ਮਿਹਨਤ ਦੇ ਮੁਜੱਸਮੇ : ਅਧਿਆਪਕਾ ਨੀਲਮ ਰਾਣੀ ਜੀ

ਨੀਲਮ ਰਾਣੀ

(ਸਮਾਜ ਵੀਕਲੀ)

ਸ਼੍ਰਧਾਮਯੋਯਮ ਪੁਰੂਸ਼ੋ ਯੋ ਯਚਛ੍ਰਿਧਾ ਸਏਵ ਸਾ ।। “
… ਮਹਾਂਭਾਰਤ /ਸ਼ਾਂਤੀਪਰਵ 264/17

ਜਦੋਂ ਕਿਸੇ ਇਨਸਾਨ ਦੀ ਆਪਣੇ ਪਵਿੱਤਰ ਕਰਮ , ਆਪਣੇ ਫ਼ਰਜ਼ , ਆਪਣੀ ਭੂਮਿਕਾ ਤੇ ਆਪਣੇ ਅਸਤਿਤਵ ਪ੍ਰਤੀ ਪੂਰਨ ਲਗਨ , ਪੂਰਨ ਸਮਰਪਣ , ਪੂਰਨ ਨਿਸ਼ਠਾ ਤੇ ਪੂਰਨ ਸ਼ਰਧਾ ਬਣ ਜਾਂਦੀ ਹੈ ਤਾਂ ਉਹ ਵਿਅਕਤੀਤਵ , ਅਜਿਹੀ ਸ਼ਖ਼ਸੀਅਤ ਆਪਣੇ ਅਹਿਮ ਯੋਗਦਾਨ ਅਤੇ ਆਪਣੇ ਕਾਰਜਾਂ ਸਦਕਾ ਆਪਣੇ ਕਰਮ ਖੇਤਰ ਅਤੇ ਆਪਣੇ ਸਮਾਜ ਵਿੱਚ ਵਿਸ਼ੇਸ਼ – ਥਾਂ ਬਣਾ ਲੈਂਦੇ ਹਨ। ਅਜਿਹੇ ਹੀ ਕਰਮਸ਼ੀਲ , ਮਿਹਨਤ ਦਾ ਮੁਜੱਸਮਾ ਤੇ ਕਰਮ ਪ੍ਰਤੀ ਨਿਸ਼ਠਾਵਾਨ ਅਧਿਆਪਕਾ ਹਨ : ਸ੍ਰੀਮਤੀ ਨੀਲਮ ਰਾਣੀ ਜੀ। ਮੈਡਮ ਨੀਲਮ ਰਾਣੀ ਜੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬ੍ਰਹਮਪੁਰ ਅੱਪਰ , ਸਿੱਖਿਆ – ਬਲਾਕ : ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ : ਰੂਪਨਗਰ ਵਿਖੇ ਬਤੌਰ ਈ. ਟੀ. ਟੀ. ਅਧਿਆਪਕਾ ਆਪਣੀ ਨੌਕਰੀ ਬਾਖ਼ੂਬੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।

ਇਸ ਸਕੂਲ ਵਿਚ ਆਉਣ ਤੋਂ ਬਾਅਦ ਸ੍ਰੀਮਤੀ ਨੀਲਮ ਰਾਣੀ ਜੀ ਨੇ ਜਿੱਥੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਿਸ਼ੇਸ਼ ਵਾਧਾ ਕੀਤਾ ; ਉੱਥੇ ਹੀ ਪੜ੍ਹਾਈ ਪੱਖੋਂ ਵੀ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ ਤੇ ਵੱਖ – ਵੱਖ ਮੁਕਾਬਲਿਆਂ ਵਿੱਚ ਵੀ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਈ। ਉਨ੍ਹਾਂ ਦੇ ਸਮਰਪਣ ਭਾਵ ਨੂੰ ਦੇਖਦੇ ਹੋਏ ਸਕੂਲ ਦੇ ਕੰਮਾਂ ਵਿੱਚ ਗ੍ਰਾਮ ਪੰਚਾਇਤ ਨੇ ਵੀ ਇਨ੍ਹਾਂ ਦਾ ਕਾਫ਼ੀ ਸਹਿਯੋਗ ਕੀਤਾ। ਮੈਡਮ ਨੀਲਮ ਰਾਣੀ ਜੀ ਤੇ ਉਨ੍ਹਾਂ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਤੇ ਹੋਰ ਗਤੀਵਿਧੀਆਂ ਸਬੰਧੀ ਵੀਡੀਓਜ਼ ਸੋਸ਼ਲ – ਮੀਡੀਆ ਗਰੁੱਪਾਂ ਵਿੱਚ ਸਮੇਂ – ਸਮੇਂ ‘ਤੇ ਅਧਿਕਾਰੀਆਂ ਵੱਲੋਂ ਸ਼ੇਅਰ ਕੀਤੀਆਂ ਗਈਆਂ। ਗੱਲ ਜੇਕਰ ਖੇਡਾਂ ਦੀ ਕਰੀਏ ਤਾਂ ਇਨ੍ਹਾਂ ਦੇ ਵਿਦਿਆਰਥੀ ਵੱਖ – ਵੱਖ ਖੇਡਾਂ ਤੇ ਯੋਗਾ ਆਦਿ ਖੇਤਰਾਂ ਵਿੱਚ ਜ਼ਿਲ੍ਹਾ ਅਤੇ ਸਟੇਟ ਪੱਧਰ ‘ਤੇ ਆਪਣੀ ਭਾਗੀਦਾਰੀ ਦਰਜ ਕਰਵਾ ਚੁੱਕੇ ਹਨ। ਇਹ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਅਧਿਆਪਕਾ ਨੀਲਮ ਰਾਣੀ ਜੀ ਨੇ ਕੋਵਿੱਡ – 19 ਦੌਰਾਨ ਵੀ ਸਕੂਲ ਦੇ ਵਿਦਿਆਰਥੀਆਂ ਪ੍ਰਤੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।

ਇਨ੍ਹਾਂ ਨੇ ਵਾਧੂ – ਜਮਾਤਾਂ ਦਾ ਵੀ ਆਯੋਜਨ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਦਾ ਪੜ੍ਹਾਈ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ। ਜੇਕਰ ਮੈਡਮ ਨੀਲਮ ਰਾਣੀ ਜੀ ਦੇ ਸੁਭਾਅ ਦੀ ਗੱਲ ਕਰੀਏ ਤਾਂ ਉਹ ਹਮੇਸ਼ਾਂ ਨਿਮਰਤਾ , ਹਲੀਮੀ , ਸ਼ਾਂਤੀ ਅਤੇ ਬਹੁਤ ਨਿਸ਼ਠਾ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਦਾ ਅਜਿਹਾ ਹੀ ਬਹੁਤ ਵਧੀਆ ਵਿਹਾਰ ਆਪਣੇ ਸਕੂਲ ਦੇ ਵਿਦਿਆਰਥੀਆਂ , ਸਮਾਜ ਅਤੇ ਅਧਿਆਪਕ ਸਾਥੀਆਂ ਪ੍ਰਤੀ ਹਮੇਸ਼ਾ ਰਹਿੰਦਾ ਹੈ। ਉਨ੍ਹਾਂ ਦੀ ਹਲੀਮੀ ਤੇ ਮਿਠਾਸ ਹਮੇਸ਼ਾਂ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਪ੍ਰਤੀ ਇੱਕ ਆਪਣਾਪਣ , ਇੱਕ ਨੇੜਤਾ ਅਤੇ ਨਿਡਰਤਾ ਤੇ ਨਿਡਰਤਾ ਵਾਲਾ ਸੁਖਾਵਾਂ ਮਾਹੌਲ ਪੈਦਾ ਕਰਦੀ ਹੈ। ਅਧਿਆਪਕਾ ਨੀਲਮ ਰਾਣੀ ਹਮੇਸ਼ਾ ਆਪਣੇ ਵਿਦਿਆਰਥੀਆਂ ਨਾਲ ਆਪਣੇ ਬੱਚਿਆਂ ਵਾਂਗ ਪੇਸ਼ ਆਉਂਦੇ ਹਨ। ਅਜਿਹੇ ਸਮਰਪਿਤ , ਕਰਮਯੋਗੀ , ਮਿਹਨਤੀ , ਠਰੰਮੇ ਵਾਲੇ ਸੁਭਾਅ ਦੇ , ਸ਼ਾਂਤੀਪ੍ਰਿਆ ਤੇ ਨਿਸ਼ਠਾਵਾਨ ਅਧਿਆਪਕਾ ਸਮੁੱਚੇ ਅਧਿਆਪਕ – ਵਰਗ ਦੇ ਲਈ ਚਾਨਣ – ਮੁਨਾਰਾ ਹਨ।

ਇਨ੍ਹਾਂ ਦੇ ਸਮਰਪਣ ਨੂੰ ਦੇਖਦੇ ਹੋਏ ਸ੍ਰੀਮਤੀ ਨੀਲਮ ਰਾਣੀ ਜੀ ਨੂੰ ਗ੍ਰਾਮ – ਪੰਚਾਇਤ , ਜ਼ਿਲ੍ਹਾ ਸਿੱਖਿਆ ਅਧਿਕਾਰੀ ਰੂਪਨਗਰ ਤੇ ਉਪ – ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਸਨਮਾਨਿਤ ਕੀਤਾ ; ਜੋ ਕਿ ਬਹੁਤ ਵੱਡੀ ਉਪਲੱਬਧੀ ਹੈ। ਸ੍ਰੀਮਤੀ ਨੀਲਮ ਰਾਣੀ ਜੀ ਦੇ ਸਮਰਪਣ ਨੂੰ ਦਿਲੋਂ ਸਲਾਮ। ਪਰਮਾਤਮਾ ਉਨ੍ਹਾਂ ਨੂੰ ਵਿੱਦਿਆ – ਖੇਤਰ ਵਿੱਚ ਯੋਗਦਾਨ ਪਾਉਣ ਲਈ ਹੋਰ ਬਲ ਬਖ਼ਸ਼ੇ ਤੇ ਉਹ ਇਸੇ ਤਰ੍ਹਾਂ ਵਿਦਿਆਰਥੀਆਂ ਅਤੇ ਸਮਾਜ ਦੀ ਭਲਾਈ ਲਈ ਕਾਰਜਰਤ ਤੇ ਤੱਤਪਰ ਰਹਿਣ। ਅਜਿਹੇ ਸੂਝਵਾਨ , ਗਿਆਨਵਾਨ ਤੇ ਸ਼ਾਂਤੀਪ੍ਰਿਆ ਤੇ ਕਰਮਸ਼ੀਲ ਅਧਿਆਪਕਾ ਸ੍ਰੀਮਤੀ ਨੀਲਮ ਰਾਣੀ ਜੀ ਬਾਰੇ ਇਹ ਸਤਰਾਂ ਇਸ ਤਰ੍ਹਾਂ ਵਿਆਖਿਆ ਕਰਦੀਆਂ ਹਨ :-
” ਸਾਗਰਾਂ ਦੀ ਭਾਲ ਵਿੱਚ
ਜੋ ਤੁਰ ਰਹੇ ਨੇ ਕਾਫ਼ਿਲੇ ,
ਕਦ ਉਨ੍ਹਾਂ ਪੁੱਛਿਆ
ਕਿ ਰਾਹ ਰੇਤਲਾ ਕਿੰਨਾ ਕੁ ਹੈ ? ”

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ .
9478561356

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Not an ordinary crime’: SC rejects Asaram’s plea for suspension of sentence
Next articlePankaj Kumar Singh takes over as new BSF chief