HOME  “ਉਸਦੀ ਨਰਮੀ ਵਿੱਚ ਤਾਕਤ, ਤਾਕਤ ਵਿੱਚ ਨਰਮੀ”

 “ਉਸਦੀ ਨਰਮੀ ਵਿੱਚ ਤਾਕਤ, ਤਾਕਤ ਵਿੱਚ ਨਰਮੀ”

1
ਮੰਜੂ ਰਾਇਕਾ
  (ਸਮਾਜ ਵੀਕਲੀ)  ਦੁਨੀਆ ਦੇ ਇਤਿਹਾਸ ਨੂੰ ਜੇ ਧਿਆਨ ਨਾਲ ਵੇਖੀਏ ਤਾਂ ਹਰ ਵੱਡੀ ਕਹਾਣੀ ਦੇ ਪਿੱਛੇ ਇੱਕ ਔਰਤ ਦੀ ਛਾਪ ਮਿਲਦੀ ਹੈ। ਕਈ ਵਾਰ ਉਹ ਮਾਂ ਬਣ ਕੇ ਘਰ ਦੀ ਨੀਂਹ ਬਣਦੀ ਹੈ, ਕਈ ਵਾਰ ਧੀ ਬਣ ਕੇ ਘਰ ਦੀ ਰੌਣਕ ਬਣਦੀ ਹੈ, ਕਈ ਵਾਰ ਭੈਣ ਬਣ ਕੇ ਸਹਾਰਾ ਬਣਦੀ ਹੈ ਅਤੇ ਕਈ ਵਾਰ ਸਾਥੀ ਬਣ ਕੇ ਕਿਸੇ ਦੀ ਜ਼ਿੰਦਗੀ ਦਾ ਹੌਸਲਾ ਬਣ ਜਾਂਦੀ ਹੈ। ਪਰ ਅਕਸਰ ਉਸਦੀ ਇਹ ਤਾਕਤ ਚੁੱਪਚਾਪ ਰਹਿੰਦੀ ਹੈ ਬਿਨਾਂ ਸ਼ੋਰ ਦੇ, ਬਿਨਾਂ ਦਾਅਵੇ ਦੇ।
ਔਰਤ ਇੱਕ ਅਜਿਹਾ ਦਰਿਆ ਹੈ ਜੋ ਕਈ ਰੂਪਾਂ ਵਿੱਚ ਵਗਦਾ ਹੈ। ਉਹ ਨਰਮੀ ਦਾ ਪ੍ਰਤੀਕ ਵੀ ਹੈ ਅਤੇ ਹਿੰਮਤ ਦੀ ਮੂਰਤ ਵੀ। ਉਸਦੇ ਦਿਲ ਵਿੱਚ ਮਮਤਾ ਦਾ ਸਮੁੰਦਰ ਹੁੰਦਾ ਹੈ ਪਰ ਜਦੋਂ ਸਮਾਂ ਆਵੇ ਤਾਂ ਉਹ ਪੱਥਰਾਂ ਨਾਲ ਵੀ ਟੱਕਰ ਲੈ ਸਕਦੀ ਹੈ। ਇਹੀ ਉਸਦੀ ਖ਼ੂਬਸੂਰਤੀ ਹੈ ਕਿ ਉਹ ਇਕੋ ਸਮੇਂ ਮੋਮ ਵਰਗੀ ਨਰਮ ਵੀ ਹੈ ਤੇ ਲੋਹੇ ਵਰਗੀ ਮਜ਼ਬੂਤ ਵੀ।
ਜਦੋਂ ਇੱਕ ਔਰਤ ਮਾਂ ਬਣਦੀ ਹੈ ਤਾਂ ਉਹ ਆਪਣਾ ਸਭ ਕੁਝ ਆਪਣੇ ਬੱਚਿਆਂ ਦੇ ਨਾਮ ਕਰ ਦਿੰਦੀ ਹੈ। ਉਹ ਰਾਤਾਂ ਦੀ ਨੀਂਦ ਤਿਆਗ ਦਿੰਦੀ ਹੈ, ਆਪਣੇ ਸੁਪਨੇ ਕਈ ਵਾਰ ਪਿੱਛੇ ਛੱਡ ਦਿੰਦੀ ਹੈ, ਪਰ ਆਪਣੇ ਬੱਚਿਆਂ ਦੀ ਮੁਸਕਾਨ ਵਿੱਚ ਆਪਣੀ ਦੁਨੀਆ ਲੱਭ ਲੈਂਦੀ ਹੈ। ਇਹ ਉਸਦੀ ਤਾਕਤ ਹੈ—ਬਿਨਾਂ ਸ਼ਿਕਾਇਤ ਦੇ ਤਿਆਗ ਕਰਨ ਦੀ ਤਾਕਤ।
ਪਰ ਇਹ ਵੀ ਸੱਚ ਹੈ ਕਿ ਉਸ ਤਾਕਤ ਦੇ ਅੰਦਰ ਕਈ ਵਾਰ ਇਕ ਕੋਮਲ ਕਮਜ਼ੋਰੀ ਵੀ ਲੁਕਿਆ ਹੋਇਆ ਹੁੰਦਾ ਹੈ। ਔਰਤ ਦਾ ਦਿਲ ਬਹੁਤ ਨਾਜ਼ੁਕ ਹੁੰਦਾ ਹੈ। ਉਹ ਛੋਟੀ ਜਿਹੀ ਬੇਇੱਜ਼ਤੀ ਨੂੰ ਵੀ ਚੁੱਪਚਾਪ ਸਹਿ ਜਾਂਦੀ ਹੈ, ਪਰ ਉਸਦੇ ਅੰਦਰ ਇੱਕ ਦਰਦ ਜਨਮ ਲੈਂਦਾ ਰਹਿੰਦਾ ਹੈ। ਕਈ ਵਾਰ ਉਹ ਆਪਣੀ ਖੁਸ਼ੀ ਤੋਂ ਵੱਧ ਦੂਜਿਆਂ ਦੀ ਖੁਸ਼ੀ ਨੂੰ ਤਰਜੀਹ ਦਿੰਦੀ ਹੈ ਅਤੇ ਇਹੀ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੀ ਹੈ।ਸਮਾਜ ਅਕਸਰ ਔਰਤ ਤੋਂ ਬਹੁਤ ਕੁਝ ਮੰਗਦਾ ਹੈ ਸਬਰ ਵੀ, ਸਮਝਦਾਰੀ ਵੀ, ਚੁੱਪ ਵੀ ਅਤੇ ਮੁਸਕਾਨ ਵੀ। ਉਸਨੂੰ ਕਿਹਾ ਜਾਂਦਾ ਹੈ ਕਿ ਘਰ ਨੂੰ ਸੰਭਾਲੋ, ਰਿਸ਼ਤਿਆਂ ਨੂੰ ਬਚਾਓ, ਆਪਣੇ ਅੰਦਰ ਦੇ ਤੂਫ਼ਾਨਾਂ ਨੂੰ ਦਬਾ ਲਵੋ। ਪਰ ਕੋਈ ਇਹ ਨਹੀਂ ਪੁੱਛਦਾ ਕਿ ਉਸਦੇ ਦਿਲ ਵਿੱਚ ਕਿੰਨੀ ਵਾਰ ਤੂਫ਼ਾਨ ਉਠਦੇ ਹਨ।
ਔਰਤ ਦੀ ਤਾਕਤ ਇਹ ਹੈ ਕਿ ਉਹ ਟੁੱਟ ਕੇ ਵੀ ਖੜੀ ਹੋ ਜਾਂਦੀ ਹੈ। ਕਈ ਵਾਰ ਜ਼ਿੰਦਗੀ ਉਸਨੂੰ ਅਜਿਹੇ ਮੋੜਾਂ ਤੇ ਲਿਆ ਖੜਾ ਕਰਦੀ ਹੈ ਜਿੱਥੇ ਹਰ ਪਾਸੇ ਹਨੇਰਾ ਹੀ ਦਿਖਾਈ ਦਿੰਦਾ ਹੈ। ਪਰ ਉਹ ਹਨੇਰੇ ਵਿੱਚ ਵੀ ਰੌਸ਼ਨੀ ਦੀ ਲਕੀਰ ਲੱਭ ਲੈਂਦੀ ਹੈ। ਉਹ ਆਪਣੇ ਅੰਸੂਆਂ ਨੂੰ ਅੰਦਰ ਲੁਕਾ ਕੇ ਮੁਸਕਾਨ ਨਾਲ ਦੁਨੀਆ ਦਾ ਸਾਹਮਣਾ ਕਰਦੀ ਹੈ।ਪਰ ਉਸਦੀ ਕਮਜ਼ੋਰੀ ਇਹ ਹੈ ਕਿ ਉਹ ਬਹੁਤ ਜ਼ਿਆਦਾ ਪਿਆਰ ਕਰਦੀ ਹੈ। ਉਹ ਜਿਨ੍ਹਾਂ ਨਾਲ ਜੁੜਦੀ ਹੈ, ਪੂਰੇ ਦਿਲ ਨਾਲ ਜੁੜਦੀ ਹੈ। ਉਸਨੂੰ ਧੋਖਾ ਮਿਲੇ ਤਾਂ ਉਹ ਸਿਰਫ਼ ਰਿਸ਼ਤਾ ਨਹੀਂ ਗੁਆਉਂਦੀ ਉਹ ਆਪਣੇ ਦਿਲ ਦਾ ਇੱਕ ਹਿੱਸਾ ਵੀ ਗੁਆ ਬੈਠਦੀ ਹੈ।
ਔਰਤ ਦੀ ਜ਼ਿੰਦਗੀ ਕਈ ਪੜਾਵਾਂ ਵਿੱਚੋਂ ਲੰਘਦੀ ਹੈ ਬਚਪਨ ਦੀ ਮਾਸੂਮਿਯਤ, ਜਵਾਨੀ ਦੇ ਸੁਪਨੇ, ਘਰ ਦੀ ਜ਼ਿੰਮੇਵਾਰੀ ਅਤੇ ਉਮਰ ਦੇ ਨਾਲ ਆਉਂਦੀ ਸਿਆਣਪ। ਹਰ ਪੜਾਅ ਵਿੱਚ ਉਹ ਆਪਣੇ ਆਪ ਨੂੰ ਨਵਾਂ ਬਣਾਉਂਦੀ ਹੈ। ਉਹ ਬਦਲਦੀ ਰਹਿੰਦੀ ਹੈ ਪਰ ਉਸਦੀ ਰੂਹ ਦੀ ਖੂਬਸੂਰਤੀ ਕਦੇ ਨਹੀਂ ਬਦਲਦੀ।
ਅਸਲ ਵਿੱਚ ਔਰਤ ਇੱਕ ਕਿਤਾਬ ਵਾਂਗ ਹੁੰਦੀ ਹੈ ਜਿਸਦੇ ਹਰ ਸਫ਼ੇ ਵਿੱਚ ਇੱਕ ਨਵੀਂ ਕਹਾਣੀ ਹੁੰਦੀ ਹੈ। ਕੁਝ ਸਫ਼ੇ ਖੁਸ਼ੀਆਂ ਨਾਲ ਭਰੇ ਹੁੰਦੇ ਹਨ, ਕੁਝ ਅੰਸੂਆਂ ਨਾਲ ਭਿੱਜੇ ਹੋਏ ਹੁੰਦੇ ਹਨ। ਪਰ ਹਰ ਸਫ਼ਾ ਉਸਦੀ ਹਿੰਮਤ ਦੀ ਗਵਾਹੀ ਦਿੰਦਾ ਹੈ।
ਇਸ ਦੁਨੀਆ ਨੂੰ ਜੇ ਕਦੇ ਸੱਚਮੁੱਚ ਸਮਝਣਾ ਹੋਵੇ ਤਾਂ ਔਰਤ ਨੂੰ ਸਮਝਣਾ ਪਵੇਗਾ। ਕਿਉਂਕਿ ਉਹ ਸਿਰਫ਼ ਇੱਕ ਇਨਸਾਨ ਨਹੀਂ ਉਹ ਇੱਕ ਅਹਿਸਾਸ ਹੈ, ਇੱਕ ਤਾਕਤ ਹੈ, ਇੱਕ ਸੰਸਾਰ ਹੈ।
ਅਖੀਰ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਔਰਤ ਦੀ ਅਸਲੀ ਖੂਬਸੂਰਤੀ ਉਸਦੇ ਚਿਹਰੇ ਵਿੱਚ ਨਹੀਂ, ਉਸਦੇ ਦਿਲ ਵਿੱਚ ਹੁੰਦੀ ਹੈ। ਉਸਦੀ ਤਾਕਤ ਉਸਦੇ ਹੱਥਾਂ ਵਿੱਚ ਨਹੀਂ, ਉਸਦੀ ਸਹਿਣਸ਼ੀਲਤਾ ਵਿੱਚ ਹੁੰਦੀ ਹੈ। ਅਤੇ ਉਸਦੀ ਕਮਜ਼ੋਰੀ ਉਸਦੀ ਹਾਰ ਨਹੀਂ ਉਹ ਉਸਦੀ ਮਨੁੱਖਤਾ ਦੀ ਨਿਸ਼ਾਨੀ ਹੁੰਦੀ ਹੈ।ਔਰਤ ਦਰਅਸਲ ਇੱਕ ਅਜਿਹੀ ਰੌਸ਼ਨੀ ਹੈ ਜੋ ਖੁਦ ਸੜ ਕੇ ਵੀ ਦੂਜਿਆਂ ਦੀ ਜ਼ਿੰਦਗੀ ਨੂੰ ਚਾਨਣ ਕਰਦੀ ਰਹਿੰਦੀ ਹੈ।
ਮੰਜੂ ਰਾਇਕਾ 
ਭਿੰਡਰਾਂ ਸੰਗਰੂਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੋਮਣੀ ਕਮੇਟੀ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਇੱਕ-ਇੱਕ ਲੱਖ ਰੁਪਏ ਨਾਲ ਕਰੇਗੀ ਸਨਮਾਨ- ਐਡਵੋਕੇਟ ਧਾਮੀ
Next article“ਜ਼ਿੰਦਗੀ ਮਜ਼ਾਕ ਨਹੀਂ ਹੁੰਦੀ”