ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜੀ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ 11 ਨਿਹੰਗ ਸਿੰਘਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਹ ਸਮਾਗਮ ਸ੍ਰੀ ਪਾਉਂਟਾ ਸਾਹਿਬ ਵਿਖੇ 22 ਮਈ 1964 ਨੂੰ ਵਾਪਰੇ ਸ਼ਹੀਦੀ ਸਾਕੇ ਦੀ ਯਾਦ ਨੂੰ ਸਮਰਪਿਤ ਸੀ, ਜਿਸ ਦੌਰਾਨ ਨਿਹੰਗ ਸਿੰਘਾਂ ਨੇ ਗੁਰੂ ਘਰ ਦੀ ਮਰਿਆਦਾ ਅਤੇ ਪ੍ਰਬੰਧ ਦੀ ਰੱਖਿਆ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਨਾਲ ਹੋਈ। ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ ਹਿਆਲਾ ਅਤੇ ਭਾਈ ਬਲਵੀਰ ਸਿੰਘ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਨ੍ਹਾਂ ਵੱਲੋਂ ਸ਼ਹੀਦੀ ਅਤੇ ਗੁਰਸਿੱਖੀ ਨਾਲ ਸੰਬੰਧਿਤ ਸ਼ਬਦਾਂ ਦਾ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਭਾਵੁਕ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨਾਲ ਭਰਿਆ ਹੋਇਆ ਸੀ ਅਤੇ ਸੰਗਤਾਂ ਨੇ ਗੁਰੂ ਜਸ ਸਰਵਣ ਕਰਦਿਆਂ ਸ਼ਰਧਾ ਪ੍ਰਗਟਾਈ। ਇਸ ਸਮਾਗਮ ਵਿੱਚ ਰੋਜ਼ਾਨਾ ਪੰਜਾਬ ਟਾਈਮਜ਼ ਦੇ ਚੀਫ਼ ਐਡੀਟਰ ਬਲਜੀਤ ਸਿੰਘ ਬਰਾੜ, ਉੱਘੇ ਪੱਤਰਕਾਰ ਗਿਆਨੀ ਤ੍ਰਿਲੋਚਨ ਸਿੰਘ ਵਿਰਕ, ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਗਤਾਰ ਸਿੰਘ ਰਾਹੋਂ, ਜਸਪਾਲ ਸਿੰਘ ਢਿੱਲੋਂ, ਗੁਰਜੰਟ ਸਿੰਘ, ਸਿੱਖ ਵਿਦਵਾਨ ਸਰਬਜੀਤ ਸਿੰਘ ਸੰਘਾ, ਕੌਂਸਲਰ ਸੰਤੋਖ ਸਿੰਘ ਅਟਵਾਲ, ਪ੍ਰਸਿੱਧ ਸੰਗੀਤਕਾਰ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲੇ ਅਤੇ ਦਮਦਮੀ ਟਕਸਾਲ ਦੇ ਹੈੱਡ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਸਮੇਤ ਹੋਰ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਨੇ ਹਮੇਸ਼ਾ ਪੰਥਕ ਕਾਰਜਾਂ ਵਿੱਚ ਚੜ੍ਹਦੀ ਕਲਾ ਨਾਲ ਭੂਮਿਕਾ ਨਿਭਾਈ ਹੈ ਅਤੇ ਗੁਰੂ ਘਰਾਂ ਦੀ ਮਰਿਆਦਾ ਦੀ ਰੱਖਿਆ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਪਾਉਂਟਾ ਸਾਹਿਬ ਦੀ ਆਜ਼ਾਦੀ ਲਈ ਨਿਹੰਗ ਸਿੰਘਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਸਿੱਖ ਇਤਿਹਾਸ ਦਾ ਅਹਿਮ ਅਧਿਆਇ ਹਨ, ਜਿਨ੍ਹਾਂ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਨੇ ਵੀ ਬਹੁਤ ਮੁਸ਼ਕਲਾਂ ਦੇ ਬਾਵਜੂਦ ਪੰਥ ਦੀ ਸੇਵਾ ਅਤੇ ਗੁਰੂ ਘਰਾਂ ਦੀ ਮਰਿਆਦਾ ਲਈ ਅਹਿਮ ਯੋਗਦਾਨ ਪਾਇਆ ਹੈ। ਗਿਆਨੀ ਤ੍ਰਿਲੋਚਨ ਸਿੰਘ ਵਿਰਕ ਅਤੇ ਹੋਰ ਬੁਲਾਰਿਆਂ ਨੇ ਵੀ ਆਪਣੇ ਸੰਬੋਧਨਾਂ ਵਿੱਚ ਸ਼ਹੀਦ ਨਿਹੰਗ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਿੱਖ ਇਤਿਹਾਸ ਅਤੇ ਸ਼ਹੀਦੀ ਪਰੰਪਰਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਗੁਰੂ ਘਰ ਅਤੇ ਮਾਤਾ ਖੀਵੀ ਜੀ ਸੁਸਾਇਟੀ ਵੱਲੋਂ ਬਲਜੀਤ ਸਿੰਘ ਬਰਾੜ ਨੂੰ ਪੱਤਰਕਾਰੀ, ਸਿੱਖੀ ਪ੍ਰਚਾਰ ਅਤੇ ਪੰਥਕ ਕਾਰਜਾਂ ਵਿੱਚ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਲਈ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗਿਆਨੀ ਸੁਖਚੈਨ ਸਿੰਘ, ਜਸਪਾਲ ਸਿੰਘ ਢਿੱਲੋਂ, ਜਗਤਾਰ ਸਿੰਘ ਰਾਹੋਂ, ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲੇ, ਗਿਆਨੀ ਤ੍ਰਿਲੋਚਨ ਸਿੰਘ ਵਿਰਕ, ਭਾਈ ਜਤਿੰਦਰ ਸਿੰਘ ਹਿਆਲਾ ਅਤੇ ਕੌਂਸਲਰ ਸੰਤੋਖ ਸਿੰਘ ਅਟਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਸੇਵਾ ਗਿਆਨੀ ਰਣਧੀਰ ਸਿੰਘ ਸੰਭਲ ਨੇ ਇਤਿਹਾਸਕ ਜਾਣਕਾਰੀ ਅਤੇ ਸ਼ਹੀਦੀ ਸਾਕੇ ਦੇ ਵੇਰਵੇ ਸਾਂਝੇ ਕਰਦਿਆਂ ਬਾਖੂਬੀ ਨਿਭਾਈ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



