‘ਬੋਲਣਾ ਇੱਕ ਕਲਾ ਹੈ”

(ਸਮਾਜ ਵੀਕਲੀ)

ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਆਪਣੇ ਵਿਚਾਰ, ਭਾਵਨਾਵਾਂ, ਜਜ਼ਬਾਤ, ਸੋਚ ਆਦਿ ਲਿਖ ਕੇ ਜਾਂ ਬੋਲ ਕੇ ਬਿਆਨ ਕਰਦੇ ਹਾਂ। ਇਨ੍ਹਾਂ ਦੇ ਪ੍ਰਗਟਾਵੇ ਲਈ ਅਸੀਂ ਲਫ਼ਜ਼ਾਂ ਦੀ ਵਰਤੋਂ ਕਰਦੇ ਹਾਂ। ਇਹ ਲਫ਼ਜ਼ ਹੀ ਸਾਡਾ ਅਸਲੀ ਗਹਿਣਾ ਹੁੰਦੇ ਹਨ। ਜਿੰਨਾ ਦੀ ਮਦਦ ਨਾਲ ਅਸੀਂ ਕਿਸੇ ਦੇ ਦਿਲ ਵਿਚ ਉਤਰ ਜਾਂਦੇ ਹਾਂ ਅਤੇ ਕੲੀ ਵਾਰ ਦਿਲ ਤੋਂ ਉਤਰ ਜਾਂਦੇ ਹਾਂ। ਇਹ ਬੋਲਚਾਲ ਅਤੇ ਲਫਜ਼ ਹੀ ਸਾਡੀ ਸ਼ਖਸੀਅਤ ਦਾ ਅਸਲ ਪ੍ਰਗਟਾਵਾ ਕਰਦੇ ਹਨ ਅਤੇ ਮਿਆਰ ਦਸਦੇ ਹਨ ਕਿ ਅਸੀਂ ਕਿਥੇ ਖਲੋਤੇ ਹਾਂ।

ਕੲੀ ਲੋਕ ਆਪਣੀ ਗੱਲਬਾਤ ਨੂੰ ਢੁਕਵੇਂ ਸ਼ਬਦਾਂ ਵਿਚ ਬਾਖੂਬੀ ਬਿਆਨ ਕਰਦੇ ਹਨ ਅਤੇ ਕਈ ਆਪਣੀ ਗੱਲ ਦਾ ਖਿਲਾਰਾ ਪਾ ਲੈਂਦੇ ਹਨ ਤੇ ਉਸਨੂੰ ਸਮੇਟਣ ਵਿਚ ਅਸਮਰੱਥ ਹੁੰਦੇ ਹਨ। ਭਾਵ ਕਿ ਜੋ ਗੱਲ ਕਹਿਣੀ ਹੁੰਦੀ ਹੈ ਉਹ ਕਹਿ ਨਹੀਂ ਪਾਉਂਦੇ। ਇਸੇ ਲਈ ਹੀ ਤਾਂ ਕਿਹਾ ਜਾਂਦਾ ਹੈ ਕਿ ਬੋਲਣਾ ਵੀ ਇਕ ਕਲਾ ਹੈ।

ਗੁਰੂਆਂ-ਪੀਰਾਂ ਨੇ ਇਨਸਾਨ ਨੂੰ ਹਮੇਸ਼ਾ ਮਿੱਠਾ ਬੋਲਣਾ ਸਿਖਾਇਆ ਹੈ। ਜ਼ੁਬਾਨ ਦੀ ਮਿਠਾਸ ਨਾਲ ਕੋਈ ਵੀ ਕਾਰੋਬਾਰ ਸਫਲ ਹੋ ਜਾਂਦਾ ਹੈ ਅਤੇ ਅਸੀਂ ਓਪਰੇ ਲੋਕਾਂ ਨੂੰ ਵੀ ਆਪਣੇ ਬਣਾ ਸਕਦੇ ਹਾਂ। ਦੁਕਾਨਦਾਰ ਆਪਣੀ ਜ਼ੁਬਾਨ ਦੇ ਰਸ ਨਾਲ ਹੀ ਗਾਹਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਦੁਨੀਆ ‘ਚ ਅਨੇਕਾਂ ਲੋਕ ਆਪਣਾ ਮੁੱਲ ਨਹੀਂ ਪੁਆ ਸਕੇ ਕਿਉਂਕਿ ਉਨ੍ਹਾਂ ਕੋਲ ਜ਼ੁਬਾਨ ਦੇ ਰਸ ਦੀ ਕਮੀ ਸੀ। ਇਸ ਲਈ ਆਓ, ਜ਼ੁਬਾਨ ਦਾ ਰਸ ਪੈਦਾ ਕਰੀਏ। ਜ਼ੁਬਾਨ ਸਾਨੂੰ ਪਰਮਾਤਮਾ ਵੱਲੋਂ ਮਿਲਿਆ ਬਹੁਤ ਕੀਮਤੀ ਤੋਹਫਾ ਹੈ। ਇਸ ਦੀ ਸੁਚੱਜੀ ਵਰਤੋਂ ਕਰਨੀ ਸਾਡੇ ਹੱਥ ਹੈ।

ਤੀਰ ਕਮਾਨ ‘ਚੋਂ, ਅਤੇ ਬੋਲ ਜ਼ੁਬਾਨ ‘ਚੋਂ ਇਕ ਵਾਰ ਨਿਕਲ ਜਾਣ ਤਾਂ ਵਾਪਸ ਨਹੀਂ ਆਉਂਦੇ। ਜ਼ਖ਼ਮ ਦੇ ਫੱਟ ਤਾਂ ਮਿਟ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਮਿਟਦੇ। ਕਿਸੇ ਦੇ ਮੂੰਹ ‘ਚੋਂ ਨਿਕਲਿਆ ਮਾੜਾ ਸ਼ਬਦ ਸਾਰੀ ਉਮਰ ਰੜਕਦਾ ਰਹਿੰਦਾ ਹੈ। ਕਈ ਇਨਸਾਨਾਂ ਦੀ ਜ਼ੁਬਾਨ ‘ਚ ਇੰਨੀ ਮਿਠਾਸ ਹੁੰਦੀ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ ਅਤੇ ਕਈਆਂ ਦੇ ਬੋਲ ਚੁਭਦੇ ਹਨ।

ਸਾਡੇ ਬੋਲ-ਚਾਲ ਦੇ ਲਹਿਜ਼ੇ ਤੋਂ ਹੀ ਸਾਡੀ ਸ਼ਖ਼ਸੀਅਤ ਝਲਕਦੀ ਹੈ। ਸਾਡੇ ਮੂੰਹ ‘ਤੇ ਸਾਡੀ ਯੋਗਤਾ ਨਹੀਂ ਲਿਖੀ ਹੁੰਦੀ, ਇਹ ਤਾਂ ਸਾਡੇ ਬੋਲਾਂ ਤੋਂ ਝਲਕਦੀ ਹੈ। ਇਸ ਲਈ ਸਾਨੂੰ ਹਮੇਸ਼ਾ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਕਿਹਾ ਵੀ ਗਿਆ ਹੈ ‘ਪਹਿਲਾਂ ਤੋਲੋ, ਫਿਰ ਬੋਲੋ’। ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਕੰਮਾਂ ਜਾਂ ਬੋਲਾਂ ਨਾਲ ਕਿਸੇ ਦਾ ਦਿਲ ਨਾ ਦੁਖੇ। ਕੌੜੇ ਬੋਲਾਂ ਨਾਲ ਤਾਂ ਖੂਨ ਹੀ ਸੜਦਾ ਹੈ ਬੋਲਣ ਅਤੇ ਸੁਣਨ ਵਾਲੇ ਦੋਹਾਂ ਦਾ ਹੀ। ਮਿੱਠਾ ਬੋਲਣ ਤੇ ਜ਼ਿਆਦਾ ਜ਼ੋਰ ਨਹੀਂ ਲਗਦਾ। ਇਸ ਲਈ ਸਾਨੂੰ ਹਮੇਸ਼ਾ ਹੀ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਦੇ ਕੌੜਾ ਬੋਲ ਨਾਂ ਬੋਲੀਏ। ਇਸੇ ਲਈ ਹੀ ਤਾਂ ਕਿਹਾ ਜਾਂਦਾ ਹੈ ਕਿ ਬੋਲਣਾ ਵੀ ਇਕ ਕਲਾ ਹੈ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਸਾਰੇ ਹੀ ਇਸ ਕਲਾ ਵਿਚ ਨਿਪੁੰਨ ਹੋਈਏ।

ਅਰਸ਼ਪ੍ਰੀਤ ਕੌਰ ਸਰੋਆ
ਅਸਿਸਟੈਂਟ ਪ੍ਰੋਫੈਸਰ
(ਰਿਸਰਚ ਸਕਾਲਰ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਤੇ ਮੇਰੀ ਕਲਮ
Next articleਤਾਕਤਵਰ ਹੈ ਨਾਰੀ