ਪੰਜਾਬੀ ਗਾਇਕੀ ਦੀ ਸਿਰਮੌਰ ਕਲਾਕਾਰ-ਸੁੱਖੀ ਬਰਾੜ

         (ਸਮਾਜ ਵੀਕਲੀ)
ਸੁੱਖੀ ਬਰਾੜ ਕੋਈਂ ਇਕੱਲੀ ਲੋਕ ਗਾਇਕਾ ਹੀ ਨਹੀਂ। ਇਹ ਸਾਡੇ ਪੁਰਾਤਨ ਵਿਰਸੇ ਨੂੰ ਜਿਉਂਦਾ ਰੱਖਣ ਵਾਲੀ ਮੁਹਿੰਮ ਦੀ ਮੋਹਰੀ ਵੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੈਰਖੁਆਹ ਹੈ। ਸਾਡੇ ਸਭਿਆਚਾਰ ਦੀ ਰਖਵਾਲੀ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਪ੍ਰਸਿੱਧੀ ਹਾਸਿਲ ਕਰਨ ਲਈ ਗਾਇਕ ਅਤੇ ਕਲਾਕਾਰ ਲੋਕ ਪੱਛਮੀ ਸੱਭਿਅਤਾ, ਅਸ਼ਲੀਲਤਾ ਅਤੇ ਲੱਚਰ ਗਾਇਕੀ ਦਾ ਸਹਾਰਾ ਲੈਂਦੇ ਹਨ ਤਾਂ ਸੁੱਖੀ ਬਰਾੜ ਨੇ ਕਾਮਜਾਬੀ ਲਈ ਇਹ ਸ਼ੋਰਟ ਕੱਟ ਰਸਤਾ ਅਖਤਿਆਰ ਨਹੀਂ ਕੀਤਾ ਸਗੋਂ ਸੰਘਰਸ਼ ਵਾਲੇ ਲੰਮੇ ਰਸਤੇ ਤੇ ਚੱਲਣ ਨੂੰ ਪਹਿਲ ਦਿੱਤੀ। ਪਾਕ ਸ਼ਾਫ ਗਾਇਕੀ ਤੇ ਅਦਾਕਾਰੀ ਕੀਤੀ। ਆਪ  ਨੇ ਸ਼ੁਰੂ ਤੋਂ ਹੀ ਆਪਣੀ ਮਾਂ ਬੋਲ਼ੀ ਦਾ ਦਾਮਨ ਪਕੜਿਆ। ਆਪਣੇ ਵਿਰਸੇ ਨੂੰ ਸੰਭਾਲਣ ਅਤੇ ਜਿੰਦਾ ਰੱਖਣ ਦਾ ਬੀੜਾ ਚੁੱਕਿਆ। ਸੁੱਖੀ ਬਰਾੜ ਦੀ ਗਾਇਕੀ ਵਿੱਚ ਸ਼ੁਰੂਆਤ ਕੋਈਂ ਸੁਖਾਲੀ ਨਹੀਂ ਹੋਈ। ਨਾ ਹੀ ਇਹ ਗਾਇਕ ਬਣਨਾ ਚਾਹੁੰਦੀ ਸੀ। ਪਰ ਇਸ ਦੇ ਅੰਦਰਲੇ ਗੁਣ ਅਤੇ ਆਵਾਜ਼ ਨੇ ਸੁੱਖੀ ਨੂੰ ਇਸ ਖੇਤਰ ਵੱਲ ਧੱਕ ਦਿੱਤਾ। ਫਿਰ ਸੁੱਖੀ ਨੇ  ਇਸ ਖੇਤਰ ਦੀਆਂ ਬੁਲੰਦੀਆਂ ਨੂੰ ਛੂਹ ਲਿਆ। ਸੁੱਖੀ ਨੂੰ ਗਿੱਧਾ ਭੰਗੜਾ ਤੇ ਡਾਂਸ ਵੀ ਆਉਂਦਾ ਹੈ। ਉਹ ਗਿੱਧੇ ਦੀ ਗੋਲਡ ਮੈਡਲਿਸਟ ਵੀ ਰਹੀ ਹੈ।
ਸੁੱਖੀ ਬਰਾੜ ਜੋ ਬਚਪਨ ਤੋਂ ਹੀ ਵਿਰਸੇ ਨਾਲ ਜੁੜੀ ਹੋਈ ਸੀ। ਉਹ ਚੋਰੀਓ ਗਾਉਂਦੀ, ਚੋਰੀਓ ਨੱਚਦੀ ਤੇ ਪਰ ਘਰਦਿਆਂ ਦੀਆਂ ਝਿੜਕਾਂ ਸ਼ਰੇਆਮ ਖਾਂਦੀ। ਇੱਕ ਯੋਗ ਅਧਿਆਪਕ ਦੀ ਯੋਗ ਧੀ ਨੇ ਖ਼ੂਬ ਪੜ੍ਹਕੇ ਬਾਬੁਲ ਦਾ ਨਾਮ ਤੇ ਪਰਿਵਾਰ ਦਾ ਸੁਫਨਾ ਸਾਕਾਰ ਕੀਤਾ। ਧੀਆਂ ਤੇ ਪੁੱਤਰਾਂ ਵਾਲੇ ਫਾਸਲੇ ਨੂੰ ਮਿਟਾਉਂਦੀ ਹੋਈ ਅੱਗੇ ਵਧੀ। ਧੀਆਂ ਬਾਬੁਲ ਦੀ ਪੱਗ ਨੂੰ ਦਾਗ ਨਹੀਂ ਲਾਉਂਦੀਆਂ ਸ਼ਾਨ ਨੂੰ ਉੱਚਾ ਕਰਦੀਆਂ ਹਨ। ਸੁੱਖੀ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਆਪਣੇ ਪਿੰਡ ਮਹਿਮਾ ਸਵਾਈ ਦਾ ਵੀ ਨਾਮ ਰੋਸ਼ਨ ਕੀਤਾ ਹੈ। ਇਸਨੇ ਇੱਕ ਦੋ ਤਿੰਨ ਨਹੀਂ ਕਈ ਵਿਸ਼ਿਆਂ ਵਿੱਚ ਪੋਸਟ ਗਰੈਜੂਏਸ਼ਨ ਕੀਤੀ। ਪੀਐਚਡੀ ਕੀਤੀ। ਕਈ ਸਬੰਧਿਤ ਡਿਪਲੋਮੇ ਵੀ ਕੀਤੇ। ਸੁੱਖੀ ਕਾਲਜ ਦੀ ਪ੍ਰਿੰਸੀਪਲ ਰਹੀ। ਉੱਤਰੀ ਭਾਰਤ ਸਭਿਆਚਾਰਕ ਜ਼ੋਨ ਦੀ ਪ੍ਰੋਗਰਾਮ ਅਫਸਰ  ਬਣਕੇ ਨਾਮਣਾ ਖੱਟਿਆ। ਫਿਰ ਮੁੱਖ ਮੰਤਰੀ ਪੰਜਾਬ ਦੀ ਸਭਿਆਚਾਰ ਸਲਾਹਕਾਰ ਵੀ ਰਹੀ। ਸੁੱਖੀ ਨੇ ਕਈ ਦੇਸ਼ਾਂ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਦੀ ਕਲਚਰ ਦੇ ਖੇਤਰ ਵਿੱਚ ਨੁਮਾਇੰਦਗੀ ਵੀ ਕੀਤੀ। ਹਜ਼ਾਰਾਂ ਸ਼ੋਅ ਕੀਤੇ ਕਾਲਜਾਂ ਵਿੱਚ ਸੈਮੀਨਾਰ ਲਗਾਏ ਅਤੇ ਲੈਕਚਰ ਦਿੱਤੇ।
ਸੁੱਖੀ ਬਰਾੜ ਨੇ ਹਮੇਸ਼ਾ  ਸੱਚ ਬੋਲਣ ਅਤੇ ਸੱਚ ਲਿਖਣ ਦੀ ਜੁਅਰਤ ਕੀਤੀ ਹੈ। ਜੇ ਉਹ  ਆਪਣੇ ਗੁਣਾਂ ਬਾਰੇ ਖੁਲ੍ਹਕੇ ਲਿਖਦੀ ਹੈ ਤਾਂ ਆਪਣੀਆਂ ਬੁਰਾਈਆਂ ਅਵਗੁਣ ਦੱਸਣ ਤੋਂ ਜਵਾਂ  ਵੀ ਨਹੀਂ ਝਿਜਕਦੀ । ਸੁੱਖੀ ਬਰਾੜ ਘੋੜੇ, ਉੱਠ ਅਤੇ ਇਨਫੀਲਡ ਦੀ ਸਵਾਰੀ ਦਾ ਲੁਤਫ਼ ਉਠਾਇਆ ਹੈ। ਉਹ ਮਾਮੀਆਂ ਮਾਮਿਆਂ ਤੇ ਨਾਨਕਿਆਂ ਦਾਦਕਿਆਂ ਦੇ ਲਾਡ ਪਿਆਰ ਨੂੰ ਕਦੇ ਨਹੀਂ ਭੁੱਲਦੀ। ਉਹ ਭੂਆ ਦੀ ਡਾਂਗ ਤੇ ਦਾਦੇ ਦੇ ਖੂੰਡੇ ਨੂੰ ਵੀ ਯਾਦ ਰੱਖਦੀ ਹੈ।
ਜਸਦੇਵ ਸਿੰਘ ਜੱਸੋਵਾਲ ਨੇ ਸੁੱਖੀ ਬਰਾੜ ਨੂੰ ਵਿਰਾਸਤ ਕੌਰ ਦਾ ਨਾਮ ਦਿੱਤਾ। ਉਸੇ ਵਿਰਸੇ ਦੀ ਸੰਭਾਲ ਲਈ ਸੁੱਖੀ ਬਰਾੜ ਮਾਪਿਆਂ ਦੀ ‘ਕੀਟੀ’ ਨੇ ਆਪਣਾ ਸਾਰਾ ਜੀਵਨ ਦਾਅ ਤੇ ਲਾ ਦਿੱਤਾ। ਉਸਨੇ ਆਪਣੇ ਇਸ ਮਿਸ਼ਨ ਤੋਂ ਧੰਨ ਦੌਲਤ ਨਹੀਂ ਕਮਾਈ ਰਿਸ਼ਤੇ ਕਮਾਏ ਹਨ। ਨਾਮਣਾ ਖੱਟਿਆ ਹੈ। ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਕੇ ਵੀ ਸੁੱਖੀ ਮਹਿਮੇ ਸਵਾਈ ਦੀਆਂ ਗਲੀਆਂ ਤੇ ਮਹਿਮੇ ਸਰਜੇ ਵਾਲ਼ੇ ਸਕੂਲ ਨੂੰ ਨਹੀਂ ਭੁੱਲੀ। ਅੱਜ ਵੀ ਸੁੱਖੀ ਬਰਾੜ ਆਪਣੀ ਜ਼ਮੀਨੀ ਹਕੀਕਤ ਨਾਲ ਜੁੜੀ ਹੋਈ ਹੈ।
 ਸੁੱਖੀ ਬਰਾੜ ਦੀ ਜਿੰਦਗੀ ਦੇ ਸਫਰ, ਸੰਘਰਸ਼ ਤੇ ਫਲਸਫੇ ਨੂੰ ਸ਼ਬਦਾਂ ਵਿੱਚ ਸਮੇਟਣਾ  ਸੁਖਾਲਾ ਨਹੀਂ ਹੈ।
ਅੱਜ ਕੱਲ੍ਹ ਸੁੱਖੀ ਬਰਾੜ ਸੂਬੇ ਦੀ ਮਾਨ ਸਰਕਾਰ ਅਤੇ ਕੇਂਦਰ ਦੀ ਸਰਕਾਰ ਨਾਲ ਮਿਲਕੇ ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਵਿੱਚ ਹੈ। ਉਹ ਪੰਜਾਬੀ ਦੇ ਗਾਇਕਾਂ, ਕਲਾਕਾਰਾਂ, ਲੇਖਕਾਂ ਤੇ ਸਭਿਆਚਾਰ ਦੇ ਰਖਵਾਲਿਆਂ ਦੀ ਭਲਾਈ ਲਈ ਕੋਈਂ ਠੋਸ ਕਦਮ ਉਠਾਉਣ ਲਈ ਸਰਕਾਰ ਵਿਚਾਲੇ ਇੱਕ ਕੜੀ ਬਣਕੇ ਚੰਗੇ ਨਤੀਜੇ ਲੈਣ ਲਈ ਜੱਦੋਜਹਿਦ ਕਰ ਰਹੀ ਹੈ। ਲੱਗਦਾ ਹੈ ਸੁੱਖੀ ਬਰਾੜ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ। ਸਰਕਾਰ ਇਹਨਾਂ ਗਾਇਕਾ ਕਲਾਕਾਰਾਂ ਅਦਾਕਾਰਾਂ ਤੇ ਰੰਗ ਕਰਮੀਆਂ ਲਈ ਕੋਈਂ ਚੰਗੇ ਫੈਸਲੇ ਲਵੇਗੀ।
ਰਮੇਸ਼ ਸੇਠੀ ਬਾਦਲ
ਸਾਹਿਤਕਾਰ 
9876627233

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੱਸ ਦੇ ਬਸੰਤੀ ਪੱਗ ਵਾਲਿਆ
Next articleकिसान नेता राजीव यादव के घर देर रात पहुंची पुलिस, मैग्सेसे पुरस्कार से सम्मानित संदीप पाण्डेय ने उठाए सवाल