ਅਸੀਸ ਦਾ ਬਦਲਦਾ ਰੂਪ

ਪਰਮਜੀਤ ਕੌਰ

(ਸਮਾਜ ਵੀਕਲੀ)

ਬਦਲਾਅ ਕੁਦਰਤ ਦਾ ਨਿਯਮ ਹੈ । ਸਮੇਂ ਦੇ ਨਾਲ ਹਰ ਚੀਜ ਬਦਲਦੀ ਹੈ । ਦਿਨੋਂ ਦਿਨ ਤਰੱਕੀਆਂ ਹੁੰਦੀਆ ਨੇ । ਇਹ ਸਾਰੇ ਬਦਲਾਅ ਸਾਡੀ ਜਿੰਦਗੀ ਨੂੰ ਬੁਹਤ ਪ੍ਰਭਾਵਿਤ ਕਰਦੇ ਨੇ । ਕੁਝ ਬਦਲਾਅ ਸਾਡੀ ਜ਼ਿੰਦਗੀ ਤੇ ਚੰਗਾ ਪ੍ਰਭਾਵ ਪਾਉਂਦੇ ਨੇ ਤੇ ਕੁਝ ਨੇ ਤਾਂ ਸਾਡੇ ਸਮਾਜਿਕ ਜੀਵਨ ਦਾ ਤਾਣਾ – ਬਾਣਾ ਹੀ ਉਲਝਾ ਦਿੱਤਾ ਹੈ । ਇੱਥੇ ਮੈਂ ਗੱਲ ਕਰ ਰਹੀ ਹਾਂ ਅਸੀਸਾਂ ਦੀ । ਸਾਡੇ ਬਦਲਦੇ ਹੋਏ ਸਮੇਂ ਨੇ ਅਸੀਸਾਂ ਦਾ ਵੀ ਰੂਪ ਬਦਲ ਦਿੱਤਾ ਹੈ । ਅਸੀਸ ਤੋ ਭਾਵ ਹੁੰਦਾ ਹੈ ,ਕਿਸੇ ਲਈ ਦਿਲ ਦੀ ਗਹਿਰਾਈ ਤੋਂ ਦੁਆ ਦੇਣੀ ।

ਅੱਜ ਅਸੀਂ ਸੋਸ਼ਲ ਮੀਡੀਆ ਤੇ ਹੀ ਹਰ ਤਰਾ ਦੀ ਵਧਾਈ ਭੇਜਦੇ ਹੈ । ਸਾਡਾ ਤਰੀਕਾ ਆਧੁਨਿਕ ਹੋ ਗਿਆ ਹੈ । ਅੱਜ ਜਦੋਂ ਅਸੀਂ ਕਿਸੇ ਨੂੰ ਕੋਈ ਅਸੀਸ ਜਾ ਵਧਾਈ ਦੇਣੀ ਹੋਵੇ ਤਾਂ ਇੰਟਰਨੈੱਟ ਤੋਂ ਚਾਰ ਪੰਜ ਅੰਗਰੇਜ਼ੀ ਵਿੱਚ ਲਾਈਨਾਂ ਕਾਪੀ ਕਰਕੇ ਅਗਲੇ ਨੂੰ ਭੇਜ ਦਿੱਤੀਆਂ ਜਾਂਦੀਆਂ। ਕਈ ਵਿਚਾਰਿਆ ਨੂੰ ਤਾਂ ਇਹਨਾਂ ਲਾਈਨਾਂ ਦੇ ਅਰਥ ਵੀ ਨਹੀਂ ਪਤਾ ਹੁੰਦੇ । ਜਾਂ ਬਸ GBU ਲਿਖ ਦਿੱਤਾ ਜਾਂਦਾ । ਮੈਨੂੰ ਤਾਂ ਕਿੰਨਾ ਟਾਈਮ GBU ਦਾ ਅਰਥ ਹੀ ਨੀ ਸੀ ਪਤਾ ਲੱਗਿਆ ।

ਕਾਫੀ ਸਮੇਂ ਬਾਅਦ ਜਾ ਕੇ ਪਤਾ ਲੱਗਿਆ ਵੀ ਇਹ ਸਿੱਧਾ ਰੱਬ ਨੂੰ ਹੀ ਕਹਿ ਦਿੱਤਾ ਜਾਂਦਾ ਵੀ ਰੱਬਾ ਤੂੰ ਸਿੱਧਾ ਹੀ ਇਸਦਾ ਭਲਾ ਕਰਦੇ ਸਾਡੇ ਕੋਲ ਕੋਈ ਅਸੀਸ ਨੀ ਦੇਣ ਲਈ । ਅੱਜ ਕੌਣ ਕਿਸੇ ਨੂੰ ਜਨਮ ਦਿਵਸ ਤੇ ਕਹਿੰਦਾ ,” ਜੁੱਗ ਜੁੱਗ ਜੀਉ ! ਲੰਮੀਆਂ ਉਮਰਾ ਮਾਣੋ । ” ਕੌਣ ਵਰੇਗੰਢ ਤੇ ਕਹਿੰਦਾ ,” ਬੁੱਢ ਸੁਹਾਗਣ ਹੋਵੇ !” ਕੌਣ ਲੋਹੜੀ ਦੇ ਗੀਤਾਂ ਵਿੱਚ ਕਹਿੰਦਾ ? “ਦੇ ਮਾਈ ਲੋਹੜੀ ,ਤੇਰਾ ਮੁੰਡਾ ਚੜ੍ਹਿਆ ਘੋੜੀ ” ..ਕੌਣ ਕਹਿੰਦਾ ? ” ਤੂੰ ਵੇਲ ਦੀ ਤਰ੍ਹਾਂ ਵਧੇ। ”

ਇਹ ਸਾਰੀਆਂ ਅਸੀਸਾਂ ਹੋਲੀ ਹੋਲੀ ਅਲੋਪ ਹੁੰਦੀਆਂ ਜਾਂਦੀਆਂ ਕਿਉੰਕਿ ਅਸੀ ਆਧੁਨਿਕਤਾ ਦੇ ਨਾਮ ਤੇ ਛੋਟੇ ਛੋਟੇ ਅੰਗਰੇਜ਼ੀ ਦੇ ਸਬਦਾਂ ਨੂੰ ਵਰਤਣ ਲੱਗ ਗਏ ਹਾਂ । ਮਾਂ ਬੋਲੀ ਦੇ ਇਹ ਸਬਦ ਰੂਹ ਤੋਂ ਨਿਕਲੇ ਸ਼ਬਦ ਹੁੰਦੇ ਸੀ । ਤੇ ਜਦੋਂ ਰੂਹ ਤੋ ਨਿਕਲੇ ਸ਼ਬਦਾਂ ਨਾਲ ਕਿਸੇ ਨੂੰ ਵਧਾਈ ਜਾਂ ਅਸੀਸ ਦਿੱਤੀ ਜਾਂਦੀ ਹੈ ਤਾਂ ਸੱਚਮੁੱਚ ਸੁਣਨ ਵਾਲਾ ਵੀ ਬਾਗੋ ਬਾਗ਼ ਹੋ ਜਾਂਦਾ ਤੇ ਕਹਿਣ ਵਾਲੇ ਦਾ ਵੀ ਆਪਾ ਪਾਕ ਹੋ ਜਾਂਦਾ । ਅੱਜ ਵੀ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਮਿਲਦੇ ਹਾਂ ਤਾਂ ਉਹਨਾਂ ਦੇ ਅੰਦਰੋ ਸਾਡੇ ਲਈ ਅਸੀਸਾਂ ਹੀ ਨਿਕਲਦੀਆਂ ਤੇ ਇਹ ਸਬਦ ਸਾਨੂੰ ਮਿਸ਼ਰੀ ਤੋ ਵੀ ਮਿੱਠੇ ਜਾਪਦੇ ਕਿਉੰਕਿ ਇਹਨਾਂ ਸ਼ਬਦਾਂ ਦਾ ਉਚਾਰਨ ਸਾਡੀ ਮਾਂ ਬੋਲੀ ਵਿੱਚ ਹੁੰਦਾ ।

ਸੋ ਜੇਕਰ ਅਸੀਂ ਪ੍ਰਚਲਿਤ ਅਪਣੱਤ ਵਾਲੇ ਸ਼ਬਦਾਂ ਨੂੰ ਜਿਉਂਦੇ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਹਨਾਂ ਨੂੰ ਵਰਤਣ ਤੋਂ ਗ਼ੁਰੇਜ਼ ਨਹੀਂ ਕਰਨਾ ਚਾਹੀਦਾ । ਜਰੂਰੀ ਨਹੀਂ ਕਿ ਅਸੀਂ ਅਗਰੇਜ਼ੀ ਦੇ ਚਾਰ ਸ਼ਬਦ ਵਰਤ ਕੇ ਹੀ ਪੜ੍ਹੇ ਲਿਖੇ ਵਿਖਾਈ ਦੇਵਾਗਾ । ਸੋ ਕੋਸਿਸ ਕਰੀਏ ਜਦੋਂ ਵੀ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਦਿਲ ਦੀਆ ਗਹਿਰਾਈਂ ਆਂ ਤੋ ਆਪਣੀ ਮਾ ਬੋਲੀ ਵਿੱਚ ਹੀ ਦੇਈਏ ।

ਪਰਮਜੀਤ ਕੌਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਰਤ ਬਨਾਮ ਸੀਰਤ
Next articleਮੋਗਾ ਬਰਨਾਲਾ ਰੋਡ ਤੇ ਸਥਿਤ ਕਸਬਾ ਬਿਲਾਸਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ