*ਆਪਣੀ ਵੋਟ ਨਾਲ ਹੀ ਹੰਕਾਰੀ ਰਾਣੇ ਦਾ ਹੰਕਾਰ ਤੋੜ ਸਕਦੇ ਨੇ ਲੋਕ*
ਮੈਂ ਅਗਲੀ ਚੋਣ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਦੇ ਖ਼ਿਲਾਫ਼ ਲੜਾਂਗਾ – ਸੁਖਪਾਲ ਸਿੰਘ ਖਹਿਰਾ
ਕਪੂਰਥਲਾ ( ਕੌੜਾ )-ਮੈਂ ਅਗਲੀ ਚੋਣ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਦੇ ਖ਼ਿਲਾਫ਼ ਲੜਾਂਗਾ, ਇਹ ਐਲਾਨ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਉੱਚਾ ਵਿਖੇ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿਚ ਹੋਈ ਭਰਵੀਂ ਚੋਣ ਮੀਟਿੰਗ, ਜੋ ਕਿ ਰੈਲੀ ਦਾ ਰੂਪ ਅਖ਼ਤਿਆਰ ਕਰ ਗਈ, ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚਿੰਤਾ ਦਾ ਵਿਸ਼ਾ ਹੈ ਕਿ ਅੱਜ 95 ਫ਼ੀਸਦੀ ਸਿਆਸੀ ਆਗੂ ਵਪਾਰੀ ਹਨ।
ਜਿਨ੍ਹਾਂ ਵਿੱਚ ਰਾਣਾ ਗੁਰਜੀਤ ਸਿੰਘ ਮੁੱਖ ਹਨ, ਅਤੇ ਇੱਕ ਦਿਨ ਅਜਿਹਾ ਆਏਗਾ ਜਦੋਂ ਉਹ ਰਾਣਾ ਗੁਰਜੀਤ ਸਿੰਘ ਨੂੰ ਯੂ.ਪੀ. ਛੱਡ ਕੇ ਆਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਭਾਜਪਾ ਨਾਲ ਮਿਲ ਕੇ ਕਾਂਗਰਸ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਰਿਹਾ ਹੈ ਜਿਸ ਕਰਕੇ ਸੂਝਵਾਨ ਹਲਕੇ ਦੇ ਲੋਕ ਉਸ ਨੂੰ ਮੂੰਹ ਨਹੀਂ ਲਗਾਉਣਗੇ। ਅਕਾਲੀ ਦਲ ਬਾਰੇ ਗੱਲ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਜਿਹਡ਼ੀ ਪਾਰਟੀ ਆਪਣੇ ਸਿਧਾਂਤਾਂ ਤੋਂ ਪਰ੍ਹਾਂ ਚਲੀ ਜਾਵੇ ਲੋਕ ਉਸ ਨੂੰ ਪਸੰਦ ਨਹੀਂ ਕਰਦੇ।ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਣਾ ਗੁਰਜੀਤ ਸਿੰਘ ਦਾ ਹੰਕਾਰ ਤੋੜ ਕੇ ਉਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਜੇਤੂ ਬਣਾਉਣ। ਆਪਣੇ ਸੰਬੋਧਨ ਵਿਚ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਸੁਖਪਾਲ ਖਹਿਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਕਦੇ ਵੀ ਅਕਾਲੀ ਦਲ, ਆਪ ਅਤੇ ਭਾਜਪਾ ਦੇ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ । ਕਿਉਂਕਿ ਆਪਣਾ ਕਾਰੋਬਾਰ ਵਧਾਉਣ ਲਈ ਉਸ ਨੇ ਇਨ੍ਹਾਂ ਸਾਰੀਆਂ ਪਾਰਟੀਆਂ ਪਾਸੋਂ ਮਦਦ ਲਈ ਹੋਈ ਹੈ। ਜਿਸ ਦੇ ਬਦਲੇ ਉਹ ਪੰਜਾਬ ਅੰਦਰ ਕਾਂਗਰਸ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਹਨ। ਪ੍ਰੰਤੂ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਣਗੇ।ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਲੋਕ ਬਾਹਰੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ।
ਇਸ ਤੋਂ ਬਾਅਦ ਆਰ ਸੀ ਐੱਫ ਵਿਖੇ ਹਲਕਾ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਵੀ ਇੱਕ ਵੱਡਾ ਚੋਣ ਜਲਸਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਹਲਕੇ ਦੇ ਸੂਝਵਾਨਾਂ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂੰਜੀਪਤੀਆਂ ਨੇ ਰਾਜਨੀਤੀ ਨੂੰ ਕਾਰੋਬਾਰ ਬਣਾਇਆ ਹੋਇਆ ਹੈ।
ਇਸ ਲਈ ਤੁਸੀਂ ਆਪਣੀ ਵੋਟ ਨਾਲ ਹੀ ਹੰਕਾਰੀ ਰਾਣੇ ਦਾ ਹੰਕਾਰ ਤੋੜ ਸਕਦੇ ਹੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਬੋਜ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਜਸਪਾਲ ਸਿੰਘ ਧੰਜੂ, ਬਲਾਕ ਸੰਮਤੀ ਮੈਂਬਰ ਗੁਰਿੰਦਰਪਾਲ ਸਿੰਘ ਗੋਗਾ, ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ, ਸਰਪੰਚ ਯਾਦਵਿੰਦਰ ਸਿੰਘ ਉੱਚਾ, ਪੰਚਾਇਤ ਸੰਮਤੀ ਦੇ ਵਾਈਸ ਚੇਅਰਮੈਨ ਰਾਕੇਸ਼ ਕੁਮਾਰ ਰੋਕੀ, ਬਲਜਿੰਦਰ ਸਿੰਘ ਸਪੇਨ ਐੱਨ ਆਰ ਆਈ, ਸਰਪੰਚ ਰਾਜੂ ਢਿੱਲੋਂ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਐਡਵੋਕੇਟ ਤਰੁਣ ਮੋਹਨ ਪੁਰੀ, ਪ੍ਰੋਫ਼ੈਸਰ ਵਿਜੇ ਬਾਂਸਲ, ਸਰਪੰਚ ਲਖਵੀਰ ਸਿੰਘ ਲੱਖਾ, ਹਰਨੇਕ ਸਿੰਘ ਔਜਲਾ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਢਿਲਵਾਂ, ਸੰਮਤੀ ਮੈਂਬਰ ਦਲਬੀਰ ਸਿੰਘ ਚੀਮਾ, ਸਤਨਾਮ ਸਿੰਘ ਸੈਫਲਾਬਾਦ, ਅਮਰੀਕ ਸਿੰਘ ਰਤੜਾ, ਬਲਜਿੰਦਰ ਸਿੰਘ ਵਿਰਕ ਸੈਫਲਾਬਾਦ, ਵਿੱਕੀ ਸਰਪੰਚ, ਗੁਰਵਿੰਦਰ ਸਿੰਘ ਨੰਬਰਦਾਰ, ਪਲਵਿੰਦਰ ਸਿੰਘ ਮਹਿਮਦਵਾਲ, ਸੰਤ ਸਿੰਘ ਰਤੜਾ, ਤਰਲੋਕ ਸਿੰਘ ਬੂਹ, ਇੰਦਰਜੀਤ ਸਿੰਘ ਸਰਪੰਚ, ਛਿੰਦਰ ਸਿੰਘ ਬੂਸੋਵਾਲ, ਜਸਪਾਲ ਸਿੰਘ ਫੱਤੋਵਾਲ, ਡਾ ਸ਼ਿੰਗਾਰਾ ਸਿੰਘ, ਗੁਰਦੇਵ ਸਿੰਘ ਪੱਪਾ, ਲਾਭ ਸਿੰਘ ਧੰਜੂ (ਸਮੂਹ ਸਰਪੰਚ), ਸਤਵਿੰਦਰ ਸਿੰਘ ਸੋਢੀ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly