚੁਫ਼ੇਰੇ ਗੂੰਜਣ ਲੱਗੇ। ਸੈਂਕੜੇ ਸੰਗਤਾਂ ਉਹਨਾਂ ਦੀ ਮਹਾਨ ਸ਼ਖਸ਼ੀਅਤ ਤੋਂ ਪ੍ਰਭਾਵਿਤ ਸਨ ਅਤੇ ਉਹਨਾਂ ਦੇ ਦਰਸ਼ਨ ਦੀਦਾਰ ਕਰਕੇ ਪ੍ਰਮਾਤਮਾ ਅੱਲ੍ਹਾ ਪਾਕ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਉਂਦੀਆਂ ਸਨ। ਦਾਸ ਦਾ ਇਸ ਮਹਾਨ ਰੱਬੀ ਆਤਮਾ ਨਾਲ ਬੜਾ ਦਿਲੀਂ ਪਿਆਰ ਸੀ । ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਮੈਨੂੰ ਉਹਨਾਂ ਦੇ ਚਰਨਾਂ ਵਿੱਚ ਉਦੇਸੀਆਂ, ਹਰੀਪੁਰ, ਲੇਸੜੀਵਾਲ, ਹਰਿਆਣਾ ਅਤੇ ਹੋਰ ਵੱਖ ਵੱਖ ਸਥਾਨਾਂ ਤੇ ਕਰਵਾਏ ਜਾਣ ਵਾਲੇ ਸਲਾਨਾ ਜੋੜ ਮੇਲਿਆਂ ਵਿੱਚ ਮੰਚ ਸੰਚਾਲਨਾ ਕਰਨ ਦਾ ਮੌਕਾ ਮਿਲਦਾ, ਜਿੱਥੋਂ ਉਹ ਸਾਨੂੰ ਸੱਚਮੁੱਚ ਫ਼ਕੀਰਾਂ ਦਾ ਅਦਬ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੇ ਅਤੇ ਹਰ ਲਫ਼ਜ਼ ਨੂੰ ਤੋਲ ਕੇ ਬੋਲਣ ਦਾ ਨਿਰਣਾ ਵੀ ਕਰਵਾਉਂਦੇ । ਮੈਨੂੰ ਸਟੇਜ ਤੇ ਬੋਲਣ ਦਾ ਅਸਲ ਸਲੀਕਾ ਸੱਯਦ ਫਕੀਰ ਅੰਮੀ ਸਰਕਾਰ ਬੀਬੀ ਜੀ ਦੇ ਸਨਮੁੱਖ ਹੋ ਕੇ ਬੋਲਦਿਆਂ ਹੀ ਆਇਆ , ਕਿਉਂਕਿ ਉਹਨਾਂ ਦੀਆਂ ਹਦਾਇਤਾਂ ਪਿਆਰ ਸਤਿਕਾਰ ਨੇ ਹੀ ਜ਼ਿੰਦਗੀ ਜਿਉਣ ਦਾ ਬੱਲ ਦਿੱਤਾ । ਮੇਰੇ ਵਾਂਗ ਉਨ੍ਹਾਂ ਦੇ ਚਰਨਾਂ ਨਾਲ ਜੁੜੇ ਜਿੰਨੇ ਵੀ ਕਲਾਕਾਰ, ਕਵਾਲ ਜਾਂ ਸੰਗਤ ਹੈ, ਨੂੰ ਵੀ ਬੀਬੀ ਜੀ ਨੇ ਹਮੇਸ਼ਾ ਇਹੀ ਪ੍ਰੇਰਨਾ ਕੀਤੀ ਕਿ ਸਦਾ ਪਰਮਾਤਮਾ ਅੱਲ੍ਹਾ ਪਾਕ ਦੇ ਪ੍ਰੇਮ ਵਿੱਚ ਭਿੱਜ ਕੇ ਰਹੋ ਅਤੇ ਦੁਨਿਆਵੀ ਮੋਹ ਲਾਲਚਾਂ ਤੋਂ ਦੂਰ ਰਹਿਕੇ ਆਪਣਾ ਜੀਵਨ ਬਤੀਤ ਕਰੋ । ਜਦ ਵੀ ਬੀਬੀ ਜੀ ਦੇ ਚਰਨਾਂ ਵਿੱਚ ਜਾਣਾ ਤਾਂ ਗੇਟ ਵਿੱਚ ਵੜਦਿਆਂ ਹੀ ਆਖ ਦੇਣਾ ਕਿ ਭੂਆ ਜੀ ਸਲਾਮ ਤੇ ਬੀਬੀ ਜੀ ਨੇ ਅੱਗਿਓਂ ਆਪਣਾ ਪਿਆਰ ਦਿੰਦਿਆਂ ਕਹਿਣਾ ਕਿ ਰੱਬ ਨੂੰ ਸਲਾਮ । ਅਜਿਹੇ ਫ਼ਕੀਰ ਦੀ ਕਹਿਣੀ ਕਰਨੀ ਨੂੰ ਮੇਰਾ ਕੋਟ ਕੋਟ ਨਮਨ ਹੈ ਜੋ ਤੁਹਾਡੀ ਅਰਦਾਸ ਬੇਨਤੀ ਨੂੰ ਛਿੰਨ ਭਰ ਵਿੱਚ ਅਕਾਲ ਪੁਰਖ ਦੇ ਚਰਨਾਂ ਤੱਕ ਪੁੱਜਦਾ ਕਰ ਦੇਵੇ । ਕੁਝ ਸਮੇਂ ਤੋਂ ਉਹ ਕਾਫ਼ੀ ਕਮਜ਼ੋਰ ਹੋ ਗਏ ਸਨ , ਪਰ ਅੰਦਰੂਨੀ ਤੌਰ ਤੇ ਉਹ ਆਪਣਾ ਬਲ ਇੱਕ ਪਲ ਭਰ ਲਈ ਵੀ ਨਹੀਂ ਸੀ ਘੱਟਣ ਦਿੰਦੇ ਅਤੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਸਦਾ ਆਪਣਾ ਦਮ ਦਮ ਬੰਦਗੀ ਤੇ ਲਾਈ ਰੱਖਦੇ ਸਨ ਉਹਨਾਂ ਦੀ ਬੰਦਗੀ ਬੈਠਕ ਨੂੰ ਹਰ ਕੋਈ ਸੀਸ ਝੁਕਾਉਂਦਾ ਸੀ । ਅਣਗਿਣਤ ਆਲਮ, ਫਾਜਲ, ਵੱਡੇ ਵੱਡੇ ਗਾਇਕ ਅਤੇ ਹੋਰ ਮਹਾਨ ਸ਼ਖਸੀਅਤਾਂ ਉਹਨਾਂ ਦੇ ਚਰਨਾਂ ਵਿੱਚ ਸਜਿਦਾ ਸਲਾਮ ਕਰਦੀਆਂ ਮੈਂ ਖ਼ੁਦ ਦੇਖੀਆਂ। ਓਹ ਨਿਮਰਤਾ ਅਤੇ ਸਾਦਗੀ ਦੀ ਮੂਰਤ ਫ਼ਕੀਰ ਸਭ ਨੂੰ ਪਿਆਰ ਮੁਹੱਬਤ ਹੀ ਵੰਡਦੇ ਸਨ। ਹਰ ਸੰਤ ਮਹਾਂਪੁਰਸ਼ ਫ਼ੱਕਰ ਫ਼ਕੀਰ ਦਾ ਸਤਿਕਾਰ ਉਹ ਇਸ ਕਦਰ ਕਰਦੇ ਸਨ ਕਿ ਹਰ ਮਹਾਂਪੁਰਸ਼ ਉਹਨਾਂ ਦੇ ਪਿਆਰ ਸਤਿਕਾਰ ਦੇ ਸਾਹਮਣੇ ਨਤਮਸਤਕ ਹੋ ਜਾਂਦਾ ਸੀ । ਸਾਈਂ ਜੁੰਮਲੇ ਸ਼ਾਹ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ 21, 22 ਅਤੇ 23 ਸਤੰਬਰ ਨੂੰ ਹਰ ਸਾਲ ਉਦੇਸੀਆਂ ਦਰਬਾਰ ਵਿਖੇ ਲੱਗਦਾ, ਹੁਣ ਵੀ ਮੇਲੇ ਦੇ ਦਿਨ ਚੱਲਦੇ ਸਨ ਕਿ ਬੀਬੀ ਜੀ ਸਾਡੇ ਤੋਂ ਹਮੇਸ਼ਾ ਲਈ ਸਰੀਰਕ ਤੌਰ ਤੇ ਦੂਰ ਚਲੇ ਗਏ। ਜਿਨ੍ਹਾਂ ਨੇ ਆਪਣੇ ਹਰ ਬਚਨ ਵਿੱਚ ਸਾਈਂ ਜੀ ਨੂੰ ਯਾਦ ਕਰਨਾ ਤੇ ਕਹਿਣਾ ਕਿ ਸਾਈਂ ਜੀ ਇੰਝ ਕਹਿੰਦੇ ਸਨ ਕਿ ਬੀਬਾ ਰੱਬ ਦੀ ਬੰਦਗੀ ਤੋਂ ਸ੍ਰੇਸ਼ਟ ਦੁਨੀਆਂ ਤੇ ਕੋਈ ਹੋਰ ਸ਼ੈਅ ਨਹੀਂ ਹੈ, ਇਸ ਲਈ ਜਦੋਂ ਵੀ ਸਮਾਂ ਮਿਲਦਾ ਆਪਣਾ ਰੱਬ ਰੱਬ ਕਰਦੇ ਰਹੋ। ਸਲਾਨਾ ਜੋੜ ਮੇਲਾ 23 ਸਤੰਬਰ ਨੂੰ ਹੁੰਦਾ, ਇਸ ਦਿਨ ਹੀ ਬੀਬੀ ਜੀ ਦੇ ਅੰਤਿਮ ਦਰਸ਼ਨ ਸੰਗਤ ਉਦੇਸੀਆਂ ਦਰਬਾਰ ਵਿਖੇ ਕਰੇਗੀ ਅਤੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਵੇਗੀ। ਦੇਸ਼ ਵਿਦੇਸ਼ ਦੀਆਂ ਸੰਗਤਾਂ ਉਹਨਾਂ ਨੂੰ ਯਾਦ ਕਰਕੇ ਅੱਜ ਹੰਝੂ ਵਹਾ ਰਹੀਆਂ ਹਨ । ਮੈਂ ਵੀ ਆਪਣੇ ਵਲੋਂ ਇਸ ਮਹਾਨ ਰੱਬੀ ਰੂਹ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦਾ ਹਾਂ ਅਤੇ ਉਨਾਂ ਦੀਆਂ ਸਾਰੀਆਂ ਸੰਗਤਾਂ ਨੂੰ ਪਰਮਾਤਮਾ ਭਾਣਾ ਮੰਨਣ ਦਾ ਬੱਲ ਬਖਸ਼ੇ ਦੀ ਅਰਦਾਸ ਕਰਦਾ ਹਾਂ । ਸੱਚਮੁੱਚ ਅਜਿਹੇ ਮਹਾਨ ਫ਼ਕੀਰ ਦਾ ਇਸ ਸੰਸਾਰ ਤੋਂ ਤੁਰ ਜਾਣਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ । 20 – 09- -2024 ਰੂਹਾਨੀਅਤ ਨਾਲ ਸੰਗਤਾਂ ਨੂੰ ਜੋੜਨ ਵਾਲੇ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਅੱਜ ਇਸ ਫਾਨੀ ਸੰਸਾਰ ਤੋਂ ਪਰਦਾ ਕਰ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਜਰਤ ਬਾਬਾ ਸ਼ਾਹ ਕਮਾਲ ਜੀ, ਸਾਈਂ ਜੁੰਮੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਖੁਸ਼ੀ ਮੁਹੰਮਦ ਅਤੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਬੀਬੀ ਜੀ ਦੇ ਅੰਤਮ ਦਰਸ਼ਨਾਂ ਲਈ ਸੰਗਤ 21 ,22 ਸਤੰਬਰ ਨੂੰ ਦਰਬਾਰ ਕਰ ਸਕਦੀ ਹੈ ਜਦਕਿ ਉਨ੍ਹਾਂ ਦੀ ਅੰਤਮ ਯਾਤਰਾ 23 ਸਤੰਬਰ ਨੂੰ ਦੁਪਹਿਰ ਇੱਕ ਵਜੇ ਹੋਵੇਗੀ ਉਪਰੰਤ ਜਨਾਜੇ ਦੀ ਨਮਾਜ਼ ਅਤੇ ਕਫ਼ਨ ਦਫਨ ਦੀ ਰਸਮ ਅਦਾ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਦਰਬਾਰ ਅਤੇ ਬੀਬੀ ਸ਼ਰੀਫਾਂ ਜੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੈਰੋਕਾਰ ਹਨ ਅਤੇ ਅਚਾਨਕ ਉਨ੍ਹਾਂ ਦੇ ਪਰਦਾ ਕਰ ਜਾਣ ਤੇ ਸੰਗਤਾਂ ਵਿੱਚ ਸੋਗ ਦੀ ਲਹਿਰ ਹੈ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਸਜਦਾ ਕਰਨ ਲਈ ਦਰਬਾਰ ਪਹੁੰਚ ਰਹੀਆਂ ਹਨ। ਊਨ੍ਹਾਂ ਦੱਸਿਆ ਕਿ 23 ਸਤੰਬਰ ਨੂੰ ਕਲਾਕਾਰਾਂ ਦਾ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੋਵੇਗਾ।
https://play.google.com/store/apps/details?id=in.yourhost.samajweekly