ਸੂਰਤ ਬਨਾਮ ਸੀਰਤ

ਪਰਮਜੀਤ ਕੌਰ

(ਸਮਾਜ ਵੀਕਲੀ)

ਅਮਨ ਜਿਹੜੀ ਕਿ ਸੂਰਤ ਪੱਖੋ ਬਹੁਤੀ ਸੋਹਣੀ ਨਹੀਂ ਸੀ ਪਰ ਇੱਕ ਵਧੀਆਂ ਅਹੁਦੇ ਤੇ ਤਾਇਨਾਤ ਸੀ , ਅੱਜ ਆਪਣੀ ਡਿਊਟੀ ਤੇ ਬੈਠੀ ਸੀ । ਅਚਾਨਕ ਕਿਸੇ ਮੁਟਿਆਰ ਨੇ ਅੰਦਰ ਆਉਣ ਲਈ ਪੁੱਛਿਆਂ ਤੇ ਅਮਨ ਨੇ ਆਗਿਆ ਦਿੱਤੀ । ਅੰਦਰ ਆਉਂਦੇ ਹੀ ਉਹ ਮੁਟਿਆਰ ਬੋਲੀ , ” ਭੈਣ ਜੀ ! ਵਿਧਵਾ ਪੈਨਸ਼ਨ ਲਗਵਾਉਣੀ ..ਕੋਈ ਹੀਲਾ ਕਰੋ…ਬਹੁਤ ਔਖਾ ਮੇਰਾ ।” ਅਮਨ ਇੱਕ ਦਮ ਸੁੰਨ ਹੋ ਗਈ ਕਿਉੰਕਿ ਇਹ ਅਵਾਜ ਤਾਂ ਉਸਦੀ ਬਚਪਨ ਦੀ ਸਹੇਲੀ ਲਾਲੀ ਦੀ ਸੀ ਤੇ ਜਦੋਂ ਉਸਨੇ ਧਿਆਨ ਨਾਲ ਵੇਖਿਆ ਸੱਚੀ ਹੀ ਲਾਲੀ ਸੀ ਉਹ ਲਾਲੀ ਜਿਹੜੀ ਸਾਰੇ ਪਿੰਡ ਦੀਆਂ ਕੁੜੀਆਂ ਤੋ ਸੁਨੱਖੀ ਸੀ ।

ਉਸਨੂੰ ਦੇਖਦੇ ਹੀ ਅਮਨ ਦੀਆਂ ਅੱਖਾਂ ਸਾਹਮਣੇ ਅਤੀਤ ਘੁੰਮਣ ਲੱਗ ਜਾਂਦਾ ਹੈ ਕਿ ਕਿਵੇਂ ਉਹ ਬਚਪਨ ਤੋਂ ਕਾਲਜ਼ ਦੀ ਪੜਾਈ ਤੱਕ ਇਕੱਠੀਆਂ ਰਹੀਆਂ ਪਰ ਲਾਲੀ ਨੂੰ ਆਪਣੀ ਖੂਬਸੂਰਤੀ ਦਾ ਬਹੁਤ ਮਾਣ ਸੀ ਇਸ ਲਈ ਅਕਸਰ ਹੀ ਉਹ ਅਮਨ ਦਾ ਮਜ਼ਾਕ ਬਣਾ ਦਿੰਦੀ ਤੇ ਉਸਨੂੰ ਅਕਸਰ ਕਹਿੰਦੀ ,”ਅਮਨ ! ਹੈ ਤਾਂ ਤੂੰ ਮੇਰੀ ਸਹੇਲੀ ..ਪਰ ਜਦੋਂ ਮੇਰੇ ਨਾਲ ਹੁੰਦੀ ਤਾਂ ਮੈਨੂੰ ਨਜ਼ਰ ਬੱਟੂ ਲੱਗਦੀ । ਅਮਨ ਸਬਰ ਦਾ ਘੁੱਟ ਭਰ ਲੈਂਦੀ । ਅਮਨ ਆਰਥਿਕ ਪੱਖ ਤੋ ਵੀ ਕਮਜ਼ੋਰ ਸੀ ਇਸ ਲਈ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ ਨੌਕਰੀ ਕਰਨ ਦੀ ਸੋਚੀ ਪਰ ਬਦਕਿਸਮਤੀ ਨਾਲ ਕਿਸੇ ਪਾਸੇ ਨੌਕਰੀ ਨਾ ਮਿਲੀ ।

ਫਿਰ ਇੱਕ ਦਿਨ ਕਿਸੇ ਅਖ਼ਬਾਰ ਵਿੱਚ ਇਸ਼ਤਿਹਾਰ ਵੇਖਿਆ ਕਿ ਸ਼ਹਿਰ ਵਿੱਚ ਕਿਸੇ ਸੰਸਥਾ ਨੂੰ ਰੀਸੈਪਸ਼ਨ ਲਈ ਇੱਕ ਲੜਕੀ ਦੀ ਜਰੂਰਤ ਤੇ ਅਮਨ ਸਾਰੀ ਯੋਗਤਾ ਪੂਰੀ ਕਰਦੀ ਸੀ । ਇਸ ਲਈ ਉਸ ਨੇ ਅਪਲਾਈ ਕੀਤਾ ਤੇ ਫਿਰ ਇੰਟਰਵਿਊ ਲਈ ਬੁਲਾਵਾ ਆਉਣ ਤੇ ਜਾਣ ਦੀ ਤਿਆਰੀ ਕਰ ਰਹੀ ਸੀ ਤੇ ਲਾਲੀ ਵੀ ਉਸ ਨਾਲ ਜਾਣ ਲਈ ਤਿਆਰ ਹੋ ਗਈ। ਅਮਨ ਨੇ ਇੰਟਰਵਿਊ ਵਿੱਚ ਪੁੱਛੇ ਸਾਰੇ ਸਵਾਲਾਂ ਦੇ ਜਵਾਬ ਸਹੀ ਦੇ ਦਿੱਤੇ । ਇੰਟਰਵਿਊ ਵਾਲੇ ਅਧਿਕਾਰੀ ਨੇ ਅਮਨ ਨੂੰ ਪੁੱਛਿਆਂ ਕਿ ਤੁਹਾਡੇ ਨਾਲ ਜਿਹੜੀ ਲੜਕੀ ਆਈ ਉਹ ਇੰਟਰਵਿਊ ਕਿਉੰ ਨਹੀਂ ਦੇ ਰਹੀ ? ਤਾਂ ਅਮਨ ਨੇ ਕਿਹਾ ਕਿ ਉਹ ਤਾਂ ਸਿਰਫ ਉਸਦੇ ਨਾਲ ਆਈ ਤਾਂ ਅਧਿਕਾਰੀ ਨੇ ਅਮਨ ਨੂੰ ਕਿਹਾ, ,” ਭਾਵੇਂ ਤੁਸੀ ਚੰਗੇ ਅੰਕ ਪ੍ਰਾਪਤ ਕੀਤੇ ਹੋਏ ਤੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਠੀਕ ਦਿੱਤੇ..

ਪਰ ! ਤੁਹਾਡੀ ਪਰਸਨੈਲਿਟੀ ਨਹੀਂ ਤੇ ਤੁਹਾਡੇ ਨਾਲ ਵਾਲੀ ਕੁੜੀ ਤੁਹਾਡੇ ਤੋ ਜਿਆਦਾ ਜੱਚਦੀ ਹੈ ਇਸ ਲਈ ਅਸੀਂ ਇਹ ਨੌਕਰੀ ਉਸ ਨੂੰ ਦੇਣਾ ਪਸੰਦ ਕਰਾਂਗੇ ।” ਲਾਲੀ ਦੀ ਖੁਸੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਹ ਅਮਨ ਨੂੰ ਕਹਿਣ ਲੱਗੀ , ” ਵੇਖ ਮੇਰੀ ਕਿਸਮਤ ! ਮੈਂ ਕੋਈ ਸਰਟੀਫਿਕੇਟ ਵੀ ਨਹੀਂ ਸੀ ਲਿਆਈ..ਪਰ ਤਾਂ ਵੀ ਇਹਨਾਂ ਨੇ ਮੈਨੂੰ ਚੁਣਿਆ ..ਹੁਣ ਤਾਂ ਮੈਨੂੰ ਡਰ ਲੱਗਦਾ ਕਿਧਰੇ ਤੈਨੂੰ ਵੇਖਣ ਆਇਆ ਮੁੰਡਾ ਮੈਨੂੰ ਹੀ ਪਸੰਦ ਨਾ ਕਰ ਲਵੇ ।”

ਅਮਨ ਦਾ ਦਿਲ ਟੁੱਟ ਗਿਆ ਉਹ ਘਰ ਆ ਕੇ ਮਾਂ ਕੋਲ ਰੋਣ ਲੱਗੀ ਤੇ ਕਹਿਣ ਲੱਗੀ ” ਵੇਖ ਮਾਂ ! ਸਾਡਾ ਸਮਾਜ ਇੱਥੇ ਸੀਰਤ ਦੀ ਨਹੀਂ ਸੂਰਤ ਦੀ ਕਦਰ ਕਰਦਾ ਹੈ … ਅੱਜ ਬਾਜ਼ਾਰ ਵਿੱਚ ਹਰ ਕੋਈ ਔਰਤ ਨੂੰ ਵਸਤੂ ਦੇ ਤੌਰ ਤੇ ਪੇਸ਼ ਕਰਦਾ ..ਹਰ ਕੋਈ ਚਾਹੁੰਦਾ ਕਿ ਉਹਨਾਂ ਦੇ ਕਾਉੰਟਰ ਤੇ ਇੱਕ ਸੋਹਣੀ ਮੁਟਿਆਰ ਬੈਠੀ ਹੋਵੇ ..ਹਰ ਪਾਸੇ ਸੋਹਣੀ ਸੂਰਤ ਦੀਆਂ ਹੀ ਮੰਗਾਂ ਨੇ ਤੇ ਮੇਰੇ ਵਰਗੀਆਂ ਬਦਸੂਰਤ ਜਿਹਨਾਂ ਕੋਲ ਸੀਰਤ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ …ਪਰ ਮੈਂ ਮਿਹਨਤ ਕਰਾਂਗੀ ਤੇ ਇੱਕ ਦਿਨ ਜਰੂਰ ਕਿਸੇ ਕੰਮ ਤੇ ਲੱਗਣਾ ।” ਲਾਲੀ ਸੋਹਣੀ ਹੋਣ ਕਾਰਨ ਉਸਨੂੰ ਕਿਸੇ ਅਮੀਰ ਘਰ ਦੇ ਮੁੰਡੇ ਨੇ ਪਸੰਦ ਕਰ ਲਿਆ ਤੇ ਉਸਦਾ ਵਿਆਹ ਹੋ ਗਿਆ ਤੇ ਅਮਨ ਮੇਹਨਤ ਕਰਕੇ ਇੱਕ ਵਧੀਆ ਅਹੁਦੇ ਤੇ ਆ ਗਈ । ਪਰ ਅੱਜ ਲਾਲੀ ਦਾ ਇਹ ਹਾਲ !

ਅਮਨ ਨੇ ਲਾਲੀ ਨੂੰ ਪੁੱਛਿਆ ਕਿ ਅਜਿਹਾ ਕੀ ਹੋ ਗਿਆ ਜਿਸ ਕਰਕੇ ਉਸਦਾ ਇਹ ਹਾਲ ਹੋ ਗਿਆ ਤਾਂ ਲਾਲੀ ਨੇ ਦੱਸਿਆ ਕਿ ਭਾਵੇਂ ਉਹ ਅਮੀਰ ਘਰ ਵਿਆਹੀ ਸੀ ਪਰ ਪਤੀ ਨਸ਼ੇੜੀ ਨਿਕਲਿਆਂ ਤੇ ਸਭ ਕੁਝ ਵੇਚ ਦਿੱਤਾ ਤੇ ਹੁਣ ਰੱਬ ਨੂੰ ਪਿਆਰਾ ਹੋ ਗਿਆ ਤੇ ਹੁਣ ਲਾਲੀ ਕੋਲ ਨਾ ਕੋਈ ਰੋਟੀ ਦਾ ਸਾਧਨ ਸੀ ਤੇ ਨਾ ਹੀ ਪਹਿਲਾ ਵਾਲੀ ਖੂਬਸੂਰਤੀ ਕਿਉੰਕਿ ਵਧਦੀ ਉਮਰ ਉਸਦੀ ਸੋਹਣੀ ਸੂਰਤ ਨੂੰ ਸੰਭਾਲ ਨਾ ਸਕੀ । ਅਮਨ ਨੇ ਇਹ ਸਭ ਸੁਣ ਕੇ ਠੰਡਾ ਹੋਂਕਾ ਭਰਿਆ ਤੇ ਲਾਲੀ ਦੀ ਫਾਈਲ ਤੇ ਕਾਰਵਾਈ ਕਰਨ ਲੱਗ ਗਈ । ਇੰਨੇ ਨੂੰ ਇੱਕ ਬਹੁਤ ਹੀ ਸੋਹਣਾ ਸੁਨੱਖਾ ਆਦਮੀ ਅਮਨ ਦੇ ਕਮਰੇ ਅੰਦਰ ਆਇਆ ਤੇ ਅਮਨ ਨੇ ਲਾਲੀ ਨੂੰ ਦੱਸਿਆ ਕਿ ਇਹ ਉਸਦਾ ਪਤੀ ਹੈ ਜਿਹੜਾ ਕਿ ਆਪਣੀ ਡਿਊਟੀ ਤੋਂ ਬਾਅਦ ਅਮਨ ਨੂੰ ਲੈਣ ਆਇਆ ਸੀ ।

ਲਾਲੀ ਜਿਹੜੀ ਹਮੇਸ਼ਾ ਆਪਣੀ ਸੋਹਣੀ ਸੂਰਤ ਦੇ ਨਸ਼ੇ ਵਿੱਚ ਰਹਿੰਦੀ ਸੀ ਆਪ ਮਤੀ ਸੋਚਣ ਲੱਗੀ ,” ਇਹ ਉਹ ਅਮਨ ਹੈ ਮੈਂ ਜਿਸਦਾ ਹਮੇਸ਼ਾ ਹੀ ਉਸਦੀ ਬਦਸੂਰਤੀ ਕਰਕੇ ਮਜ਼ਾਕ ਉਡਾਇਆ .. ਭਾਵੇਂ ਇਸ ਕੋਲ ਸੋਹਣੀ ਸੂਰਤ ਨਹੀਂ ਸੀ ਪਰ ਇਸਦੀ ਸੀਰਤ ਸੋਹਣੀ ਸੀ ਤੇ ਇਸ ਸੀਰਤ ਕਰਕੇ ਹੀ ਅੱਜ ਇਸ ਕੋਲ ਉਹ ਸਭ ਕੁਝ ਜਿਹੜਾ ਮੈਨੂੰ ਆਪਣੀ ਸੋਹਣੀ ਸੂਰਤ ਕਰਕੇ ਕਦੇ ਨੀ ਮਿਲਿਆ .. ਸੋਹਣੀ ਨੌਕਰੀ ..ਸੋਹਣਾ ਪਤੀ ਤੇ ਸੋਹਣੀ ਜਿੰਦਗੀ..ਸੱਚਮੁੱਚ ਹੀ ਮੁੱਲ ਹਮੇਸ਼ਾ ਸੋਹਣੀ ਸੀਰਤ ਦਾ ਹੀ ਪੈਂਦਾ ।” ਲਾਲੀ ਨੇ ਅੱਖਾਂ ਵਿੱਚ ਹੰਝੂ ਭਰੇ ਤੇ ਫਾਈਲ ਦੇ ਕੇ ਕਾਹਲੀ ਨਾਲ ਕਮਰੇ ਵਿੱਚੋ ਬਾਹਰ ਆ ਗਈ ।

ਪਰਮਜੀਤ ਕੌਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 245ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਵਿੱਚ ਕੀਤੀ ਸ਼ਮੂਲੀਅਤ
Next articleਅਸੀਸ ਦਾ ਬਦਲਦਾ ਰੂਪ