(ਸਮਾਜ ਵੀਕਲੀ)-ਕਾਫ਼ੀ ਸਾਲ ਪਹਿਲਾਂ ਦੀ ਗੱਲ ਹੈ। ਮੈਂ ਰੱਤੇਵਾਲ ਕਾਲਜ਼ ਵਿੱਚ ਲੈੱਕਚਰਾਰ ਦੀ ਨੌਕਰੀ ਕਰਦੀ ਸਾਂ। ਮੇਰੇ ਵਿਆਹ ਤੋਂ ਬਾਅਦ ਪੇਕਿਆਂ ਵਿੱਚ ਮੰਮੀ ‘ਕੱਲੇ ਹੀ ਰਹਿੰਦੇ ਸਨ ਤੇ ਉਹ ਬਿਮਾਰ ਵੀ ਸਨ। ਇਸ ਲਈ ਉਦੋਂ ਮੈਂ ਉਹਨਾਂ ਦੇ ਕੋਲ਼ ਹੀ ਰਹਿੰਦੀ ਸਾਂ।ਸ਼ਨੀਵਾਰ- ਐਤਵਾਰ ਨੂੰ ਜਾਂ ਹੋਰ ਛੁੱਟੀਆਂ ਵਿੱਚ ਸਹੁਰੀਂ ਆ ਜਾਂਦੀ ਸਾਂ।
ਮੇਰੀ ਧੀ ਸੀਰਤ ਬਹੁਤ ਛੋਟੀ ਜਿਹੀ ਸੀ ਉਦੋਂ। ਉਹਨੂੰ ਮੰਮੀ ਕੋਲ਼ ਛੱਡ ਕੇ ਮੈਂ ਕਾਲਜ਼ ਜਾਂਦੀ ਸਾਂ।
ਰੋਜ਼ ਸਵੇਰੇ ਕਾਲਜ਼ ਜਾਣ ਵੇਲ਼ੇ ਮੰਮੀ ਜੀ ਮੈਨੂੰ ਰੋਟੀ ਵਾਲ਼ਾ ਡੱਬਾ ਫੜਾਉਂਦੇ ਤੇ ਪਾਣੀ ਦੀ ਬੋਤਲ ਵੀ। ਕਿਉਂਕਿ ਮੈਂ ਸ਼ੁਰੂ ਤੋਂ ਹੀ ਖਾਣ-ਪੀਣ ਵਿੱਚ ਢਿੱਲੀ ਰਹੀ ਹਾਂ। ਮੰਮੀ ਨੂੰ ਫ਼ਿਕਰ ਹੁੰਦੀ ਕਿ ਕਿਤੇ ਮੈਂ ਰੋਟੀ ਵਾਲ਼ਾ ਡੱਬਾ ਨਾ ਛੱਡ ਜਾਵਾਂ। ਵੈਸੇ ਤਾਂ ਕਾਲਜ਼ ਵਿੱਚ ਕੰਟੀਨ ਸੀ ਪਰ ਮਾਵਾਂ ਦਾ ਦਿਲ ਐਹੋ ਜਿਹਾ ਹੀ ਹੁੰਦਾ ਹੈ।
ਇੱਕ ਦਿਨ ਜਦ ਮੈਂ ਕਾਲਜ਼ ਨੂੰ ਤੁਰੀ ਤਾਂ ਮੇਰੀ ਬੇਟੀ ਫਟਾਫਟ ਮੇਰੀ ਪਾਣੀ ਦੀ ਬੋਤਲ ਭਰ ਕੇ ਲੈ ਆਈ। ਮੈਨੂੰ ਉਸ ਤੇ ਬਹੁਤ ਪਿਆਰ ਆਇਆ ਕਿ ਇਸ ਨੰਨ੍ਹੀ ਜਿਹੀ ਧੀ ਨੂੰ ਮੇਰੀ ਕਿੰਨੀ ਫ਼ਿਕਰ ਹੈ। ਅਚਾਨਕ ਮੈਨੂੰ ਯਾਦ ਆਇਆ ਕਿ ਪਾਣੀ ਵਾਲ਼ਾ ਫਿਲਟਰ ਤਾਂ ਕਾਫ਼ੀ ਉੱਚਾ ਹੈ। ਇਹਦਾ ਹੱਥ ਤਾਂ ਪੁੱਜਣਾ ਨਹੀਂ ਉੱਥੇ। ਮੈਂ ਐਵੇਂ ਸਰਸਰੀ ਜਿਹੇ ਹੀ ਉਸ ਤੋਂ ਪੁੱਛ ਲਿਆ ਕਿ ਪਾਣੀ ਕਿੱਥੋਂ ਲਿਆਈਂ ਹੈ ਪੁੱਤ? ਕਿਤੇ ਬਾਥਰੂਮ ਵਿੱਚੋਂ ਤਾਂ ਨਹੀਂ ਭਰ ਲਿਆਈ! ਉਹਨੇ ਭੋਲੇ਼ਪਨ ਨਾਲ਼ ਕਿਹਾ ਕਿ ਹਾਂਜੀ ਮੈਂ ਟੱਬ ਚੋਂ ਭਰ ਕੇ ਲਿਆਈ ਹਾਂ। ਉਹਦੇ ਵਿੱਚ ਬਹੁਤ ਸਾਰਾ ਪਾਣੀ ਹੈ(ਓਹਨੇ ਦੋਵੇਂ ਹੱਥ ਫੈਲਾਅ ਕੇ ਕਿਹਾ) ਮੈਨੂੰ ਉਸ ਤੇ ਬਹੁਤ ਗੁੱਸਾ ਆਇਆ ਪਰ ਉਹਦੇ ਭੋਲੇਪਨ ਤੇ ਬਹੁਤ ਸਾਰਾ ਪਿਆਰ ਵੀ ਆਇਆ। ਮੰਮੀ ਕਹਿਣ ਲੱਗੇ ਕਿ ਸ਼ੁੱਕਰ ਹੈ ਤੂੰ ਪੁੱਛ ਲਿਆ ਕਿਤੇ ਕਾਹਲ਼ੀ ‘ਚ ਬਾਥਰੂਮ ਦਾ ਪਾਣੀ ਹੀ ਲੈ ਗਈ ਤੇ ਪੀਵੀ ਗਈ ਸਾਰਾ ਦਿਨ!
ਉਹਦੀ ਇਸ ਹਰਕਤ ਤੇ ਮੈਂ ਅਤੇ ਮੰਮੀ ਹੱਸ-ਹੱਸ ਦੂਹਰੇ ਹੋ ਗਏ। ਹੁਣ ਉਹ ਵੱਡੀ ਹੋ ਗਈ ਹੈ। ਹੁਣ ਵੀ ਅਸੀਂ ਉਸਨੂੰ ਇਹ ਗੱਲ ਯਾਦ ਕਰਵਾਉਂਦੇ ਹਾਂ ਤੇ ਖੂਬ ਹੱਸਦੇ ਹਾਂ।
ਮਨਜੀਤ ਕੌਰ ਲੁਧਿਆਣਵੀ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly