ਨਿੱਘੇ ਨਿਘਾਏ ਰਹਿਕੇ

ਕੁਲਦੀਪ ਚੁੰਬਰ

(ਸਮਾਜ ਵੀਕਲੀ)

ਕਾਹਤੋਂ ਫੂੰ ਫੂੰ ਕਰਨੀ ਯਾਰੋ , ਖੁਸ਼ੀ ਨਾਮੇ ਹੀ ਵਕਤ ਗੁਜ਼ਾਰੋ
ਤਾਸ਼ ਦੇ ਪੱਤਿਆਂ ਵਾਂਗ ਇਹ ਭੈੜਾ, ਦਿੰਦਾ ਜੱਗ ਖਿਲਾਰ
ਨਿੱਘੇ ਨਿਘਾਏ ਰਹਿਕੇ ਕੱਟੀਏ, ਜ਼ਿੰਦਗੀ ਦੇ ਦਿਨ ਚਾਰ

ਕਿਹੜੀ ਗੱਲੋਂ ਆਪਣੇ ਸੱਜਣਾ ਜਲਵੇ ਕਰ ਕਰ ਦੱਸਣੇ
ਛੋਛੇਬਾਜ਼ੀਆਂ ਕਰ ਨਾ ਇਥੇ ਹਰ ਇਕ ਨੇ ਤੰਦ ਕੱਸਣੇ
ਸਿਧ ਪੱਧਰਾ ਜੀਵਨ ਅਪਣਾ ਲੈ , ਨਾ ਤੂੰ ਫੁਕਰੀਆਂ ਮਾਰ
ਨਿੱਘੇ ਨਿਘਾਏ ਰਹਿਕੇ ਕੱਟੀਏ …………

ਬੰਦਾ ਛੋਟਾ ਹੋਏ ਜਾਂ ਵੱਡਾ ਸਭ ਦੀਆਂ ਕਰੀਏ ਕਦਰਾਂ
ਬਿਨਾਂ ਗੱਲ ਤੋਂ ਰੱਖ ਨਾ ਐਵੇਂ ਕੁੱਲ ਆਲਮ ਦੀਆਂ ਖ਼ਬਰਾਂ
ਰੁੱਖੀ ਮਿੱਸੀ ਖਾ ਕੇ ਪੀ ਲੈ,  ਪਾਣੀ ਠੰਡਾ ਠਾਰ
ਨਿੱਘੇ ਨਿਘਾਏ ਰਹਿਕੇ ਕੱਟੀਏ ………….

ਧੌਂਸਬਾਜੀਆਂ ਕਾਹਦੀਆਂ ਏਥੇ ਰੱਬ ਦੀ ਰਜ਼ਾ ‘ਚ ਰਹੀਏ
ਉੱਚਾ ਨੀਵਾਂ ਬੋਲ ਕਦੇ ਨਾ ਕਿਸੇ ਨੂੰ ਭੁੱਲ ਕੇ ਕਹੀਏ
ਇਹ ਜ਼ਿੰਦਗੀ ਦੀ ਬਾਜੀ ਸੱਜਣਾ, ਇੱਕ ਦਿਨ ਜਾਣੀ ਹਾਰ
ਨਿੱਘੇ ਨਿਘਾਏ ਰਹਿਕੇ ਕੱਟੀਏ ………….

‘ਚੁੰਬਰਾ’ ਅੱਖ ਵਿੱਚ ਰੜਕੇ ਜਿਹੜਾ ਓਸਦਾ ਜੱਗ ਹੈ ਵੈਰੀ
ਓਸਦੇ ਹਰ ਇੱਕ ਕੰਮ ਤੇ ਆਲਮ ਰੱਖਦਾ ਹੈ ਅੱਖ ਗਹਿਰੀ
ਇਹ ਰਸਤਾ ਹੈ ਕੰਡਿਆਂ ਭਰਿਆ, ਹੋ ਕੇ ਰਹਿ ਹੁਸ਼ਿਆਰ
ਨਿੱਘੇ ਨਿਘਾਏ ਰਹਿਕੇ ਕੱਟੀਏ ………….

         ਪੇਸ਼ਕਸ਼ : ਕੁਲਦੀਪ ਚੁੰਬਰ ਕਨੇਡਾ

Previous articleਪੋਸ਼ਨ ਅਭਿਆਨ ਤਹਿਤ ਗਤੀਵਿਧੀਆਂ ਜਾਰੀ
Next articleਗਣਪਤੀ ਵਿਸਰਜਨ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ‘ਤੇ ਪਥਰਾਅ, 2 ਗੁੱਟਾਂ ‘ਚ ਝੜਪ, ਪੁਲਸ ਨੇ ਕੀਤਾ ਲਾਠੀਚਾਰਜ