ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸੂਬੇ ਅੰਦਰ ਸਵਾਇਨ ਫਲੂ ਦੇ ਆਏ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਆਮ ਲੋਕਾਂ ਨੂੰ ਸਵਾਈਨ ਫਲੂ ਸੰਬੰਧੀ ਜਾਗਰੂਕ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਐਡਵਾਇਜ਼ਰੀ ਜਾਰੀ ਕਰਦਿਆਂ ਡਾ ਪਵਨ ਕੁਮਾਰ ਸ਼ਗੋਤਰਾ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਲਕਿ ਸਾਵਧਾਨੀ ਵਰਤਣ ਦੀ ਲੋੜ ਹੈ। ਸਵਾਈਨ ਫਲੂ ਐਚ1ਐਨ1 ਵਾਇਰਸ ਰਾਹੀਂ ਫੈਲਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਤੇਜ਼ ਬੁਖਾਰ, ਖਾਂਸੀ, ਜੁਕਾਮ, ਸਿਰ ਦਰਦ, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਦਸਤ ਉਲਟੀ ਲੱਗਣਾ, ਛਾਤੀ ਵਿਚ ਤੇਜ਼ ਦਰਦ, ਬਲੱਡ ਪ੍ਰੈਸਰ ਘੱਟ ਹੋਣਾ, ਬਲਗਮ ਵਿੱਚ ਖੂਨ ਆਉਣਾ, ਨਹੁੰਆਂ ਦਾ ਨੀਲਾ ਹੋਣਾ ਆਦਿ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਵਿਅਕਤੀ ਨੂੰ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਦਾ ਜਲਦ ਇਲਾਜ ਹੋ ਸਕੇ। ਸਰਕਾਰੀ ਹਸਪਤਾਲ ਵਿਚ ਇਸ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਇਸ ਬਿਮਾਰੀ ਦੇ ਬਚਾਅ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਸਵਾਈਨ ਫਲੂ ਤੋੰ ਬਚਣ ਲਈ ਮਾਸਕ ਦੀ ਵਰਤੋ ਕੀਤੀ ਜਾਵੇ ਅਤੇ ਭੀੜ ਭੜੱਕੇ ਵਾਲੀਆਂ ਥਾਂਵਾਂ ‘ਤੇ ਜਾਣ ਤੋ ਪ੍ਰਹੇਜ਼ ਕੀਤਾ ਜਾਵੇ। ਖਾਂਸੀ ਕਰਦੇ ਅਤੇ ਛਿੱਕ ਮਾਰਦੇ ਸਮੇੰ ਆਪਣੇ ਮੂੰਹ ਤੇ ਕੱਪੜਾ ਰੱਖਣਾ ਚਾਹੀਦਾ ਹੈ, ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ, ਖਾਂਸੀ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਤੋ ਪੀੜਤ ਵਿਅਕਤੀ ਤੋ ਦੂਰੀ ਬਣਾ ਕਿ ਰੱਖੀ ਜਾਵੇ, ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਅਜਿਹੇ ਲੱਛਣ ਵਾਲੇ ਵਿਅਕਤੀ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਤੋ ਪ੍ਰਹੇਜ਼ ਕੀਤਾ ਜਾਵੇ।
ਕੁਝ ਹੋਰ ਸਾਵਧਾਨੀਆਂ ਬਾਰੇ ਜਿਕਰ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਚਿਹਰੇ ਦੇ ਕਿਸੇ ਵੀ ਹਿੱਸੇ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ, ਆਪਣੀ ਕੁਦਰਤੀ ਪ੍ਰਤੀਰੱਖਿਆ ਨੂੰ ਵਧਾਉਣ ਲਈ ਇਸ ਖਾਣੇ ਵਿਚ ਵਿਟਾਮਿਨ ਸੀ (ਅਮਲਾ ਅਤੇ ਹੋਰ ਨਿੰਬੂ ਫਲ) ਦਾ ਸੇਵਨ ਕਰਨਾ ਚਾਹੀਦਾ ਹੈ। ਜਿਨਾਂ ਹੋ ਸਕੇ ਤਰਲ ਪਦਾਰਥਾਂ ਦਾ ਸੇਵਨ ਕਰੋ। ਖੰਘਣ ਤੋਂ ਪਹਿਲਾਂ ਆਪਣੇ ਨੱਕ ਅਤੇ ਮੂੰਹ ਨੂੰ ਕੱਪੜੇ ਜਾਂ ਰੁਮਾਲ ਨਾਲ ਢਕੋ। ਆਪਣੇ ਹਥਾਂ ਨੂੰ ਸਾਬਣ ਪਾਣੀ ਨਾਲ ਚੰਗੀ ਤਰਾਂ ਸਾਫ ਕਰੋ। ਭੀੜ ਵਾਲੇ ਇਲਾਕੇ ਵਿਚ ਜਾਣ ਤੋਂ ਬੱਚੋ। ਜੇਕਰ ਫਲੂ ਤੋਂ ਪੀੜਿਤ ਹੋ ਤਾਂ ਘਰ ਵਿਚ ਹੀ ਆਰਾਮ ਕਰੋ ਤੇ ਚੰਗੀ ਨੀਂਦ ਲਓ। ਜਿਕਰਯੋਗ ਹੈ ਕਿ ਡਾਕਟਰੀ ਸਲਾਹ ਤੋ ਬਿਨਾਂ ਦਵਾਈ ਨਾ ਲਈ ਜਾਵੇ। ਅਜਿਹੀਆਂ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋ ਬਚਿਆ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly