(ਸਮਾਜ ਵੀਕਲੀ)
ਨਜ਼ਰ ਭਰ ਤੱਕਣਾ ਉਸਦਾ, ਖ਼ਿਜ਼ਾ ਵਿੱਚ ਗੁੱਲ ਦਾ ਖਿੜਨਾ,
ਕੋਈ ਵੱਜਣਾ ਤੀਰ ਜਿਹਾ ਸੀਨੇ, ਜਿਗਰ ਦੇ ਪਾਰ ਹੋ ਜਾਣਾ।
ਨਿੰਮਾਂ ਜਿਹਾ ਬੁੱਲਾਂ ਚੋ ਹੱਸਣਾ,ਥੋੜੀ ਜਿਹੀ ਘੂਰ ਵੀ ਰੱਖਣਾ,
ਧਰਤ ਚੋਂ ਚਸ਼ਮ ਦਾ ਫੁੱਟਣਾ,ਕੋਈ ਆਬਸਾ਼ਰ ਹੋ ਜਾਣਾ।
ਚੰਨ ਬੱਦਲ ਚ ਲੁੱਕ ਜਾਣਾ,ਸਿਆਹੀ ਰਾਤ ਦੀ ਛਾਣਾ,
ਨਜਾਰਾ ਦੀਦ ਦਾ ਮੁੱਕਣਾ, ਤੇ ਦਿਲ ਬੇਜਾ਼ਰ ਹੋ ਜਾਣਾ।
ਕਦੇ ਕਾਤਲ,ਕਦੇ ਹਾਫ਼ਜ,ਕਦੇ ਗ਼ਮਖ਼ਾਰ ਜਿਹਾ ਲੱਗਣਾ,
ਕਦੇ ਆਤਸ਼, ਕਦੇ ਬੱਦਲ, ਕਦੇ ਰੁੱਤ ਬਹਾਰ ਹੋ ਜਾਣਾ।
ਗਰਦ ਦਾ ਅੰਬਰੀ ਚੜ੍ਹਨਾ,ਕਹਿਰ ਦਾ ਸੇਕ ਜਿਹਾ ਵਰ੍ਹਨਾਂ,
ਮਿੱਠੀ ਜਿਹੀ ਭੂਰ ਦਾ ਡਿੱਗਣਾ, ਰੁੱਤ ਖੁਸ਼ ਗਵਾਰ ਹੋ ਜਾਣਾ।
ਹਰ ਪਲ ਔਸੀਆਂ ਪਾਉਣਾ, ਚਾਵਾਂ ਨੂੰ ਰਹਿੰਦੇ ਵਰਚਾਉਣਾ,
ਨੈਣਾਂ ਦਾ ਨੀਰ ਨਾ ਥੰਮਣਾ, ਦਹਿਲੀਜੋਂ ਪਾਰ ਹੋ ਜਾਣਾ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly