ਪੂਰੇ ਦੇਸ਼ ਤੋਂ ਪਹੁੰਚਣਗੇ ਸਪੈਸ਼ਲ ਬੱਚੇ, ਤਿਆਰੀਆਂ ਮੁਕੰਮਲ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਅਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਵੱਲੋਂ ਉਮੰਗ ਸੀਜਨ-7 ਸੱਭਿਆਚਾਰਕ ਮੁਕਾਬਲਾ ਜੋ ਕਿ ਮਾਨਸਿਕ ਤੌਰ ’ਤੇ ਕਮਜੋਰ ਸਪੈਸ਼ਲ ਬੱਚਿਆਂ ਦਰਮਿਆਨ ਕਰਵਾਇਆ ਜਾਂਦਾ ਹੈ ਦੀ ਸ਼ੁਰੂਆਤ 12 ਅਪ੍ਰੈਲ ਨੂੰ ਸਵੇਰੇ 11 ਵਜੇ ਜੈਂਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ-ਫਗਵਾੜਾ ਬਾਈਪਾਸ ਵਿਖੇ ਕਰਵਾਈ ਜਾ ਰਹੀ ਹੈ, ਇਸ ਸਬੰਧੀ ਜਾਣਕਾਰੀ ਪਰਮਜੀਤ ਸਿੰਘ ਸੱਚਦੇਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਤੇ ਕਿਹਾ ਕਿ ਸਪੈਸ਼ਲ ਬੱਚਿਆਂ ਲਈ ਕਰਵਾਇਆ ਜਾਣ ਵਾਲਾ ਇਹ ਆਪਣੀ ਤਰ੍ਹਾਂ ਦਾ ਦੇਸ਼ ਦਾ ਇਕਲੌਤਾ ਮੁਕਾਬਲਾ ਹੈ ਜੋ ਕਿ ਸਾਲ 2015 ਤੋਂ 2023 ਤੱਕ ਪੰਜਾਬ ਦੇ ਸਪੈਸ਼ਲ ਬੱਚਿਆਂ ਦਰਮਿਆਨ, 2024 ਵਿੱਚ ਨਾਰਥ ਜੋਨ ਅਤੇ ਹੁਣ 2025 ਵਿੱਚ ਪੂਰੇ ਦੇਸ਼ ਦੇ ਸਪੈਸ਼ਲ ਬੱਚਿਆਂ ਦਰਮਿਆਨ ਕਰਵਾਇਆ ਜਾ ਰਿਹਾ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸੀਜਨ ਦਰਮਿਆਨ ਛੋਟੀ ਟੀਮ ਕੈਟੇਗਰੀ ਵਿੱਚ 8 ਬੱਚੇ ਅਤੇ ਵੱਡੀ ਟੀਮ ਕੈਟੇਗਰੀ ਵਿੱਚ 16 ਬੱਚੇ ਭਾਗ ਲੈਣਗੇ, ਕੁੱਲ 29 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਵਿੱਚ 330 ਬੱਚੇ ਹੋਣਗੇ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ 2 ਲੱਖ ਤੱਕ ਦੇ ਕੈਸ਼ ਇਨਾਮ ਤੇ ਬਾਕੀ ਬੱਚਿਆਂ ਨੂੰ ਗਿਫਟ ਦਿੱਤੇ ਜਾਣਗੇ। ਇਸ ਸੀਜਨ ਵਿੱਚ ਬੱਚਿਆਂ ਲਈ 9 ਈਵੇਂਟ ਰੱਖੇ ਗਏ ਹਨ ਜਿਨ੍ਹਾਂ ਵਿੱਚ ਸੋਲੋ ਡਾਂਸ ਮੇਲ, ਸੋਲੋ ਡਾਂਸ ਫੀਮੇਲ, ਗਰੁੱਪ ਡਾਂਸ ਮੇਲ, ਗਰੁੱਪ ਡਾਂਸ ਫੀਮੇਲ, ਫੈਸ਼ਨ ਸ਼ੋ, ਕੋਰੀਓਗ੍ਰਾਫੀ ਤੇ ਇਸ ਤੋਂ ਇਲਾਵਾ ਲੋਅਰ ਅਬਿਲਟੀ ਦੇ ਬੱਚਿਆਂ ਲਈ ਪਹਿਲੀ ਵਾਰ ਮੁਕਾਬਲੇ ਕਰਵਾਏ ਜਾਣਗੇ, ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇੱਕ ਪ੍ਰੋਗਰਾਮ ਸਪੈਸ਼ਲ ਤੇ ਆਮ ਬੱਚਿਆਂ ਦਾ ਸਾਂਝੇ ਤੌਰ ’ਤੇ ਕਰਵਾਇਆ ਜਾਵੇਗਾ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ 2 ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ, ਅਮਿ੍ਰਤ ਸਾਗਰ ਮਿੱਤਲ ਵਾਈਸ ਚੇਅਰਮੈਨ ਸੋਨਾਲੀਕਾ ਗਰੁੱਪ, ਮੰਤਰੀ ਡਾ. ਰਵਜੋਤ ਸਿੰਘ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ, ਅਸ਼ੋਕ ਅਰੋੜਾ ਪ੍ਰਧਾਨ ਐੱਸਓਬੀ ਪੰਜਾਬ, ਮਨਦੀਪ ਸਿੰਘ ਬਰਾੜ ਸਪੋਰਟਸ ਡਾਇਰੈਕਟਰ ਐੱਸਓਬੀ ਪੰਜਾਬ ਵੀ ਪਹੁੰਚਣਗੇ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ, ਸੈਕਟਰੀ ਕਰਨਲ ਗੁਰਮੀਤ ਸਿੰਘ, ਸੀ.ਏ.ਤਰਨਜੀਤ ਸਿੰਘ, ਮਲਕੀਤ ਸਿੰਘ ਮਹੇੜੂ, ਹਰੀਸ਼ ਐਰੀ, ਹਰਮੇਸ਼ ਤਲਵਾੜ, ਮਸਤਾਨ ਸਿੰਘ ਗਰੇਵਾਲ, ਹਰੀਸ਼ ਠਾਕੁਰ, ਰਾਮ ਆਸਰਾ, ਪਿ੍ਰੰਸੀਪਲ ਸ਼ੈਲੀ ਸ਼ਰਮਾ ਆਦਿ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj