ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਬੈਣੀਵਾਲ ਨੇ ਸੰਗਠਨ ਦੇ ਕੰਮਕਾਜ ਦੀ ਕੀਤੀ ਸਮੀਖਿਆ
ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਾਰੇ ਲੀਡਰਸ਼ਿਪ ਨਾਲ ਕੀਤੀ ਗੱਲਬਾਤ
ਜਲੰਧਰ (ਸਮਾਜ ਵੀਕਲੀ) ਫਿਲੌਰ ਦੇ ਪਿੰਡ ਧੁਲੇਤਾ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਹੜ੍ਹ ਪੀੜਤਾਂ ਦੇ ਮੁੱਦਿਆਂ ’ਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸੂਬੇ ਦੀ ਆਪ ਸਰਕਾਰ ਨੂੰ ਘੇਰਿਆ ਹੈ। ਬਸਪਾ ਦੇ ਜਲੰਧਰ ਵਿਖੇ ਸੂਬਾ ਦਫਤਰ ਵਿੱਚ ਹੋਈ ਮੀਟਿੰਗ ਦੌਰਾਨ ਇਨ੍ਹਾਂ ਮੁੱਦਿਆਂ ’ਤੇ ਜਿੱਥੇ ਆਪ ਸਰਕਾਰ ਦੀ ਨਿਖੇਧੀ ਕੀਤੀ ਗਈ, ਉਥੇ ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਨੂੰ ਵੀ ਗੈਰਸੰਵਿਧਾਨਕ ਕਰਾਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਮੁੱਖ ਮਹਿਮਾਨ ਵੱਜੋਂ ਪਹੁੰਚੇ, ਜਦਕਿ ਸੂਬਾ ਇੰਚਾਰਜ ਵਿਪੁਲ ਕੁਮਾਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਮੌਜ਼ੂਦ ਸਨ। ਮੀਟਿੰਗ ਦੀ ਪ੍ਰਧਾਨਗੀ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਮੌਕੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਪਾਰਟੀ ਦੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਬਸਪਾ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਬਾਰੇ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਸਮੇਤ ਪਾਰਟੀ ਦੇ ਸੂਬਾ ਇੰਚਾਰਜ ਵਿਪੁਲ ਕੁਮਾਰ ਅਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਸੂਬਾਈ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ ਅਤੇ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰਨ ਬਾਰੇ ਕਿਹਾ। ਇਸ ਦੌਰਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਫਿਲੌਰ ਦੇ ਪਿੰਡ ਧੁਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀ ਚਾਰਦੀਵਾਰੀ ਤੋੜੇ ਜਾਣ ਦੀ ਕਾਰਵਾਈ ਬੇਹੱਦ ਨਿੰਦਣਯੋਗ ਹੈ। ਇਹ ਕਾਰਵਾਈ ਸੂਬੇ ਦੀ ਆਪ ਸਰਕਾਰ ਅਤੇ ਉਸ ਵੱਲੋਂ ਲਗਾਏ ਗਏ ਜ਼ਿਲ੍ਹਾ ਜਲੰਧਰ ਪ੍ਰਸ਼ਾਸਨ ਦੀ ਬਹੁਜਨ ਸਮਾਜ ਦੇ ਮਹਾਪੁਰਖਾਂ ਵਿਰੋਧੀ ਮਾੜੀ ਸੋਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਵੱਡੇ ਪੱਧਰ ’ਤੇ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਹੋਏ ਹਨ, ਪਰ ਆਪ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਿਰਫ ਗੁਰੂ ਘਰ ਨਾਲ ਸਬੰਧਤ ਜ਼ਮੀਨ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ ਮਾਲ ਰਿਕਾਰਡ ਵਿੱਚ ਅਨੁਸੂਚਿਤ ਜਾਤੀਆਂ ਦੇ ਨਾਂ ਬੋਲਦੀ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਬਿਨਾਂ ਕਿਸੇ ਦੇਰੀ ਦੇ ਯਥਾਸਥਿਤੀ ਬਹਾਲ ਕਰਨ। ਸੂਬੇ ਵਿੱਚ ਲੋਕਾਂ ਖਿਲਾਫ ਅਨਿਆਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਬਸਪਾ ਵੱਲੋਂ 29 ਅਗਸਤ ਨੂੰ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਮਾਣਯੋਗ ਰਾਜਪਾਲ ਦੇ ਨਾਂ ਮੈਮੋਰੰਡਮ ਦਿੱਤੇ ਜਾਣਗੇ। ਇਸ ਤੋਂ ਇਲਾਵਾ 7 ਸਤੰਬਰ ਨੂੰ ਗੁਰਾਇਆ ਵਿਖੇ ਬਸਪਾ ਇੱਕ ਵੱਡੀ ਰੈਲੀ ਵੀ ਕਰੇਗੀ ਅਤੇ ਅਨਿਆਂਪੂਰਨ ਵਿਵਸਥਾ ਖਿਲਾਫ ਆਵਾਜ਼ ਚੁੱਕੇਗੀ। ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਹੜ੍ਹ ਕਾਰਨ ਲੋਕਾਂ ਨੂੰ ਹੋਏ ਨੁਕਸਾਨ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸਮੇਂ ਰਹਿੰਦਿਆਂ ਹੜ੍ਹ ਤੋਂ ਬਚਣ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ, ਜਿਸ ਕਰਕੇ ਬੰਨ ਟੁੱਟਣ ਵਰਗੀਆਂ ਘਟਨਾਵਾਂ ਹੋਣ ਨਾਲ ਖੇਤੀਬਾੜੀ ਦੇ ਨਾਲ-ਨਾਲ ਲੋਕਾਂ ਦੇ ਘਰਾਂ ਤੇ ਕੰਮਕਾਜ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਹੜ੍ਹ ਪੀੜਤਾਂ ਦੀ ਤੁਰੰਤ ਸਾਰ ਲੈਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਬਸਪਾ ਆਗੂਆਂ ਤੇ ਵਰਕਰਾਂ ਨੂੰ ਵੀ ਕਿਹਾ ਕਿ ਉਹ ਹੜ੍ਹ ਨਾਲ ਪੀੜਤ ਲੋਕਾਂ ਦੀ ਹਰਸੰਭਵ ਮਦਦ ਕਰਨ। ਇਸ ਮੌਕੇ ਬਸਪਾ ਦੇ ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ ਸਮੇਤ ਹੋਰ ਸੀਨੀਅਰ ਆਗੂ ਵੀ ਮੌਜ਼ੂਦ ਸਨ।



