(ਸਮਾਜ ਵੀਕਲੀ) ਮੇਰਾ ਜਨਮ ਪਿੱਛਲੀ ਸਦੀ 1957ਦਾਹੈ। ਮੇਰਾ ਘਰ ਮੋਗੇ ਸ਼ਹਿਰ ਦੀ ਧੁੰਨੀ ਵਿੱਚ ਸੀ। ਮੈਂ ਜਦੋਂ ਸੁਰਤ ਸੰਭਾਲੀ ਸਾਡਾ ਘਰ ਕੱਚਾ ਸੀ। ਬੇਸ਼ੱਕ ਸਾਡੇ ਘਰ ਦੇ ਦਵਾਲੇ ਸਾਰੇ ਘਰ ਮਿਸਤਰੀਆਂ ਦੇ ਪੱਕੇ ਸਨ ਉਹਨਾਂ ਘਰ ਰੇਡੀਉ ਬਿਜਲੀ ਵੀ ਸੀ ਪਰ ਸਾਡਾ ਘਰ ਅਜੇ ਵੀ ਕੱਚਾ ਸੀ ਤੇ ਬਗੈਰ ਬਿਜਲੀ ਸੀ। ਆਲਿਆਂ ਵਿੱਚ ਸਰੋਂ,ਮਿੱਟੀ ਦੇ ਤੇਲ ਦੇ ਦੀਵੇ ਜੱਗਦੇ ਸਨ। ਸਾਡੇ ਘਰ ਦੇ ਵਿਹੜੇ ਵਿੱਚ ਇੱਕ ਵੱਡੀ ਭਾਰੀ ਪੁਰਾਣੀ ਨਿੰਮ ਸੀ ਜਿਸ ਦਵਾਲੇ ਗੋਲ ਖੁਰਲੀ ਸੀ ਤੇ ਬਾਕੀ ਖੁਰਲੀਆਂ ਘਰ ਦੀਆਂ ਬਾਕੀ ਕੰਧਾਂ ਨਾਲ ਸਨ। ਘਰ ਵਿੱਚ ਚਾਰ ਵੱਡੇ ਕੱਚੇ ਕੋਠੇ ਤੇ ਇੱਕ ਦਲਾਂਣ ਸੀ ਜਿਸ ਵਿੱਚ ਦੋ ਪੱੜਛੱਤੀਆਂ ਸਨ ਜਿਸ ਤੇ ਸਾਡੇ ਘਰ ਦੇ ਸੀਰੀਆਂ ਸਾਂਝੀਆਂ ਦੇ ਅੱਧੋਰਾਣੇ ਭਾਂਡੇ ਹੁੰਦੇ ਸਨ ਜਿੰਨਾਂ ਵਿੱਚ ਉਹ ਦਾਲ ਸਬਜ਼ੀ ਪਵਾ ਰੋਟੀ ਖਾਂਦੇ ਸਨ ਜਾਂ ਘਰ ਲੈ ਜਾਂਦੇ ਸਨ ਤੇ ਫਿਰ ਉਹ ਭਾਂਡੇ ਤੜਕੇ ਸਵੇਰ ਵੇਲੇ ਘਰੋਂ ਲਿਆ ਇਹਨਾਂ ਪੜਛੱਤੀਆਂ ਤੇ ਟਿਕਾ ਦਿੰਦੇ ਸਨ ਇਹ ਭਾਂਡੇ ਕਦੇ ਵੀ ਸਾਡੇ ਘਰ ਦੀ ਰਸੋਈ ਵਿੱਚ ਨਹੀਂ ਵੜੇ ਸਨ। ਸ਼ਾਇਦ ਉਦੋਂ ਭਿੱਟ ਦਾ ਰਿਵਾਜ ਸੀ।
ਘਰ ਵਿੱਚ ਵੀਹ ਤੋਂ ਲੈ ਕੇ ਪੱਚੀ ਪਸ਼ੂ ਸਨ। ਚਾਰ ਜੋਗਾ ਦੀ ਵਾਹੀ ਸੀ ਮਤਲਬ ਅੱਠ ਬਲਦ ਸਨ ਤੇ ਇੱਕ ਗੱਡਾ ਸੀ। ਸਾਡੇ ਵੱਡੇ ਟੱਬਰ ਤਿੰਨਾਂ ਚਾਚਿਆਂ ਤਾਇਆਂ ਦੇ ਬਾਰਾਂ ਤੇਰਾਂ ਨਿਆਣੇ ਸਨ ਤੇ ਨਾਨਕੀ ਆਏ ਜਵਾਕ ਵੱਖਰੇ ਸਨ ਇੱਕ ਵਾਰ ਮੈਨੂੰ ਯਾਦ ਹੈ ਸਾਡੇ ਘਰ ਵੀਹ ਜਾ ਬਾਈ ਨਿਆਣੇ ਸਨ। ਬਾਪੂ ਦੇ ਤਿੰਨ ਭਰਾ ਸਨ ਤੇ ਦੋ ਭੈਣਾਂ ਇੱਕ ਵਾਰ ਮੈਂ ਤੀਹ ਜੀ ਗਿਣੇ ਸਨ। ਸਾਡੇ ਘਰ ਇੱਕ ਵੱਡੀ ਲੋਹ ਸੀ ਤੇ ਇੱਕ ਤੰਦੂਰ ਸੀ। ਦੁਪਿਹਰ ਵੇਲੇ ਤੂੰਦੂਰ ਮੱਘਦਾ ਤੇ ਸ਼ਾਮਾਂ ਨੂੰ ਲੋਹ ਲੰਗਰ ਪੱਕਦਾ। ਮੈਨੂੰ ਅੱਜ ਵੀ ਯਾਦ ਹੈ ਹਰ ਜੀ ਦੀਆਂ ਘੱਟੋ ਘੱਟ ਤਿੰਨ ਰੋਟੀਆਂ ਪੱਕਦੀਆਂ ਸਨ। ਇਸ ਦਾ ਮਤਲਬ ਜਮਾਂ ਘਟਾਕੇ ਸੌਅ ਕੁ ਰੋਟੀ ਸਵੇਰੇ, ਦੁਪਿਹਰੇ ਤੇ ਸ਼ਾਮ ਦੀ ਮਿਲਾ ਕੇ ਤਿੰਨ ਕੁ ਸੌਅ ਰੋਟੀ ਪੱਕਦੀ ਤੇ ਵੱਡੇ ਪਤੀਲੇ ਦਾਲਾਂ ਸਬਜ਼ੀਆਂ ਦੇ ਰਿੱਝਦੇ ਪਰ ਗੁਰੂ ਘਰ ਦੇ ਪ੍ਰਸ਼ਾਦੇ ਵੱਖਰੇ ਪੱਕਦੇ ਸਨ। ਲੰਗਰ ਦਾ ਕੰਮ ਸਾਡੀ ਦਾਦੀ ਵਿਉਂਤਦੀ ਸੀ। ਦਾਲ ਸਬਜ਼ੀ ਦੇ ਨਾਅ ਤੇ ਜੋ ਸਾਡੇ ਖੇਤਾਂ ਵਿੱਚ ਉੱਗਦਾ ਸੀ ਉਹੀ ਰਿੱਝਦਾ ਸੀ ਗੋਭੀ ਦੀ ਸਬਜ਼ੀ ਸਿਰਫ ਦਿਨ ਦਿਹਾਰ ਤੇ ਹੀ ਬਣਦੀ ਸੀ ਸਾਡੇ ਲਈ ਉਸ ਵਕਤ ਸਾਲੇ ਆਲੂ ਹੀ ਮੁਰਗੇ ,ਬੱਕਰੇ ਵਰਗੇ ਸਨ। ਇਹ ਸਬਜ਼ੀਆਂ ਬਿਲਕੁਲ ਥੋੜੀਆਂ ਹੀ ਬਣਦੀਆਂ ਜੱਦ ਸਾਡੇ ਫੂੱਫੜ ਮਾਝੇ ਤੋਂ ਸਹੁਰੀ ਆਉਂਦੇ ਸਨ ਉਹਨਾਂ ਨੂੰ ਚਿੱਟੀਆਂ ਚਾਦਰਾਂ ਵਿਛਾ ਮੰਜਿਆਂ ਤੇ ਬਿਠਾਇਆ ਜਾਂਦਾ ਸੀ ਤੇ ਪੱਕੇ ਮਿੱਠੇ ਬਨਾਮ ਖੰਡ ਦੀ ਚਾਹ ਸਿਰਫ ਉਹਨਾਂ ਲਈ ਬਣਦੀ ਸੀ ਫੁੱਫੜ ਉਦੋਂ ਦੋ ਦੋ ਦਿਨ ਮੰਜੇ ਤੇ ਹੀ ਬੈਠੇ ਰਹਿੰਦੇ ਸਨ ਤੇ ਸਾਡੀ ਜਵਾਕਾਂ ਦੀ ਡਿਊਟੀ ਫੁੱਫੜ ਦੀ ਸੇਵਾ ਵਿੱਚ ਲੱਗ ਜਾਂਦੀ ਸੀ ਅਸੀਂ ਇਸ ਗੱਲ ਤੇ ਖੁਸ਼ ਸਾਂ ਕਿ ਫੂਫੜ ਵੱਲੋਂ ਛੱਡੀ ਗੜਬੀ ਵਿੱਚ ਖੰਡ ਦੀ ਚਾਹ ਦੀ ਘੁੱਟ ਹੀ ਲੱਭ ਜਾਂਦੀ ਧਰਮ ਨਾਲ ਉਸ ਬਚੀ ਚਾਹ ਦੀ ਘੁੱਟ ਦਾ ਸਵਾਦ ਅੱਜ ਵੀ ਯਾਦ ਹੈ । ਟੱਬਰ ਵੱਡਾ ਸੀ ਅਸੀਂ ਕਦੀ ਫਲ ਫਰੂਟ ਵੇਖਿਆ ਹੀ ਨਹੀਂ ਸੀ ਤੇ ਨਾ ਕਦੇ ਕਿਸੇ ਪਰਾਹੁਣੇ ਲਿਆਂਦਾ ਸੀ ਲਿਆਉਂਦਾ ਵੀ ਕਿਵੇਂ ? ਪੂਰੀ ਰਿਹੜੀ ਖਰੀਦਣੀ ਪੈਣੀ ਸੀ।
ਮਸ਼ੀਨ ਦੇ ਨਾਂ ਤੇ ਸਾਡੇ ਘਰ ਇੱਕ ਮਿੱਟੀ ਦਾ ਤੇਲ ਕੱਢਣ ਵਾਲਾ ਪੰਪ ਸੀ,ਇੱਕ ਲਾਲਟੈਨ, ਪੱਠੇ ਕੂਤਰਣ ਵਾਲੀ ਟੋਕਾਂ ਮਸ਼ੀਨ ਤੇ ਮਗਰੋਂ ਇੱਕ ਸਿਲਾਈ ਮਸ਼ੀਨ ਸੀ ਜੋਂ ਸਾਡੇ ਜਵਾਕਾਂ ਲਈ ਬਹੁਤ ਹੀ ਅਦਭੁੱਤ ਸੀ। ਜਦੋਂ ਸਾਡੀ ਭੂਆ ਫਿਰਕੀ ਵਿਚ ਧਾਗਾ ਭਰਦੀ ਤਾਂ ਸਾਡੀਆਂ ਅੱਖਾਂ ਉਸ ਭਰੀ ਜਾਣ ਵਾਲੀ ਫਿਰਕੀ ਤੋਂ ਨਾ ਹੱਟਦੀਆਂ ਜਦੋਂ ਕਿਤੇ ਭੂਆਂ ਮਸ਼ੀਨ ਸੁੰਨੀ ਛੱਡ ਕੁੱਝ ਘਰੇਲ਼ੂ ਕੰਮ ਧੰਦੇ ਲੱਗ ਜਾਂਦੀ ਤਾਂ ਅਸੀਂ ਉਹ ਮਸ਼ੀਨ ਖੇਡ ਬਣਾ ਗੇੜ ਗੇੜ ਖੇਡਣ ਲੱਗ ਜਾਦੇ ਤੇ ਬਹੁਤ ਵਾਰ ਅਸੀਂ ਭੂਆ ਤੋਂ ਕੁੱਟ ਖਾਧੀ ਕਿਉਂਕਿ ਅਸੀਂ ਭੂਆਂ ਦੀ ਰੀਸ ਕਰਦਿਆਂ ਮਸ਼ੀਨ ਦੀ ਸੂਈ ਵਿੰਗੀ ਕਰ ਦਿੱਤੀ ਜਾ ਤੋੜ ਦਿੱਤੀ ਸੀ। ਚਰਖੇ ਨੂੰ ਅਸੀਂ ਮਸ਼ੀਨ ਨਹੀ ਗਿਣਦੇ ਸਾਂ ਮਾਵਾਂ ਦੇ ਕੱਤੇ ਗਲੋਟੇ ਆਂਮ ਹੀ ਘੂਰ ਦਿੰਦੇ ਸਾਂ। ਗਲੋਟੇ ਘੂਰਨ ਦੀ ਖੇਡ ਵਿੱਚ ਵੀ ਬਥੇਰੀ ਕੁੱਟ ਖਾਧੀ। ਹੋਰ ਕੋਈ ਮਸ਼ੀਨ ਸਾਡੇ ਘਰ ਨਹੀਂ ਸੀ ਬਹੁਤ ਦੇਰ ਬਾਦ ਸਾਡੇ ਚਾਚੇ ਨੇ ਇੱਕ ਸਾਈਕਲ ਲਿਆ ਸੀ।
ਇਹ ਤਾਂ ਸੀ ਮੇਰੀ ਦਾਸਤਾਨ ਹੁਣ ਤੁਸੀਂ ਦੱਸੋ ਤੁਹਾਡੇ ਬਚਪਣ ਵਿੱਚ ਕਿਹੜੀਆਂ ਕਿਹੜੀਆਂ ਮਸ਼ੀਨਾਂ ਘਰ ਵਿੱਚ ਸਨ।
ਥੋਡਾ ਉਹੀ ਪਿੱਛਲੀ ਸਦੀ ਪੁਰਾਣਾ ਨਵਾਂ ਪੁਰਾਣਾ ਬੰਦਾ। ਗਧੀ ਦੀ ਸਵਾਰੀ ਤੋਂ ਜਹਾਜ਼ ਤੱਕ ਦਾ ਸਫ਼ਰ ਕਰਨ ਵਾਲਾ।
ਜੋਗਿੰਦਰ ਬਾਠ ਹੌਲੈਂਡ।