ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਕੈਪਟਨ ਹਰਮਿੰਦਰ ਸਿੰਘ ਸਮੇਤ ਐੱਸ ਜੀ ਪੀ ਸੀ ਮੈਂਬਰ ਗੁਰਪ੍ਰੀਤ ਕੌਰ, ਬਲਦੇਵ ਸਿੰਘ ਕਲਿਆਣ ਰਹੇ ਮੌਜੂਦ

ਸਰਕਾਰ ਹੜ੍ਹ ਪੀੜਤਾਂ ਲਈ ਨਿਰੰਤਰ ਕੰਮ ਕਰੇ-ਸੁਖਬੀਰ  ਬਾਦਲ

ਕਪੂਰਥਲਾ, 14 ਜੁਲਾਈ (ਕੌੜਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁੱਝ ਦਿਨ ਟਵਿੱਟਰ ਬੰਦ ਕਰਕੇ ਪੂਰੇ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਉਪ-ਮੁੱਖ ਮੰਤਰੀ ਪੰਜਾਬ ਨੇ ਸੁਲਤਾਨਪੁਰ ਲੋਧੀ ਇਲਾਕੇ ’ਚ ਸਤਲੁਜ ਦਰਿਆ ਦੇ  ਪਿੰਡ ਗਿੱਦੜ ਪਿੰਡੀ ਨੇੜੇ ਟੁੱਟੇ ਧੁੱਸੀ ਬੰਨ ਕਾਰਨ ਆਏ ਭਿਆਨਕ ਹੜ੍ਹਾਂ ਦੀ ਲਪੇਟ ’ਚ ਆਏ ਪਿੰਡਾਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਜੋ ਵੀ ਤਰਾਸਦੀ ਹੈ ਅਜਿਹੇ ਮੌਕੇ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ, ਸਗੋਂ ਸਭਨਾਂ ਨੂੰ ਮਿਲਕੇ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਆਉਂਦੇ ਹੜ੍ਹਾਂ ਦਾ ਇੱਕੋ ਇਲਾਜ ਹੈ ਕਿ ਸਤਲੁਜ ਦਰਿਆ ਅਤੇ ਬਿਆਸ ਦਰਿਆ ਦੇ ਦੋਵੇਂ ਬੰਨਾਂ ਨੂੰ ਉੱਚੇ, ਚੌੜੇ ਅਤੇ ਪੱਕੇ ਕਰਕੇ ਉਸ ਉਪਰ ਪੱਕੀ ਸੜਕ ਬਣਾ ਦੇਣੀ ਚਾਹੀਦੀ ਹੈ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਇਸ਼ਤਿਹਾਰ ਬਾਜ਼ੀ ਦੇ ਬਹੁਤ ਥੋੜੇ 80 ਕੁ ਕਰੋੜ ਦੇ ਬਜ਼ਟ ਨੂੰ ਇਨ੍ਹਾਂ 800 ਕਰੋੜ ਤੱਕ ਪਹੁੰਚਾ ਦਿੱਤਾ ਹੈ, ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ 1 ਸਾਲ ਦੇ ਇਸ਼ਤਿਹਾਰਾਂ ਦੇ ਬਜ਼ਟ ਨੂੰ ਬੰਦ ਕਰਕੇ ਦਰਿਆਵਾਂ ਦੇ ਬੰਨ ਬਣਾ ਦੇਣ ਤਾਂ ਜੋ ਪੰਜਾਬ ਵਾਸੀਆਂ ਤੇ ਖਾਸਕਰ ਇਸ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ।
ਇਸ ਮੌਕੇ ਉਨ੍ਹਾਂ ਟਰੈਕਟਰ ’ਤੇ ਬੈਠ ਕੇ ਹੜ੍ਹਗ੍ਰਸਤ ਪਿੰਡ ਵਾੜਾ ਜੋਧ ਸਿੰਘ ਦਾ ਦੌਰਾ ਵੀ ਕੀਤਾ ਅਤੇ ਉਥੇ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਸੁੱਕੇ ਥਾਂ ਬੈਠੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹਗ੍ਰਸਤ ਲੋਕਾਂ ਦੀ ਹਰ ਸੰਭਵ ਮਦਦ ਕਰਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਕੈਪਟਨ ਹਰਮਿੰਦਰ ਸਿੰਘ, ,ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ , ਮੈਨੇਜਰ ਜਰਨੈਲ ਸਿੰਘ ਬੂਲੇ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬੂਲੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ, ਜਥੇਦਾਰ ਗੁਰਜੰਟ ਸਿੰਘ ਆਹਲੀ,ਬਲਵਿੰਦਰ ਸਿੰਘ ਤੁੜ, ਸਤਨਾਮ ਸਿੰਘ ਰਾਮੇ, ਗੁਰਪ੍ਰੀਤ ਸਿੰਘ ਫੱਤੂਢੀਂਗਾ, ਬੀਬੀ ਬਲਜੀਤ ਕੌਰ ਕਮਾਲਪੁਰ, ਅਮਰਜੀਤ ਸਿੰਘ, ਬਲਜੀਤ ਸਿੰਘ ਬੱਲੀ, ਚੈਚਲ ਸਿੰਘ, ਕਾਰਜ ਸਿੰਘ ਤਕੀਆ, ਪੀਏ ਵਰੁਣ ਕੁਮਾਰ ,ਸਰਵਣ ਸਿੰਘ ਚੱਕਾਂ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਵਧੀਆ ਸੇਵਾਵਾਂ ਬਦਲੇ ਸਨਮਾਨਿਤ
Next articleਯੂਨੀਵਰਸਿਟੀ ਕਾਲਜ  ਫੱਤੂਢੀਂਗਾ ਦਾ ਨਤੀਜਾ ਸ਼ਾਨਦਾਰ ਰਿਹਾ