ਕਿਸਾਨਾਂ ਦੇ ਹਮਦਰਦ ਭਾਜਪਾ ਦੀ ਨਵੀਂ ਕੌਮੀ ਕਾਰਜਕਾਰਨੀ ’ਚੋਂ ਬਾਹਰ

 

  • ਚੌਧਰੀ ਵੀਰੇਂਦਰ ਸਿੰਘ, ਮੇਨਕਾ ਗਾਂਧੀ,ਵਰੁਣ ਗਾਂਧੀ ਅਤੇ ਸੁਬਰਾਮਨੀਅਨ ਸਵਾਮੀ ਨੂੰ ਨਹੀਂ ਮਿਲੀ ਥਾਂ
  • ਪਾਰਟੀ ਨਾਲ ਮੱਤਭੇਦ ਰੱਖਣ ਵਾਲੇ ਆਗੂ ਵੀ ਕੀਤੇ ਬਾਹਰ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨੇ ਅੱਜ ਪਾਰਟੀ ਦੀ ਨਵੀਂ ਕੌਮੀ ਕਾਰਜਕਾਰਨੀ ਦਾ ਐਲਾਨ ਕੀਤਾ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਲਈ ਹਮਦਰਦੀ ਦਿਖਾਉਣ ਵਾਲੇ ਵਰੁਣ ਗਾਂਧੀ, ਚੌਧਰੀ ਵੀਰੇਂਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਥਾਂ ਨਵੇਂ ਨੇਤਾਵਾਂ ਨੂੰ ਨਵੀਂ ਕਾਰਜਕਾਰਨੀ ’ਚ ਥਾਂ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ, ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਸਮੇਤ 80 ਆਗੂਆਂ ਨੂੰ ਮੈਂਬਰ ਚੁਣਿਆ ਗਿਆ ਹੈ।

ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਪ੍ਰਹਿਲਾਦ ਪਟੇਲ, ਕਈ ਮੁੱਦਿਆਂ ’ਤੇ ਪਾਰਟੀ ਤੋਂ ਵੱਖਰਾ ਰੁਖ਼ ਰੱਖਣ ਵਾਲੇ ਸੁਬਰਾਮਨੀਅਨ ਸਵਾਮੀ, ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਪੁੱਤਰ ਤੇ ਸੰਸਦ ਮੈਂਬਰ ਦੁਸ਼ਯੰਤ ਸਿੰਘ, ਵਿਜੈ ਗੋਇਲ, ਵਿਨੈ ਕਟਿਆਰ ਤੇ ਐੱਸਐੱਸ ਆਹਲੂਵਾਲੀਆ ਨੂੰ ਵੀ ਨਵੀਂ ਕੌਮੀ ਕਾਰਜਕਾਰਨੀ ’ਚ ਥਾਂ ਨਹੀਂ ਮਿਲੀ ਹੈ। ਕਾਂਗਰਸ ਛੱਡ ਕੇ ਭਾਜਪਾ ’ਚ ਆਏ ਜਯੋਤਿਰਦਿੱਤਿਆ ਸਿੰਧੀਆ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ, ਦਿੱਲੀ ਦੇ ਸੰਸਦ ਮੈਂਬਰ ਰਮੇਸ਼ ਵਿਧੂੜੀ ਕਾਰਜਕਾਰਨੀ ’ਚ ਸ਼ਾਮਲ ਕੀਤੇ ਗਏ ਨਵੇਂ ਮੈਂਬਰ ਹਨ।

ਕੇਂਦਰੀ ਮੰਤਰੀ ਪਿਊਸ਼ ਗੋਇਲ, ਧਰਮੇਂਦਰ ਪ੍ਰਧਾਨ ਤੇ ਨਿਰਮਲਾ ਸੀਤਾਰਾਮਨ ਕਾਰਜਕਾਰਨੀ ’ਚ ਬਣੇ ਰਹਿਣਗੇ। ਵਰੁਣ ਗਾਂਧੀ, ਸਵਾਮੀ ਤੇ ਵੀਰੇਂਦਰ ਸਿੰਘ ਨੂੰ ਕਾਰਜਕਾਰਨੀ ਤੋਂ ਬਾਹਰ ਕੀਤੇ ਜਾਣ ਨੂੰ ਵੱਖ ਵੱਖ ਮੁੱਦਿਆਂ ’ਤੇ ਇਨ੍ਹਾਂ ਆਗੂਆਂ ਦੇ ਰੁਖ਼ ਤੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਨਾਰਾਜ਼ਗੀ ਵਜੋਂ ਦੇਖਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਵਰੁਣ ਗਾਂਧੀ ਤਿੰਨ ਕੇਂਦਰੀ ਖੇਤੀ ਕਾਨੂੰਨ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ’ਚ ਲਗਾਤਾਰ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਹਾਲ ਹੀ ’ਚ ਲਖੀਮਪੁਰ ਖੀਰੀ ਦੀ ਘਟਨਾ ਲਈ ਵੀ ਸਰਕਾਰ ਦੀ ਨਿੰਦਾ ਕੀਤੀ ਸੀ। ਮੇਨਕਾ ਗਾਂਧੀ ਤੇ ਵੀਰੇਂਦਰ ਸਿੰਘ ਵੀ ਕਿਸਾਨਾਂ ਲਈ ਹਮਦਰਦੀ ਜ਼ਾਹਿਰ ਕਰਦੇ ਰਹੇ ਹਨ। ਰਾਓ ਇੰਦਰਜੀਤ ਸਿੰਘ ’ਤੇ ਭਾਜਪਾ ਦੀ ਲੀਡਰਸ਼ਿਪ ਿਵਚਾਲੇ ਕੁਝ ਤਲਖੀ ਆਈ ਹੈ।

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਕਾਰਜਕਾਰਨੀ ’ਚ ਵਾਪਸੀ ਕੀਤੀ ਹੈ। ਕੇਂਦਰੀ ਮੰਤਰੀ ਮੰਡਲ ’ਚੋਂ ਬਾਹਰ ਕੀਤੇ ਗਏ ਹਰਸ਼ਵਰਧਨ, ਰਵੀਸ਼ੰਕਰ ਪ੍ਰਸਾਦ ਤੇ ਪ੍ਰਕਾਸ਼ ਜਾਵੜੇਕਰ ਕਾਰਜਕਾਰਨੀ ’ਚ ਆਪਣੀ ਥਾਂ ਬਚਾਉਣ ’ਚ ਕਾਮਯਾਬ ਰਹੇ ਹਨ। ਫਿਲਮ ਅਦਾਕਾਰ ਮਿਥੁਨ ਚਕਰਵਰਤੀ, ਸਾਬਕਾ ਕੇਂਦਰੀ ਮੰਤਰੀ ਦਿਨੇਸ਼ ਤ੍ਰਿਵੇਦੀ ਤੇ ਰਾਜ ਸਭਾ ਮੈਂਬਰ ਸਵਪਨ ਦਾਸਗੁਪਤਾ ਸਮੇਤ ਪੱਛਮੀ ਬੰਗਾਲ ਦੇ ਛੇ ਨੇਤਾਵਾਂ ਨੂੰ ਕਾਰਜਕਾਰਨੀ ’ਚ ਥਾਂ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਨੂੰ ਸਪੈਸ਼ਲ ਇਨਵਾਈਟੀ ਮੈਂਬਰ ਬਣਾਇਆ ਗਿਆ ਹੈ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਬਿਆਨ ਅਨੁਸਾਰ ਕਾਰਜਕਾਰਨੀ ’ਚ 50 ਸਪੈਸ਼ਲ ਇਨਵਾਈਟੀ ਮੈਂਬਰ ਤੇ 179 ਪੱਕੇ ਮੈਂਬਰ ਹੋਣਗੇ। ਕਈ ਕੇਂਦਰੀ ਮੰਤਰੀ ਸਪੈਸ਼ਲ ਇਨਵਾਈਟੀ ਮੈਂਬਰ ਹੋਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਬਾਲਾ: ਭਾਜਪਾ ਆਗੂ ਦੀ ਗੱਡੀ ਨੇ ਮਾਰੀ ਕਿਸਾਨ ਨੂੰ ਟੱਕਰ; ਇਕ ਜ਼ਖ਼ਮੀ
Next articleਹੱਤਿਆ ਕਰਕੇ ਅੰਦੋਲਨਕਾਰੀਆਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦੈ: ਵਰੁਣ