ਨੇਅਪੀਤਾਅ (ਮਿਆਂਮਾਰ) (ਸਮਾਜ ਵੀਕਲੀ): ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮਿਆਂਮਾਰ ’ਚ ਸਟੇਟ ਐਡਮਿਨੀਸਟਰੇਸ਼ਨ ਕਾਊਂਸਿਲ ਦੇ ਮੁਖੀ ਅਤੇ ਹੋਰ ਸੀਨੀਅਰ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਭਾਰਤ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਉਠਾਏ। ਉਨ੍ਹਾਂ ਨਾਲ ਹੀ ਗੁਆਂਢੀ ਮੁਲਕ ’ਚ ਛੇਤੀ ਤੋਂ ਛੇਤੀ ਲੋਕਤੰਤਰ ਦੀ ਬਹਾਲੀ ’ਤੇ ਜ਼ੋਰ ਦਿੱਤਾ। ਮਿਆਂਮਾਰ ’ਚ ਆਂਗ ਸਾਂ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਫਰਵਰੀ ’ਚ ਫ਼ੌਜ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਮਗਰੋਂ ਇਹ ਭਾਰਤ ਵੱਲੋਂ ਗੁਆਂਢੀ ਮੁਲਕ ਨਾਲ ਕੀਤਾ ਗਿਆ ਪਹਿਲਾ ਉੱਚ ਪੱਧਰੀ ਸੰਪਰਕ ਹੈ। ਕਾਊਂਸਿਲ ਦੀ ਅਗਵਾਈ ਜਨਰਲ ਮਿਨ ਆਂਗ ਹਲੈਂਗ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਦੱਸਿਆ ਕਿ ਸ਼੍ਰਿੰਗਲਾ ਨੇ ਆਪਣੀ ਯਾਤਰਾ ਦੌਰਾਨ ਨੈਸ਼ਨਲ ਲੀਗ ਫਾਰ ਡੈਮੋਕਰੈਸੀ ਸਮੇਤ ਹੋਰ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ਦੇ ਮੈਂਬਰਾਂ ਨਾਲ ਬੈਠਕਾਂ ਕੀਤੀਆਂ ਹਨ।
ਮੀਟਿੰਗਾਂ ਦੌਰਾਨ ਵਿਦੇਸ਼ ਸਕੱਤਰ ਨੇ ਹਿਰਾਸਤ ਅਤੇ ਕੈਦ ’ਚ ਰੱਖੇ ਗਏ ਲੋਕਾਂ ਦੀ ਰਿਹਾਈ, ਗੱਲਬਾਤ ਰਾਹੀਂ ਮੁੱਦਿਆਂ ਦੇ ਹੱਲ ਅਤੇ ਹਰ ਤਰ੍ਹਾਂ ਦੀ ਹਿੰਸਾ ’ਤੇ ਰੋਕ ਲਾਉਣ ਲਈ ਵੀ ਕਿਹਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੇ ਸੰਗਠਨ ਆਸੀਆਨ ਨੂੰ ਲਗਾਤਾਰ ਭਾਰਤ ਵੱਲੋਂ ਹਮਾਇਤ ਦੀ ਵਚਨਬੱਧਤਾ ਦੁਹਰਾਈ ਅਤੇ ਉਮੀਦ ਜਤਾਈ ਕਿ ਪੰਜ ਸੂਤਰੀ ਸਹਿਮਤੀ ਦੇ ਆਧਾਰ ’ਤੇ ਵਿਵਹਾਰਕ ਅਤੇ ਰਚਨਾਤਮਕ ਤਰੀਕੇ ਨਾਲ ਤਰੱਕੀ ਕੀਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਇਸ ਯਾਤਰਾ ਨਾਲ ਭਾਰਤ ਦੀ ਸੁਰੱਖਿਆ ਨਾਲ ਜੁੜੇ, ਖਾਸ ਕਰਕੇ ਦੱਖਣੀ ਮਨੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ’ਚ ਹੁਣੇ ਜਿਹੀਆਂ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਮੁੱਦਿਆਂ ਨੂੰ ਉਠਾਉਣ ਦਾ ਮੌਕਾ ਮਿਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly