ਮਾਨਸਾ (ਸਮਾਜ ਵੀਕਲੀ): ਨੇੜਲੇ ਪਿੰਡ ਫਫੜੇ ਭਾਈਕੇ ਦੇ ਦਲਿਤ ਨੌਜਵਾਨ ਵਿੱਕੀ ਸਿੰਘ ਦੇ ਖੁਦਕੁਸ਼ੀ ਮਾਮਲੇ ’ਚ ਅੱਜ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਇਥੇ ਸਿਵਲ ਹਸਪਤਾਲ ਵਿੱਚ ਇਨਸਾਫ਼ ਲਈ ਚੌਥੇ ਦਿਨ ਧਰਨਾ ਲਾਉਂਦਿਆਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਪੁਤਲਾ ਫੂਕਿਆ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਇਕ ਪਿੰਡ ਦੇ ਕਾਂਗਰਸੀ ਸਰਪੰਚ ਇਕਬਾਲ ਸਿੰਘ ਸਿੱਧੂ ਦੇ ਕਹਿਣ ’ਤੇ ਕਸੂਰਵਾਰ ਜਿੰਮੀਦਾਰ ਦੀ ਬੇਲੋੜੀ ਮੱਦਦ ਕਰ ਰਿਹਾ ਹੈ।
ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਇਨਸਾਫ਼ ਦੀ ਕੁਰਸੀ ’ਤੇ ਬੈਠੇ ਪੁਲੀਸ ਅਫ਼ਸਰ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸ ਚੁੱਕੇ ਹਨ, ਜਿਸ ਦੀ ਤਾਜ਼ਾ ਤਸਵੀਰ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਮਜ਼ਦੂਰ ਦੀ ਚਾਰ ਦਿਨਾਂ ਤੋਂ ਹਸਪਤਾਲ ਵਿੱਚ ਪਈ ਲਾਸ਼ ਅਤੇ ਇਨਸਾਫ਼ ਲਈ ਜਾਰੀ ਸੰਘਰਸ਼ ਤੋਂ ਬਾਅਦ ਵੀ ਪ੍ਰਸ਼ਾਸਨ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਤੱਕ ਕਸੂਰਵਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਨਾ ਚਿਰ ਤੱਕ ਉਸਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਸ ਮਾਮਲੇ ਲਈ ਜ਼ਿੰਮੇਵਾਰ ਪੁਲੀਸ ਦੇ ਅਧਿਕਾਰੀਆਂ ਖਿਲਾਫ਼ ਐੱਸਐੱਸਪੀ ਮਾਨਸਾ ਤੋਂ ਕਾਰਵਾਈ ਦੀ ਮੰਗ ਕੀਤੀ ਗਈ।
ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਕੁੱਝ ਬਾਹਰਲੇ ਲੋਕ ਸਿਆਸੀ ਸਿਆਸੀ ਲਾਹਾ ਲੈਣ ਵਾਸਤੇ ਪਿੰਡ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਪਰ ਉਹ ਭਾਈਚਾਰਕ ਸਾਂਝ ਵਜੋਂ ਜਿੰਮੀਦਾਰ ਪਰਿਵਾਰ ਦੇ ਨਾਲ ਸੱਚੀ-ਸੁੱਚੀ ਗੱਲ ਹੋਣ ਦੇ ਨਾਤੇ ਖੜ੍ਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly