*ਲਿਖਾਰੀ : ਦੀਦਾਵਰ ਲੋਕਾਈਨਾਮਾ
——————-

(ਸਮਾਜ ਵੀਕਲੀ) ਚਿੰਕੀ ਨੇ ਦੂਜੇ ਦਿਨ ਵੀ ਕੁਝ ਨਾ ਖਾਧਾ ਪੀਤਾ, ਨਾ ਆਪਣੇ ਕਮਰੇ ਦਾ ਬੂਹਾ ਖੋਲ੍ਹਿਆ!.. ਏਥੋਂ ਤੱਕ ਕਿ ਦੋ ਦਿਨ ਪਹਿਲਾਂ ਚਾਰਜਿੰਗ ਉੱਤੇ ਲਾਇਆ ਮੁਬਾਇਲ ਫੋਨ ਵੀ ਮੁੜ ਕੇ ਨਹੀਂ ਦੇਖਿਆ ਸੀ.
ਮਥਰੋ ਪਰੇਸ਼ਾਨ ਹੋ ਰਹੀ ਸੀ, ਹੁੰਦੀ ਵੀ ਕਿਉਂ ਨਾ? ਚਿੰਕੀ ਦੀ ਮਾਂ ਸੀ ਓਹ, ਓਹਦੇ ਢਿੱਡ ਦੀ ਜਨੀ ਦੁਖੀ ਹੋਵੇ ਤਾਂ ਓਹਨੂੰ ਕਰਾਰ ਕਿਧਰੋਂ ਆ ਜਾਂਦਾ?
ਕਾਂਡ -2
ਕੁਲਭੂਸ਼ਣ ਸਵਾਮੀ ਹੁਰੀਂ ਜਜਮਾਨਾਂ ਦੇ ਕਹੇ ਉੱਤੇ ਦੇਬ-ਭੂਮੀ ਜਾ ਕੇ ਕਿਰਿਆ ਕਾਂਡ ਕਰਵਾ ਕੇ, ਸ਼ਾਮ ਵੇਲੇ ਮੁੜੇ ਸਨ. ਮਥਰੋ ਨੇ ਸੁੱਖ -ਸਾਂਦ ਪੁੱਛੀ, ਸਫ਼ਰ ਬਾਰੇ ਪੁੱਛਿਆ ਤੇ ਫੇਰ ਰੋਟੀ -ਟੁੱਕ ਵੱਲ ਹੋ ਗਈ.
ਕਾਂਡ -3
ਕੀ ਗੱਲ ਚਿੰਕੀ ਧੀ ਹਾਲੇ ਵੀ ਨਰਾਜ਼ ਏ? ਕੁਲਭੂਸ਼ਨ ਹੁਰਾਂ ਦੀ ਗੱਲ ਵਿਚ ਬਾਪ ਵਾਲੀ ਫਿਕ਼ਰ ਝਲਕ ਰਹੀ ਸੀ. ਚੰਗਾ, ਜੇ ਅਗਾਂਹ ਹੋਰ ਨਹੀਂ ਪੜ੍ਹਨਾ ਤੇ ਅਪਣਾ ਘਰ ਵਸਾਉਣਾ ਏ ਤਾਂ ਏਸ ਫੈਸਲੇ ਵਿਚ ਕੋਈ ਭੈੜ ਨਹੀਂ. ਭਾਗ ਵਾਨੇ ਧੀ ਚਿੰਕੀ ਨੂੰ ਆਖ ਕਿ ਮੁੰਡੇ ਵਾਲਿਆਂ ਨੂੰ ਸੁਣੇਹਾ ਭੇਜ ਦੇ, ਮੈਂ ਮਿਲਣ ਲਈ ਤਿਆਰ ਹਾਂ.
ਕਾਂਡ-4
ਮਥਰੋ ਇਹੋ ਕੁਝ ਸੁਣਨ ਲਈ ਬੀਹਬਲ ਹੁੰਦੀ ਜਾਂਦੀ ਸੀ. ਮਾਂ ਦੀਆਂ ਆਂਦਰਾਂ ਜੁ ਹੋਈਆਂ. ਓਸ ਨੇ ਧੀ ਦੇ ਕਮਰੇ ਦਾ ਬੂਹਾ ਉਤਸ਼ਾਹ ਨਾਲ ਭੰਨ ਸੁੱਟਿਆ, ਕੁੰਡਾ ਆਪਣੀ ਅਰਲ ਵਿੱਚੋਂ ਨਿਕਲ ਕੇ ਖੁਦ ਹੀ ਖੁੱਲ੍ਹ ਗਿਆ. ਚਿੰਕੀ, ਅੰਦਰ ਸੁੱਤੀ ਪਈ ਸੀ, ਅਚੇਤ ਹੀ ਓਹਨੂੰ ਮਾਂ ਨੇ ਉਠਾਇਆ. ਤੇ ਸਾਰੀ ਗੱਲ-ਕੱਥ ਦੱਸੀ, ਚਿੰਕੀ ਨੂੰ ਬੜਾ ਧਰਵਾਸ ਮਿਲਿਆ. ਓਸ, ਦੋ ਦਿਨਾਂ ਪਿੱਛੋਂ ਰੋਟੀ ਵੀ ਖਾਧੀ, ਟੀ. ਵੀ. ਦੇਖਿਆ ਤੇ ਪਹਿਲੀ ਰੁਟੀਨ ਮੁਤਾਬਕ ਮੁਬਾਇਲ ਉੱਤੇ ਇੰਟਰਨੈੱਟ ਵੀ ਖਪਤ ਕੀਤਾ. ਆਪਣੇ ਪ੍ਰੇਮੀ ਗਿਆਨਵੀਰ ਨੂੰ ਵੀਡੀਓ ਕਾਲ ਕੀਤੀ,..ਤੇ ਪਿਓ ਦਾ ਫ਼ੈਸਲਾ ਸੁਣਾਇਆ ਕਿ ਓਹ ਪੂਰੀ ਜ਼ਹਿਨੀ ਤਿਆਰੀ ਕਰ ਕੇ ਆਏ, ਹੋਣ ਵਾਲੇ ਸਹੁਰੇ ਨੇ “ਇੰਟਰਵਿਊ” ਲਈ ਸੱਦਿਆ ਏ. ਪਿਆਰੋ ਦਾ ਸੁਣੇਹਾ, ਗਿਆਨਵੀਰ ਨੂੰ ਅੰਬਰਾਂ ਵਿਚ ਉਡਾ ਰਿਹਾ ਸੀ. ਦੋਵਾਂ ਨੇ ਆਪੋ-ਆਪਣੇ ਘਰ ਦੀਆਂ ਛੱਤਾਂ ਉੱਤੇ ਚੜ੍ਹ ਕੇ, ਪੂਰੇ 43 ਮਿੰਟਾਂ ਤਾਈਂ ਫੋਨ ਉੱਤੇ ਗੱਲਾਂ ਮਾਰੀਆਂ, ਵਰਚੁਅਲ ਇਸ਼ਕ਼ ਕੀਤਾ ਤੇ ਤਿੰਨ ਦਿਨਾਂ ਬਾਅਦ ਆਉਣ ਵਾਲੇ ਐਤਵਾਰ ਦੀ ਉਡੀਕ ਵਿਚ ਗੁਆਚ ਗਏ. ਓਧਰੋਂ, ਪੱਛਮੀ ਗੜਬੜੀ ਕਾਰਨ ਮੌਸਮ ਖੁਸ਼ਨੁਮਾ ਹੋ ਗਿਆ. ਗਿਆਨਵੀਰ ਤੇ ਚਿੰਕੀ ਰੁਮਾਨੀ ਏਹਸਾਸ ਨੂੰ ਮਨੋ-ਮਨੀ ਵਧਾਉੰਦੇ ਜਾ ਰਹੇ ਸਨ. ਪਲਾਂ ਦੇ ਫ਼ਰਕ਼ ਨਾਲ ਦੋਵੇਂ ਨੀਂਦ ਦੀ ਵਾਦੀ ਵਿਚ ਚਲੇ ਗਏ. ਦੂਜੇ ਦਿਨ ਜਾਗੇ ਤਾਂ ਸਰੀਰਾਂ ਵਿਚ ਜਵਾਨ ਰੌਅ ਪਹਿਲਾਂ ਨਾਲੋਂ ਵੱਧ ਜਾਪ ਰਿਹਾ ਸੀ.
ਕਾਂਡ-5
ਆਖ਼ਰਕਾਰ ਐਤਵਾਰ ਆ ਈ ਗਿਆ. ਗਿਆਨਵੀਰ ਤੇ ਓਹਦਾ ਤਾਇਆ ਹਰਬੰਸ ਬਣਸਾ ਦੋਵੇਂ ਪਿਆਰੋ ਦੇ ਘਰ ਦੀ ਬੈਠਕ ਵਿਚ ਬੈਠੇ ਸਨ. ਕੁਲਭੂਸ਼ਨ ਹੁਰਾਂ ਪੁੱਛਿਆ, “ਕਾਕਾ ਕੀ ਕੰਮ ਕਾਰ ਕੀ ਕਰਦੇ ਓ? ਮੇਰੀ ਧੀ ਨੂੰ ਕੁਝ ਖੁਆ ਸਕੋਂਗੇ”?
ਗਿਆਨ ਵੀਰ ਨੇ ਬੜੀ ਆਜਜ਼ੀ ਨਾਲ ਕਿਹਾ, “ਬਾਊ ਜੀ, ਜੇਲ੍ਹ ਦਾ ਮੁਲਾਜ਼ਮ ਆਂ, ਕੈਦੀਆਂ ਦੀ ਰੋਟੀ ਤਿਆਰ ਕਰਵਾਉਂਦਾ ਹਾਂ….”
ਕੁਲਭੁਸ਼ਨ ਨੇ ਧੀ ਦੇ ਪਿਓ ਵਾਂਗਰਾ ਰੋਅਬ ਨਾਲ ਪੁੱਛਿਆ, “… ਕੁਝ ਹੋਰ ਵੀ ਹੱਥ ਮਾਰ ਲੈਂਦਾ ਐ, ਕਿ ਨਹੀਂ? ਮੇਰਾ ਮਤਲਬ ਏ, ਉੱਪਰਲੀ ਕਮਾਈ..?”
ਇਹ ਗੱਲ ਆਖ ਕੇ, ਕੁਲਭੂਸ਼ਨ ਨੇ ਜਿਵੇੰ, ਤੀਰ ਨਿਸ਼ਾਨੇ ਉੱਤੇ ਮਾਰਿਆ ਸੀ!!
ਗਿਆਨਵੀਰ ਨੇ ਕਿਹਾ, ਹਾਂਜੀ, ਮਾੜਾ ਮੋਟਾ ਹੱਥ ਪੈ ਜਾਂਦਾ ਏ! ਓਹ ਹੱਥ ਦੀਆਂ ਲਕੀਰਾਂ ਪੜ੍ਹਨ ਵਾਲੇ, ਤਾਂਤਰਿਕ ਤੇ ਪਤਰੀ ਵਾਚਣ ਵਾਲੇ ਜਿਉਂਦੇ ਵੱਸਦੇ ਰਹਿਣ. ਓਹਨਾਂ ਨੇ ਸਦੀਆਂ ਤੋਂ ਸਮਾਜ ਵਿਚ ਵਹਿਮ ਫੈਲਾਇਆ ਏ ਕਿ, ਜੇ ਤੁਸੀਂ ਗਰੀਬਾਂ ਦਾ ਹੱਕ਼ ਮਾਰਦੇ ਓ, ਅਪਰਾਧ ਕਰਦੇ ਓ ਤਾਂ ਜੇਲ੍ਹ ਜਾਣੋ ਬਚਣ ਲਈ “ਜੇਲ੍ਹ ਦੀ ਰੋਟੀ” ਬਾਹਰੋਂ ਬਾਹਰ ਖਾ ਲਓ. ਦੇਖੋ ਜੀ, ਮੈਂ ਤੇ ਜਿੰਨੀ ਰੋਟੀ ਤਿਆਰ ਕਰਾ ਕੇ, ਜੇਲ੍ਹ ਦੇ ਅੰਦਰ ਕੈਦੀਆਂ ਲਈ ਭੇਜਦਾ ਆਂ, ਓਨੀ ਰੋਟੀ ਮੈਂ ਜਾਹਲ ਤੇ ਅੰਧ-ਵਿਸ਼ਵਾਸ਼ੀ ਅਮੀਰਾਂ ਨੂੰ ਵੀ ਵੇਚਦਾ ਹਾਂ. ਬਾਪੂ ਜੀ, ਇਹੋ ਮੇਰੀ ਉੱਪਰਲੀ ਕਮਾਈ ਏ..!”
ਇਹ ਗੱਲ ਸੁਣਦੇ ਈ ਚਿੰਕੀ ਦਾ ਪਿਓ ਖੁਸ਼ੀ ਨਾਲ ਉਛਲ ਪਿਆ…
ਕਾਂਡ-6
ਕੁਲਭੂਸ਼ਣ ਹੁਰਾਂ ਦੂਜੇ ਈ ਦਿਨ ਪਤਨੀ ਮਥਰੋ ਨੂੰ ਕੋਲ ਬੁਲਾਇਆ ਤੇ ਮੁੰਡਾ ਪਸੰਦ ਆਉਣ ਬਾਰੇ ਹਾਮੀ ਭਰ ਦਿੱਤੀ.
ਮਥਰੋ ਨੇ ਜਗਿਆਸਾ ਨਾਲ ਪੁੱਛਿਆ, ਕੀ ਗੱਲ ਬੜੀ ਛੇਤੀ ਮੰਨ ਗਏ ਓ! ਧੀ ਦੀ “ਪਸੰਦ” ਉੱਤੇ ਬੜਾ ਭਰੋਸਾ ਏ! ਕੁਲਭੂਸ਼ਣ ਨੇ ਬੜੇ ਸਵੈ-ਭਰੋਸੇ ਨਾਲ ਕਿਹਾ, “ਭਾਗ ਵਾਨੇ, ਮੁੰਡਾ ਸਾਡੀ ਈ ਬੇੜੀ ਦਾ ਸਵਾਰ ਈ, ਅਸੀਂ ਵੀ ਤਾਂ ਜਜਮਾਨਾਂ ਨੂੰ ਗੈਬੀ ਸੌਦਾ ਵੇਚ ਕੇ ਈ ਰੁਜ਼ਗਾਰ ਕਮਾਇਆ ਏ, ਇਹ ਮੁੰਡਾ ਗਿਆਨਵੀਰ ਵੀ ਸਾਡੀ ਬੇੜੀ ਦਾ ਸਵਾਰ ਏ. ਦਰਅਸਲ, ਮੇਰੇ ਬਜ਼ੁਰਗਾਂ ਤੇ ਖੁਦ ਮੈਂ ਵੀ ਜਜਮਾਨਾਂ ਨੂੰ ਇਹ ਕਹਿੰਦਾ ਰਿਹਾ ਕਿ ਜਿਥੋਂ ਜੇਲ੍ਹ ਦੀ ਰੋਟੀ ਮਿਲੇ, ਖਾ ਲਿਆ ਕਰੋ, ਇਵੇਂ ਅਪਰਾਧ ਕੀਤਾ ਹੋਣ ਉੱਤੇ ਵੀ ਕੈਦ ਨਹੀਂ ਬੋਲਦੀ..! ਭਾਵੇਂ ਕੁਸ਼ ਕੀਤਾ ਹੋਵੇ ਪਰ ਏਸ ਵਹਿਮ ਤਹਿਤ ਏਨਾ ਕਾਰੋਬਾਰ ਚੱਲਦਾ ਹੋਵੇਗਾ, ਇਹ ਨਹੀਂ ਸੀ ਪਤਾ. ਚੱਲ ਸਾਡੀ ਚਿੰਕੀ ਨੂੰ ਵੀ ਇਹ ਖ਼ਬਰ ਆਖ ਸੁਣਾ. ਓਹਨੂੰ ਵੀ ਪੱਕਾ ਚੈਨ ਪਵੇ. ਮਥਰੋ, ਇਹ ਸਭ ਸੁਣ ਕੇ ਧੀ ਦੇ ਸੁਖਾਲੇ ਭਵਿੱਖ ਦੇ ਸੁਪਨਿਆਂ ਵਿਚ ਗੁਆਚਦੀ ਜਾ ਰਹੀ ਸੀ..!
ਸੰਪਰਕ : ਸਰੂਪ ਨਗਰ ਰਾਓਵਾਲੀ, ਦੋਆਬਾ.+916284336773
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



