
*ਓਡਬੀ ਦੀ ਪਹਿਲੀ ਪੰਜਾਬੀ ਮਹਿਲਾ ਮੇਅਰ ਜਸਵੀਰ ਕੌਰ ਚੋਹਾਨ ਨੇ ਆਪਣੇ ਸਾਥੀ ਕੋਂਸਲਰਾਂ ਸਮੇਤ ਨਗਰ ਕੀਰਤਨ ਚ ਭਰੀ ਹਾਜ਼ਰੀ
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਨੇੜਲੇ ਓਡਬੀ ਟਾਉਨ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ। ਇਹ ਨਗਰ ਕੀਰਤਨ ਓਡਬੀ ਦੇ ਵੱਖ-ਵੱਖ ਬਾਜ਼ਾਰਾਂ ਤੇ ਸਟਰੀਟਾਂ ਰਾਹੀਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਓਡਬੀ ਵਿਖੇ ਸਮਾਪਤ ਹੋਇਆ । ਇਸ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਅੱਗੇ ਅੱਗੇ S.M.C ਸਿੱਖ ਮੋਟਰਜ ਕਲੱਬ ਦੇ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਇੱਕ ਕਾਫਲੇ ਦੇ ਰੂਪ ਵਿੱਚ ਇਸ ਨਗਰ ਕੀਰਤਨ ਦੀ ਹੋਰ ਵੀ ਸ਼ੋਭਾ ਵਧਾਈ ਗਈ। ਇਸ ਨਗਰ ਕੀਰਤਨ ਦੇ ਵਿੱਚ ਹੋਰਨਾਂ ਸੰਗਤਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਹਰਜਿੰਦਰ
ਸਿੰਘ ਰਾਏ, ਜਨਰਲ ਸਕੱਤਰ ਗੁਰਜੀਤ ਸਿੰਘ ਸਮਰਾ, ਵਾਇਸ ਪ੍ਰਧਾਨ ਹਰਭਜਨ ਸਿੰਘ, ਜਰਨੈਲ ਸਿੰਘ ਧਾਮੀ, ਕੁਲਦੀਪ ਸਿੰਘ ਕੁਨਰ, ਅਮਰਜੀਤ ਸਿੰਘ ਸੋਕਰ, ਗੁਰਵਿੰਦਰ ਸਿੰਘ ਸਮਰਾ ਸਮੇਤ ਵੱਡੀ ਗਿਣਤੀ ਚ ਸੰਗਤਾਂ ਨੇ ਸਿਰਕਤ ਕੀਤੀ। ਇਸ ਸਾਰੇ ਨਗਰ ਕੀਰਤਨ ਦੌਰਾਨ ਅਮਰਜੀਤ ਸਿੰਘ ਬਾਹੀਆ ਵੱਲੋਂ ਲੈਸਟਰਸਾਇਰ ਪੁਲਿਸ ਦਾ ਉਚਿਤ ਤੌਰ ਤੇ ਪ੍ਰਬੰਧ ਕੀਤਾ ਗਿਆ ਜਿਨਾਂ ਨੇ ਇਸ ਸਾਰੇ ਨਗਰ ਕੀਰਤਨ ਦੌਰਾਨ ਬਹੁਤ ਹੀ ਸੁਚੱਜੇ ਢੰਗ ਨਾਲ ਟਰੈਫਿਕ ਨੂੰ ਕੰਟਰੋਲ ਕੀਤਾ । ਇਸ ਨਗਰ ਕੀਰਤਨ ਚ ਓਡਬੀ ਵਿਗਸਟਨ ਦੀ ਮਹਿਲਾ ਪੰਜਾਬੀ ਮੇਅਰ ਜਸਵੀਰ ਕੌਰ ਚੌਹਾਨ,ਪੰਜਾਬੀ ਕੌਂਸਲਰ ਸੰਤੋਖ ਸਿੰਘ ਅਠਵਾਲ, ਲੈਸਟਰ ਸਿਟੀ ਕੌਂਸਲ ਦੇ ਕੌਂਸਲਰ ਮਹਿੰਦਰ ਸਿੰਘ ਸੰਘਾ ਵੀ ਆਪਣੇ ਕੌਂਸਲਰ ਸਾਥੀਆਂ ਸਮੇਤ ਸ਼ਾਮਿਲ ਹੋਏ।ਗੋਰਿਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਓਡਬੀ ਚ ਘਰਾਂ ਚੋਂ ਬਾਹਰ ਨਿਕਲ ਕੇ ਗੋਰਿਆਂ ਨੇ ਇਸ ਨਗਰ ਕੀਰਤਨ ਦੇ ਦਰਸ਼ਨ ਕੀਤੇ ਅਤੇ ਸਿੱਖ ਇਤਿਹਾਸ ਬਾਰੇ ਜਾਣਿਆ। ਗੁਰਦੁਆਰਾ ਸਾਹਿਬ ਦੇ ਬਾਹਰ ਲੈਸਟਰ ਅਤੇ ਓਡਬੀ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਚਾਹ ਪਕੌੜੇ, ਮਿਲਕ ਬਦਾਮ, ਜਲੇਬ,ਗੋਲ ਗੱਪੇ ਤੇ ਹੋਰ ਵੱਖ ਵੱਖ ਤਰ੍ਹਾਂ ਦੇ ਅਨੇਕਾਂ ਪਕਵਾਨਾਂ ਦੇ ਲੰਗਰ ਲਗਾਏ ਗਏ।


