
ਨਵਾਂ ਸ਼ਹਿਰ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਲੇਖਕ ਸੁਰਜੀਤ ਮਜਾਰੀ ਦਾ ਗ਼ਜ਼ਲ ਸੰਗ੍ਰਹਿ ‘ਜਜ਼ਬਾਤ’ ਅੱਜ ਇੱਥੇ ਰਿਲੀਜ਼ ਕੀਤਾ ਗਿਆ। ਇਹ ਰਿਲੀਜ਼ ਰਸਮ ਗੁਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ। ਉਹਨਾਂ ਸੁਰਜੀਤ ਮਜਾਰੀ ਦੀ ਇਸ ਕਾਵਿ ਕਿਰਤ ਨੂੰ ਸਮਾਜਿਕ ਤਬਦੀਲੀ ਦਾ ਹੋਕਾ ਦੱਸਦਿਆਂ ਕਿਹਾ ਕਿ ਲੇਖਕ ਸੁਰਜੀਤ ਮਜਾਰੀ ਦੀਆਂ ਗ਼ਜ਼ਲਾਂ ਜਨ ਜੀਵਨ ਦੀ ਤਾਣੀ ਉਲਝਾਉਣ ਵਾਲੇ ਸਿਆਸੀ, ਪ੍ਰਸ਼ਾਸਨਿਕ ਅਤੇ ਅਖੌਤੀ ਬਾਬਿਆਂ ‘ਤੇ ਕਰਾਰੀ ਤੰਜ ਸਾਬਤ ਹੋਣਗੀਆਂ। ਪੁਸਤਕ ਦੇ ਲੇਖਕ ਸੁਰਜੀਤ ਮਜਾਰੀ ਨੇ ਦੱਸਿਆ ਕਿ ਸਮਾਜ ਦਾ ਚੁਫੇਰਾ ਚੁਣੌਤੀਆਂ ਅਤੇ ਊਣਤਾਈਆਂ ਨਾਲ ਭਰਿਆ ਪਿਆ ਹੈ ਅਤੇ ਇਸ ਗ਼ਜ਼ਲ ਸੰਗ੍ਰਹਿ ਦੇ ਸ਼ਿਅਰਾਂ ਰਾਹੀਂ ਲੋਕਾਂ ਨੂੰ ਸੰਘਰਸ਼ ਦਾ ਜਾਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਵੇਂ ਨਾਮਵਰ ਗ਼ਜ਼ਲਗੋ ਰਜਨੀ ਸ਼ਰਮਾ ਅਤੇ ਕੁਲਵਿੰਦਰ ਕੁੱਲਾ ਨੇ ਇਸ ਪੁਸਤਕ ਨੂੰ ‘ਜੀ ਆਇਆਂ’ ਆਖਿਆ ਅਤੇ ਪਾਠਕਾਂ ਨੂੰ ਇਸ ਦੀ ਸੁਹਿਰਦਤਾ ਦੇ ਪ੍ਰਚਾਰ ਪ੍ਰਸਾਰ ਦੀ ਅਪੀਲ ਕੀਤੀ। ਲੇਖਕ ਸੁਰਜੀਤ ਮਜਾਰੀ ਜੋਂ ਸਾਹਿਤ ਸੇਵਾਵਾਂ ਲਈ ਸੂਬਾਈ ਪਛਾਣ ਬਣਾਉਣ ਵਾਲੀ ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਵੀ ਹਨ ਨੇ ਐਲਾਨ ਕੀਤਾ ਕਿ ਇਸ ਪੁਸਤਕ ਨੂੰ ਸੰਸਥਾ ਦੀਆਂ ਸਾਲ ਭਰ ਚੱਲਣ ਵਾਲੀਆਂ ਸਰਗਰਮੀਆਂ ਵਿਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ, ਸਹਿਯੋਗੀਆਂ ਅਤੇ ਪ੍ਰਤੀਯੋਗੀਆਂ ਦੇ ਸਨਮਾਨ ਦਾ ਵੀ ਹਿੱਸਾ ਬਣਾਇਆ ਜਾਵੇਗਾ। ਇਸ ਮੌਕੇ ਸ਼ਾਇਰ ਅਤੇ ਗਾਇਕਾ ਨੀਰੂ ਜੱਸਲ ਅਤੇ ਪੰਜਾਬੀ ਲੈਕਚਰਾਰ ਰਾਜ ਰਾਣੀ ਵੱਲੋਂ ਵੀ ਇਸ ਪੁਸਤਕ ਦਾ ਸਾਹਿਤਕ ਵਿਹੜੇ ਵਿੱਚ ਭਰਵਾਂ ਸਵਾਗਤ ਕਰਦੇ ਵਿਚਾਰ ਸਾਂਝੇ ਕੀਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj