(ਸਮਾਜ ਵੀਕਲੀ) ਸਾਨੂੰ ਇਹ ਘਟਨਾਵਾਂ/ਖਬਰਾਂ ਅਖ਼ਬਾਰਾਂ ਵਿੱਚ ਆਮ ਪੜ੍ਹਨ ਨੂੰ ਮਿਲਦੀਆਂ ਹਨ ਕਿ ਫਲਾਣਾ ਪਰਿਵਾਰ ਕੋਈ ਸੁੱਖ ਲਾਹੁਣ ਜਾਂ ਸ਼ਰਧਾ ਵੱਸ ਧਾਰਮਿਕ ਸਥਾਨਾਂ ‘ਤੇ ਜਾ ਰਹੇ ਸ਼ਰਧਾਲੂਆਂ ਦੀ ਦੁਰਘਟਨਾਵਾਂ ਵਿੱਚ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਇੱਕ ਬੜੀ ਦੁਖਦਾਈ ਪਰ ਦਿਲਚਸਪ ਖ਼ਬਰ ਪਿਛਲੇ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੈ। ਇਸ ਖ਼ਬਰ ਅਨੁਸਾਰ ਮੱਧ ਪ੍ਰਦੇਸ਼ ਦੇ ਜਬਲਪੁਰ ਜਿਲ੍ਹੇ ਵਿੱਚ ਇੱਕ ਪਰਿਵਾਰ ਵੱਡੀ ਕਾਰ ਵਿੱਚ ਸਵਾਰ ਹੋ ਕੇ ਬੱਕਰੇ ਦੀ ਬਲੀ ਦੇਣ ਲਈ ਕਿਸੇ ਧਾਰਮਿਕ ਸਥਾਨ ‘ਤੇ ਜਾ ਰਿਹਾ ਸੀ। ਕਾਰ ਤੇਜ ਰਫਤਾਰ ਹੋਣ ਕਾਰਨ ਇਕ ਨਦੀ ਉੱਤੋਂ ਲੰਘਣ ਸਮੇਂ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਨਾਲ ਟਕਰਾ ਗਈ ਅਤੇ ਰੇਲਿੰਗ ਤੋੜ ਕੇ ਨਦੀ ਵਿੱਚ ਜਾ ਡਿੱਗੀ। ਇਸ ਨਾਲ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪਰ ਬਲੀ ਲਈ ਲਿਜਾਇਆ ਜਾ ਰਿਹਾ ਬੱਕਰਾ ਬਚ ਗਿਆ। ਇਸੇ ਤਰ੍ਹਾਂ ਮੁਕਤਸਰ ਤੋਂ ਸਾਲਾਸਰ ਧਾਮ ਵਿਖੇ ‘ਡਾਕ ਧਵੱਜ’ (ਝੰਡਾ) ਲੈ ਕੇ ਪੈਦਲ ਜਾ ਰਹੇ ਦੋ ਸ਼ਰਧਾਲੂ ਇਕ ਕਾਰ ਹੇਠ ਆ ਕੇ ਮੌਤ ਦਾ ਸ਼ਿਕਾਰ ਹੋ ਗਏ। ਖ਼ਬਰ ਅਨੁਸਾਰ ਇਹ ਸ਼ਰਧਾਲੂ ਸੁਭ੍ਹਾ ਚਾਰ ਵਜੇ ਧਨਾਸਰ ਅਤੇ ਰਾਵਤਸਰ ਵਿਚਕਾਰ ਸੜਕ ਉੱਤੇ ‘ਧਵੱਜ’ ਦੀ ਅਦਲਾ ਬਦਲੀ ਕਰ ਰਹੇ ਸਨ ਜਦ ਇਹ ਹਾਦਸਾ ਵਾਪਰਿਆ। ਮੁਕਤਸਰ ਸਾਹਿਬ ਦੇ ਵਸਨੀਕ ਇਹਨਾਂ ਦੋਹਾਂ ਸ਼ਰਧਾਲੂਆਂ ਕਪਲ ਅਰੋੜਾ ਅਤੇ ਅਸ਼ੋਕ ਕੁਮਾਰ ਵਿੱਚੋਂ ਅਸ਼ੋਕ ਕੁਮਾਰ ਸਰਕਾਰੀ ਅਧਿਆਪਕ ਸੀ। ਇਹ ਖ਼ਬਰ ਵੀ ਬੜੀ ਦੁਖਦਾਈ ਸੀ ਕਿ ਇੱਕ ਪਰਿਵਾਰ ਦੀ ਇੱਕ ਔਰਤ ਕਿਸੇ ਅਖੌਤੀ ਸਿਆਣੇ ਦੇ ਕਹੇ ਅਨੁਸਾਰ ਨਾਭਾ ਸ਼ਹਿਰ ਨੇੜੇ ਭਾਖੜਾ ਦੇ ਪਾਣੀ ਦੇ ਕਿਨਾਰੇ ਬੱਚਾ ਗੋਦ ਲੈ ਕੇ ਨਾਰੀਅਲ ਪਾਣੀ ਵਿੱਚ ਤਾਰਨ ਗਈ ਤਾਂ ਉਹ ਬੱਚੇ ਸਮੇਤ ਭਾਖੜਾ ਵਿੱਚ ਰੁੜ ਗਈ । ਇਹ ਸਾਰੀਆਂ ਸੋਚਣ ਵਾਲੀਆਂ ਘਟਨਾਵਾਂ ਹਨ। ਅਜਿਹੀਆਂ ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਲੋਕਾਂ ਨਾਲ ਵਾਪਰਦੀਆਂ ਹਨ।ਲੋਕਾਂ ਦਾ ਨਜ਼ਰੀਆ ਵਿਗਿਆਨਕ ਨਾ ਹੋਣ ਕਾਰਨ ਉਹ ਅਜਿਹਾ ਕਰਦੇ ਹਨ ।ਇਸ ਤਰ੍ਹਾਂ ਉਹ ਆਰਥਿਕ ਨੁਕਸਾਨ ਤਾਂ ਕਰਵਾਉਂਦੇ ਹੀ ਹਨ, ,ਕਈ ਵਾਰ ਜਾਨ ਤੋਂ ਹੱਥ ਵੀ ਧੋ ਬੈਠਦੇ ਹਨ। ਕਿਸੇ ਅਖੌਤੀ ਸਾਧ, ਸਿਆਣੇ ਕੋਲ ਕੋਈ ਵੀ ਕਰਾਮਾਤੀ ਸ਼ਕਤੀ ਨਹੀਂ ਹੁੰਦੀ,ਜਿਸ ਨਾਲ ਉਸ ਦੇ ਕਹੇ ਅਨੁਸਾਰ ਕਰਨ ਨਾਲ ਕਿਸੇ ਦਾ ਭਲਾ ਹੋ ਸਕੇ। ਨੁਕਸਾਨ ਹੁੰਦਾ ਆਮ ਦੇਖਿਆ ਜਾ ਸਕਦਾ ਹੈ। ਬੀਮਾਰੀਆਂ ਦੇ ਇਲਾਜ ਲਈ ਸਾਰੇ ਅਖੌਤੀ ਸਿਆਣੇ ਡਾਕਟਰਾਂ ਕੋਲ ਜਾਂਦੇ ਹਨ ਪਰ ਅੰਧਵਿਸ਼ਵਾਸੀ ਲੋਕ ਇਨ੍ਹਾਂ ਦੇ ਭਰਮ ਜਾਲ ਵਿੱਚ ਪੈ ਕੇ ਆਪਣਾ ਸੰਕਟ /ਬੀਮਾਰੀ ਦੂਰ ਕਰਵਾਉਣ ਇਨ੍ਹਾਂ ਕੋਲ ਜਾ ਕੇ ਮੱਥੇ ਰਗੜਦੇ ਹਨ।ਸੋ ਇਹ ਸਭ ਕੁੱਝ ਤੁਹਾਡੇ ਲੋਕਾਂ ਦੇ ਸੋਚਣ ਲਈ ਕੁੱਝ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਤਾਂ ਜੋ ਤੁਸੀਂ ਇਨ੍ਹਾਂ ਤੇ ਵਿਚਾਰ ਕਰੋ, ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਨੂੰ ਵਾਪਰਦੀਆਂ ਘਟਨਾਵਾਂ ਤੇ ਵਰਤਾਰਿਆਂ ਪ੍ਰਤੀ ਸੋਚਣ ਲਾਉਂਦੀ ਹੈ ਤਾਂ ਜੋ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣ ਸਕੇ,ਜਿਸ ਨਾਲ ਉਹ ਆਰਥਿਕ, ਸਰੀਰਿਕ ਤੇ ਮਾਨਸਿਕ ਲੁੱਟ ਤੋਂ ਬਚ ਸਕਣ। ਤਰਕਸ਼ੀਲ ਸੁਸਾਇਟੀ ਲੋਕਾਂ ਦਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹੈ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



