ਰੂਹਾਨੀ ਪਿਆਰ

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਤੂੰ ਕਿਸੇ ਸਪੇਰੇ ਦੇ ਹੱਥ ਲੱਗੀ
ਮਣੀ ਜਿਹੀ
ਤੇ ਔੜ ਦੀ ਰੁੱਤੇ ਗੱਲ੍ਹ ‘ਤੇ ਡਿੱਗੀ
ਕਣੀ ਜਿਹੀ।
ਜਿਵੇਂ ਧੀਆਂ ਲਈ ਏ ਤੀਆਂ ਦਾ ਤਿਉਹਾਰ…. ।
ਸੋਹਣੀਏ……..
ਤਾਹੀਉਂ ਤੇਰਾ ਐਨਾ ਆਉਂਦਾ ਪਿਆਰ।
ਨੀ ਸੋਹਣੀਏ…..
ਤਾਹੀਉਂ ਤੇਰਾ ਐਨਾ ਆਉਂਦਾ ਪਿਆਰ।

ਕਿਸੇ ਤੁਰੇ ਰਾਹੀ ਨੂੰ ਜੇਠ ਮਹੀਨੇ
ਛਾਂ ਵਰਗੀ।
ਚਿਰ ਮਗਰੋਂ ਮਿਲ਼ੇ ਪ੍ਰਦੇਸੀ ਤਾਈਂ
ਗਰਾਂ ਵਰਗੀ।
ਜਿਉਂ ਸ਼ਰਾਧਾਂ ਬਾਅਦ ਖੁੱਲ੍ਹਿਆ ਵਪਾਰ।
ਨੀ ਸੋਹਣੀਏ……
ਤਾਹੀਉਂ ਤੇਰਾ ਐਨਾ ਆਉਂਦਾ ਪਿਆਰ।

ਕਿਸੇ ਕਲਾਕਾਰ ਨੂੰ ਪਹਿਲੇ ਮਿਲੇ
ਸਨਮਾਨ ਜਹੀ।
ਮਾਪਿਆਂ ਵਾਹਰੀ ਨੂੰ ਪੇਕਿਉਂ ਆਏ
ਮਹਿਮਾਨ ਜਹੀ।
ਮੁੰਡੇ ਅੱਲ੍ਹੜਾਂ ਨੂੰ ਡੋਲ਼ੇ ਦਾ ਉਭਾਰ।
ਨੀ ਸੋਹਣੀਏ……..
ਤਾਹੀਉਂ ਤੇਰਾ ਐਨਾ ਆਉਂਦਾ ਪਿਆਰ।

ਤੂੰ ਅਮ੍ਰਿਤ ਵੇਲ਼ੇ ਲਏ ਭਾਈ ਦੇ
ਵਾਕ ਜਿਹੀ।
ਕਿਸੇ ਜੰਗਲੀਂ ਬੈਠੇ ਮਿਲੀ ਫੌਜੀ ਨੂੰ
ਡਾਕ ਜਿਹੀ।
ਜਿਵੇਂ ਭਜਨਾਂ ‘ਚ ਵੱਜਦੀ ਸਿਤਾਰ।
ਨੀ ਸੋਹਣੀਏ…..
ਤਾਹੀਉਂ ਤੇਰਾ ਐਨਾ ਆਉਂਦਾ ਪਿਆਰ।

ਉੰਝ ਪਿੰਡ ਘੜਾਮੇਂ ਰੋਮੀ ਝੱਲਾ ਕਮਲ਼ਾ ਨਈ।
ਜੋ ਅੱਜਕੱਲ੍ਹ ਬਣਿਆ ਫਿਰਦਾ ਜੋਗੀ-ਰਮਲ਼ਾ ਨੀ।
ਗਿਆ ਦਿਨਾਂ ਵਿੱਚ ਬਦਲ ਵਿਹਾਰ।
ਨੀ ਸੋਹਣੀਏ….
ਤਾਹੀਉਂ ਤੇਰਾ ਐਨਾ ਆਉਂਦਾ ਪਿਆਰ।

ਰੋਮੀ ਘੜਾਮੇਂ ਵਾਲਾ
98552-81105

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਦੁਨੀਆਂ ਦੇ ਰੰਗ ਤਮਾਸ਼ੇ