ਆਜ਼ਾਦ ਨੇ ਜੰਮੂ ਕਸ਼ਮੀਰ ਬਾਰੇ ਕੇਂਦਰ ਦੇ ਇਰਾਦਿਆਂ ’ਤੇ ਖੜ੍ਹੇ ਕੀਤੇ ਸਵਾਲ

ਨਵੀਂ ਦਿੱਲੀ (ਸਮਾਜ ਵੀਕਲੀ) : ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਅੱਜ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਕੇਂਦਰ ਸਰਕਾਰ ਦੇ ਇਰਾਦਿਆਂ ’ਤੇ ਸਵਾਲ ਖੜ੍ਹੇ ਕੀਤੇ। ਸੱਤਾਧਾਰੀ ਐਨਡੀਏ ਨੂੰ ਸਵਾਲ ਕਰਦਿਆਂ ਆਜ਼ਾਦ ਨੇ ਕਿਹਾ ਕਿ ਕੀ ਸਰਕਾਰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰੱਖਣਾ ਚਾਹੁੰਦੀ ਹੈ। ਪੂਰਨ ਰਾਜ ਦਾ ਦਰਜਾ ਮੰਗਦਿਆਂ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਕਾਸ ਰੁਕ ਗਿਆ ਹੈ, ਬੇਰੁਜ਼ਗਾਰੀ ਵੱਧ ਰਹੀ ਹੈ ਤੇ ਉਦਯੋਗ ਬੰਦ ਹੋ ਰਹੇ ਹਨ।

ਲੋਕਾਂ ਦਾ ਖਿੱਤੇ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ‘ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੁੱਛਣਾ ਚਾਹੁੰਦਾ ਹੈ ਕਿ ਜੇ ਮੌਜੂਦਾ ਕੇਡਰ ਸਹੀ ਕੰਮ ਕਰ ਰਿਹਾ ਸੀ ਤਾਂ ਇਸ ਦੇ ਰਲੇਵੇਂ ਦੀ ਕੀ ਲੋੜ ਸੀ? ਤੁਸੀਂ ਵਾਅਦਾ ਕੀਤਾ ਸੀ ਕਿ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ। ਜੰਮੂ ਕਸ਼ਮੀਰ (ਸੋਧ) ਬਿੱਲ 2021 ਦਾ ਵਿਰੋਧ ਕਰਦਿਆਂ ਆਜ਼ਾਦ ਨੇ ਕਿਹਾ ਕਿ ਇਹ ਬਿੱਲ ਸ਼ੱਕ ਪੈਦਾ ਕਰਦਾ ਹੈ ਕਿ ਭਾਰਤ ਸਰਕਾਰ ਜੰਮੂ ਕਸ਼ਮੀਰ ਨੂੰ ਪੱਕੇ ਤੌਰ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰੱਖਣਾ ਚਾਹੁੰਦੀ ਹੈ।’ ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਵਜੋਂ ਆਜ਼ਾਦ ਦਾ ਕਾਰਜਕਾਲ 15 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ। ਆਜ਼ਾਦ ਨੇ ਕਿਹਾ ਕਿ ਪਹਿਲਾਂ ਵਾਲਾ ਕਾਨੂੰਨ ਸਥਾਨਕ ਲੋਕਾਂ ਲਈ ਨੌਕਰੀ ਯਕੀਨੀ ਬਣਾ ਰਿਹਾ ਸੀ।

ਪਰ ਹੁਣ ਜੰਮੂ ਸੂਬੇ ਦੇ ਹੀ 10 ’ਚੋਂ ਸੱਤ ਜ਼ਿਲ੍ਹਿਆਂ ’ਚ ਕੋਈ ਉਦਯੋਗਿਕ ਇਕਾਈ ਨਹੀਂ ਹੈ, ਨਾ ਰੇਲ ਸੰਪਰਕ ਹੈ। ਹੋਰ ਬੁਨਿਆਦੀ ਸਹੂਲਤਾਂ ਦਾ ਵੀ ਬੁਰਾ ਹਾਲ ਹੈ।  ਸੰਸਦ ਮੈਂਬਰ ਨੇ ਕਿਹਾ ਕਿ ਜੇ ਖਿੱਤੇ ਵਿਚ ਚੁਣੇ ਨੁਮਾਇੰਦੇ ਹੋਣਗੇ ਤਾਂ ਉਹ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਗੇ। ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੰਮੂ ਕਸ਼ਮੀਰ ਸਾਡੇ ਦੋਵਾਂ ਦੁਸ਼ਮਣਾਂ ਪਾਕਿਸਤਾਨ ਤੇ ਚੀਨ ਨਾਲ ਲੱਗਦਾ ਹੈ। ਇਸ ਲਈ ਉੱਥੇ ਲੋਕਾਂ ਦੇ ਦਿਲ ਜਿੱਤਣੇ ਚਾਹੀਦੇ ਹਨ ਤੇ ਰਾਜ ਦਾ ਦਰਜਾ ਬਹਾਲ ਕਰਨ ਲਈ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।

Previous articleNo link between post-vaccination deaths and vaccines: Harsh Vardhan
Next articleਕੇਂਦਰ ਵੱਲੋਂ ‘ਟਵਿੱਟਰ’ ਨੂੰ 1178 ਅਕਾਊਂਟ ਬੰਦ ਕਰਨ ਲਈ ਨੋਟਿਸ