” ਕਹਾਣੀ ” “ਤੇਰਾ ਤੇ ਵਰਕਾ ਹੀ ਖਾਲੀ”

"ਬਲਰਾਜ ਚੰਦੇਲ ਜਲੰਧਰ। "
(ਸਮਾਜ ਵੀਕਲੀ) ਅੱਜ ਸਵੇਰੇ ਮਨੋਜ਼ ਮਚਲਾ ਹੋਕੇ ਪਿਆ ਰਿਹਾ,ਇੱਕ ਮਿੱਠੀ ਜਹੀ ਪਿਆਰ ਭਰੀ ਝਿੜਕ ਤੇ ਹਲੂਣੇ ਦੇ ਇੰਤਜਾਰ ਵਿੱਚ।
ਪੰਜਾ ਦਸਾ ਮਿੰਟਾਂ ਵਿੱਚ ਮਨੋਜ਼ ਨੂੰ ਝੱਟਕਾ ਲੱਗਾ ਤੇ ਫ਼ਟਾਫ਼ਟ ਉਠਿੱਆ ਜਦ ਚੇਤਾ ਆਇਆ ਕਿ ਦਸ ਵਜ਼ੇ ਵਕੀਲ ਨੇ ਸੱਦਿਆ ਹੋਇਆ।
ਇਹ ਓਹੀ ਮਨੋਜ਼ ਸੀ ਮੀਨੂ ਦਾ ਮਨੂ ।
ਮੀਨੂ ਇੱਕ ਸੋਹਣੀ ਸੁਣੱਖੀ ਮੁਟਿਆਰ, ਪੈਰ ਬੋਚ ਬੋਚ ਰੱਖਦੀ ਤੇ ਚਾਲ ਦਿਲ ਖਿੱਚਵੀਂ।ਕਿਸੇ ਨੂੰ ਮੁੜਕੇ ਨਾਂ ਤੱਕਦੀ ।ਦਫ਼ਤਰ ਦੇ ਸਾਰੇ ਮੁੰਡੇ ਹੌਕੇ ਭਰਦੇ।ਇੱਕ ਦਿਨ ਬੇਧਿਆਨੇ  ਤੁਰੀ ਜਾਂਦੀ ਦਾ  ਫ਼ਰਸ਼ ਤੇ ਪੈਰ ਫ਼ਿਸਲ ਗਿਆ,ਗਿੱਟੇ ਤੋ ਮੋਚ ਆ ਗਈ,ਡਰਦਾ ਕੋਈ ਕੋਲ ਨਾ ਜਾਵੇ। ਮਨੋਜ਼ ਸੀ ਤਾਂ ਅਫ਼ਸਰ ਪਰ ਮੀਨੂੰ ਨੂੰ ਦਿਲੋਂ ਪਸੰਦ ਕਰਦਾ ਸੀ,ਇਜ਼ਹਾਰ ਨਹੀਂ ਸੀ ਹੋਣ ਦਿੰਦਾ। ਮਨੋਜ਼ ਨੇ ਅਪਣਾ ਇਖ਼ਲ਼ਾਕੀ ਫ਼ਰਜ ਸਮਝਦਿਆਂ ਹੋਇਆਂ  ਫ਼ਟਾਫ਼ਟ ਅੱਗੇ ਹੋਕੇ ,ਮੀਨੂ ਦਾ ਹੱਥ ਫੜ ਕੇ ਉਠਾਇਆ ਤੇ ਸਹਾਰਾ ਦੇਕੇ ਵਰਾਂਡੇ ਵਿੱਚ ਬੈਂਚ ਤੇ ਬਿਠਾਇਆ। ਇੱਕ ਦੋ ਕੁੜੀਆਂ ਨੂੰ ਬੁਲਾਇਆ ਤੇ ਅਪਣੀ ਕਾਰ ਵਿੱਚ ਬਿਠਾ ਕੇ ਮੀਨੂ ਦੇ ਘਰ ਪਹੁੰਚਾਇਆ।
ਹੁਣ ਮੀਨੂ  ਪਲੱਸਤਰ ਲੱਗਣ ਕਰਕੇ ਛੁੱਟੀ ਤੇ ਸੀ।ਮਨੋਜ਼ ਤਾਂ ਪਹਿਲਾਂ ਹੀ ਦਿਲ ਦੇ ਚੁੱਕਾ ਸੀ ਤੇ ਮੀਨੂ ਵੀ ਬੈੱਡ ਤੇ ਪਈ ਗੁਆੱਚਣ ਲੱਗ ਪਈ ।
ਫ਼ੋਨ ਤੇ ਫ਼ੋਨ ਹਾਲਚਾਲ ਪੁੱਛਣ ਦੇ ਬਹਾਨੇ ਮੇਲ ਜੋਲ ਵਧ ਗਿਆ ਤੇ ਰੂਹਾਂ ਦੇ ਰਿਸ਼ਤੇ ਕਾਇਮ ਹੋ ਗਏ । ਕਹਿੰਦੇ ਇਸ਼ਕ ਤੇ ਮੁਸ਼ਕ ਛੁੱਪਾਇਆਂ ਨਹੀਂ ਛਿੱਪਦੇ ,ਦੋਹਾਂ ਦੇ ਮਾਪਿਆਂ ਨੇ ਹਾਂ ਵਿੱਚ ਹਾਂ ਮਿਲਾਈ ਤੇ ਮਨੋਜ਼ ਮੀਨੂ ਦਾ ਮਨੂ ਹੋ ਗਿਆ।ਮਨੋਜ਼ ਜਿੱਨਾਂ ਸ਼ਾਂਤ ,ਮੀਨੂ ਓੱਨੀ ਤੱਲਖ ਸੁਭਾਅ ਦੀ।ਪਿਆਰ ਵਿੱਚ ਬੰਦਾ ਕੀ ਕੀ ਨਹੀਂ ਕਰਦਾ। ਜ਼ਿੰਦਗੀ ਦੀ ਗੱਡੀ ਸੋਹਣੀ ਰਿੜੵ ਰਹੀ ਸੀ।ਮਨੋਜ਼  ਨੇ ਕੋਠੀ ਪਾ ਲਈ ਤੇ ਪਿੰਡ ਦਾ ਮਕਾਨ ਬੇਚ ਦਿੱਤਾ ਤੇ ਮਾਂ ਬਾਪ ਪਿੰਡੋ ਆ ਗਏ ਨਾਲ ਰਹਿਣ ਲਈ।ਹੁਣ ਹੌਲੀ ਹੌਲੀ ਖੱਟਪੱਟ ਵੱਧ ਗਈ।ਰੋਜ਼ ਕਲੇਸ਼ ਜਾਂ ਤਾ ਮੈਨੂੰ ਰੱਖ ਜਾਂ ਮਾਂ ਬਾਪ।ਗੱਲ ਵੱਧ ਗਈ ਤਾਂ ਮੀਨੂ ਮਾਂ ਬਾਪ ਦੇ ਘਰ ਚਲੀ ਗਈ।ਵਕੀਲ ਕੀਤਾ ਗਿਆ।ਵਕੀਲ ਮੀਨੂ ਤੇ ਮਨੋਜ਼ ਦਾ ਸਾਂਝਾ ਰਿਸ਼ਤੇਦਾਰ ਸੀ। ਵਕੀਲ ਨੇ ਦੋਹਾਂ ਨੂੰ ਆਪਸ ਵਿੱਚ ਝਗੜਦਿਆਂ ਨੂੰ ਅਪਣੇ ਕਮਰੇ ਵਿੱਚ ਬਿਠਾ ਕੇ ਇੱਕ ਇੱਕ ਪੇਪਰ  ਤੇ ਲਿਫ਼ਾਫ਼ਾ ਦਿੱਤਾ ਤੇ ਇੱਕ ਦੂਜੇ ਉੱਤੇ  ਇਲਜ਼ਾਮ ਲਿਖਕੇ ਲਿਫ਼ਾਫ਼ਾ ਬੰਦ ਕਰਕੇ ਦੇਣ ਲਈ ਕਿਹਾ ਤਾਂ ਜੋ ਕੇਸ ਤਿਆਰ ਹੋ ਸਕੇ।ਮੀਨੂ ਮਨੋਜ਼ ਨੂੰ ਘੂਰੀ ਜਾ ਰਹੀ ਤੇ ਗੁੱਸੇ ਵਿੱਚ ਲਿਖੀ ਜਾ ਰਹੀ ਸੀ।
ਦੋਹਾਂ ਕੋਲੋ ਬੰਦ ਲਿਫ਼ਾਫ਼ੇ ਲੈਕੇ ਵਕੀਲ ਨੇ ਸ਼ਾਮ 6ਬਜ਼ੇ ਫਿਰ ਆਉਣ ਲਈ ਕਿਹਾ।
ਸ਼ਾਮ ਨੂੰ ਮਨੋਜ਼ ਦੇ ਮਾਂ ਬਾਪ  ਉਸਨੂੰ ਕੋਲ ਬੈਠਾ ਕੇ  ਸਮੱਝਾ ਰਹੇ ਸੀ ਕਿ ਕਾਕਾ ਇਹ ਸਭ ਠੀਕ ਨਹੀਂ ਹੋ ਰਿਹਾ ,ਇੰਨੇ ਕਾਹਲੇ ਨਹੀਂ ਪਈ ਦਾ।ਮਨੋਜ਼  ਵਕੀਲ ਕੋਲ ਨਹੀਂ  ਗਿਆ  ਤੇ ਸ਼ਾਂਤ ਹੋਕੇ ਗੇਟ ਵੱਲ ਟੱਕਟਕੀ ਲਗਾ ਕੇ ਦੇਖੀ ਜਾ ਰਿਹਾ ਸੀ।
ਗੇਟ ਖੁਲਿੱਆ ਤਾਂ ਮੀਨੂ ਬੈਗ ਚੁੱਕਿਆਂ ਰੋੰਦੀ ਰੋਂਦੀ ਆ ਰਹੀ ਸੀ।
ਮਨੋਜ਼ ਨੇ ਕਿਹਾ ਹੁਣ  ਤੈਨੂੰ ਕੀ ਹੋਇਆ?ਮੀਨੂ ਨੇ ਮਨੋਜ਼ ਨੂੰ ਘੁੱਟ ਕੇ ਜੱਫ਼ੀ ਪਾਈ ਤੇ ਬੋਲੀ ਮਨੂ “ਤੇਰਾ ਤੇ ਵਰਕਾ ਹੀ ਖਾਲੀ ਸੀ”।
ਬਲਰਾਜ ਚੰਦੇਲ ਜਲੰਧਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰਾ ਮੇਰਾ
Next articleਨਾਨੀ ਦੀਆਂ ਬਾਤਾਂ ਚੋਂ