ਪੁੱਤ ਮੁੱਕ ਚੱਲੇ ਮਾਵਾਂ ਦੇ

(ਸਮਾਜ ਵੀਕਲੀ)

ਜਦੋਂ ਚਾਰ ਦਹਾਕੇ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਸੀ, ਉਸ ਵੇਲੇ ਭਰਾ ਮਾਰੂ ਜੰਗ ਵਿੱਚ ਪਿੰਡ ਪਿੰਡ ਸੱਥਰ ਵਿਛੇ ਸੀ।

ਇਸ ਸ਼ਿਕਾਰ ਖੇਡਣ ਦੇ ਕਈ ਨਾਮ ਧਰੇ ਸਨ। ਚਾਰ ਦਹਾਕਿਆਂ ਵਿੱਚ ਪੰਜਾਬ ਖਾਲੀ ਹੋ ਗਿਆ, ਬਹੁ ਗਿਣਤੀ ਲੋਕ ਵਿਦੇਸ਼ਾਂ ਵਿਚ ਜਾ ਵਸੇ। ਪਰ ਸ਼ਿਕਾਰੀਆਂ ਨੇ ਪਿੱਛਾ ਨਹੀਂ ਛੱਡਿਆ । ਪੰਜਾਬ ਤੇ ਪੰਜਾਬੀਆਂ ਨੇ ਅਤੀਤ ਦੀਆਂ ਘਟਨਾਵਾਂ ਤੋਂ ਸਬਕ ਲੈਣ ਦੀ ਵਜਾਏ ਨਵੇਂ ਸ਼ਿਕਾਰੀਆਂ ਦੀਆਂ ਕਠਪੁਤਲੀਆਂ ਬਣ ਗਏ ਹਨ। ਜਦੋਂ ਤੱਕ ਜੀਅ ਕਰਦਾ ਉਹ ਨਚਾਈ ਜਾਂਦੇ ਨੇ, ਜਦ ਮਨ ਭਰਿਆ, ਪਰਦਾ ਗਿਰਦਾ ਐ।
ਉਸ ਵੇਲੇ ਪੰਜਾਬੀ ਦੇ ਸ਼ਾਇਰ ਗੁਰਭਜਨ ਸਿੰਘ ਗਿੱਲ ਨੇ ਟੱਪੇ ਲਿਖੇ ਸਨ। ਜਿਹਨਾਂ ਪੰਜਾਬੀ ਦੇ ਗਾਇਕ ਲਾਭ ਜੰਜੂਆ ਅਕਸਰ ਸਾਹਿਤਕ ਤੇ ਸਭਿਆਚਾਰਕ ਸਮਾਗਮਾਂ ਵਿੱਚ ਗਾਉਂਦਾ ਸੀ।

ਖੰਭ ਖਿਲਰੇ ਨੇ ਕਾਵਾਂ ਦੇ, ਰੋਕ ਲੋ ਨਿਸ਼ਾਨੇਬਾਜ਼ੀਆਂ ਪੁੱਤ ਮੁੱਕ ਚੱਲੇ ਮਾਵਾਂ ਦੇ।

ਇਹਨਾਂ ਟੱਪਿਆਂ ਦੇ ਵਿੱਚ ਪੰਜਾਬ ਦਾ ਦਰਦ ਸੀ। ਹਲਾਤ ਹੁਣ ਵੀ ਇਹੋ ਜਿਹੇ ਹੀ ਹਨ। ਹੁਣ ਵੀ ਪਿੰਡਾਂ ਦੇ ਚੁੱਲਿਆਂ ਵਿੱਚ ਅੱਗ ਨਹੀਂ ਬਲਦੀ, ਠੰਡੇ ਹੋ ਰਹੇ। ਚੁੱਲਿਆਂ ਵਿੱਚ ਘਾਹ ਉਗ ਆਇਐਂ ਐ। ਸਿਵਿਆਂ ਵਿੱਚ ਨਿੱਤ ਅੱਗ ਬਲਦੀ ਹੈ । ਮਾਪੇ ਤੇ ਬੱਚੇ ਯਤੀਮ ਹੋ ਰਹੇ ਹਨ।

ਨੀਰੋ ਬੰਸਰੀ ਵਜਾ ਰਿਹਾ ਹੈ । ਸਿਆਸੀ ਪਾਰਟੀਆਂ ਦੇ ਆਗੂਆਂ ਧਰਮ ਤੇ ਸਿਆਸਤ ਦਾ ਡਰਾਮਾ ਕਰਨ ਲੱਗੇ ਹਨ । ਸੱਤਾ ਧਾਰੀ ਧੰਦਾ ਕਰਨ ਲੱਗੇ ਹਨ । ਨਿੱਤ ਸੁੰਨੀਆਂ ਤੀਵੀਆਂ ਤੇ ਜ਼ਮੀਨ ਜਾਇਦਾਦਾਂ ਉਪਰ ਕਬਜ਼ੇ ਹੋ ਰਹੇ ਹਨ । ਲੋਕਾਂ ਦੇ ਪੈਰਾਂ ਹੇਠਾਂ ਅੱਗ ਬਲਦੀ ਹੈ । ਉਹ ਸੜ ਰਹੇ ਹਨ । ਆਨ ਲਾਈਨ ਕਵੀ ਦਰਬਾਰ ਤੇ ਸੈਮੀਨਾਰ ਹੋ ਰਹੇ ਹਨ । ਪੁਰਸਕਾਰ ਦੇਣ ਤੇ ਲੈਣ ਦਾ ਰਿਵਾਜ਼ ਪੈ ਗਿਆ ਹੈ ।
ਕੋਈ ਮਰੇ ਤੇ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ।

ਅੱਗ ਘਰ ਘਰ ਪੁੱਜ ਗਈ ਹੈ । ਲੋਕ ਖੇਸ ਦੀ ਬੁੱਕਲ ਮਾਰ ਕੇ ਸੇਕ ਰਹੇ ਹਨ । ਸਟੇਜਾਂ ਤੇ ਸਿੱਖ ਕੌਮ ਦਾ ਇਤਿਹਾਸ ਸੁਣਾਇਆ ਜਾ ਰਿਹਾ ਹੈ । ਵਰਤਮਾਨ ਸਮੇਂ ਵਿੱਚ ਸਭ ਖਾਮੋਸ਼ ਹਨ। ਕਿਹੜਾ ਘੋੜੇ ਵਾਲਾ ਫਿਰ ਗਿਆ, ਲੋਕ ਮਿੱਟੀ ਦੇ ਮਾਧੋ ਬਣ ਗਏ ਹਨ?

ਕੀ ਪੰਜਾਬ ਦੀਆਂ ਫਸਲਾਂ ਵਾਗੂੰ ਨਸਲਾਂ ਵੀ ਹਾਈਬ੍ਰਿਡ ਹੋ ਗਈਆਂ ਹਨ ? ਕਿਸੇ ਨੂੰ ਕੋਈ ਪਤਾ ਲੱਗਿਆ ਤਾਂ ਜਰੂਰ ਦੱਸਿਓ । ਚੌਕੀਦਾਰ ਹਾਕਾਂ ਮਾਰਦਾ ਐ। ਜਾਗਦੇ ਰਹੋ, ਜਾਗਦੇ ਰਹੋ । ਬਾਬਾ ਇਲਤੀ, ਹਾਕ ਹੀ ਮਾਰ ਸਕਦਾ ਹੈ । ਮਾਰ ਰਿਹਾ ਹੈ । ਘਰਬਾਰ, ਧੀ, ਪੁੱਤ ਤਾਂ ਘਰਦਿਆਂ ਨੇ ਬਚਾਉਣਾ ਐ।

ਬੁੱਧ ਸਿੰਘ ਨੀਲੋਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫ਼ਰ
Next articleਕਰ ਕੋਸ਼ਿਸ਼ ਚੰਗੀ