ਗੀਤ – ਹਾੜੀ ਦੀ ਰੁੱਤ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਹਾੜੀ ਦੀ ਚੰਨਾ ਰੁੱਤ ਆ ਗਈ,
ਮੈਂ ਵੀ ਵਾਂਢੀ ਨੂੰ ਚੱਲੂਗੀ ਨਾਲ ਤੇਰੇ।
ਹਾੜੀ ਦੀ ਚੰਨਾ ਰੁੱਤ ਆ ਗਈ,
ਬੇਬੇ ਬਾਪੂ ਆਪਣੇ ਸਾਂਭ ਲੈਣ ਘਰ ਵੇ,
ਮਿਹਨਤਾਂ ਦਾ ਚੰਨਾ ਕਾਹਦਾ ਹੁੰਦਾ ਡਰ ਵੇ।
ਮੱਥਾ ਟੇਕ ਚੱਲ ਬਾਬਿਆਂ ਦੇ ਡੇਰੇ,
ਹਾੜੀ ਦੀ ਚੰਨਾ ਰੁੱਤ ਆ ਗਈ।
ਮੈਂ ਵੀ ਵਾਂਢੀ ਨੂੰ………
ਦੋ ਆਪਾਂ ਨਾਲ ਦੋ ਲ਼ੈ ਕੇ ਨਿਆਣੇ ਵੇ,
ਰਲ ਮਿਲ ਕਰਾਂਗੇ ਚਾਰ ਮਣ ਦਾਣੇ ਵੇ।
ਧੁੱਪ ਝੱਲ ਲਊ ਗੀ ਸਿਖਰ ਦੁਪਹਿਰੇ,
ਹਾੜੀ ਦੀ ਚੰਨਾ ਰੁੱਤ ਆ ਗਈ।
ਮੈਂ ਵੀ ਵਾਂਢੀ ਨੂੰ………..
ਹੋਣ ਘਰ ਦਾਣੇ ਹੋਰ ਕਰੀਏ ਕਮਾਈ ਵੇ,
ਸਾਰਾ ਸਾਲ ਚੱਲੀ ਜਾਊ ਆਈ ਤੇ
ਚਲਾਈ ਵੇ।
ਚਾਰ ਪੈਸੇ ਹੋਏ ਲਿਪਾਗੇ ਬਨੇਰੇ,
ਹਾੜੀ ਦੀ ਚੰਨਾ ਰੁੱਤ ਆ ਗਈ।
ਮੈਂ ਵੀ ਵਾਂਢੀ ਨੂੰ……….
ਚੱਲਾਂਗੇ ਵਿਸਾਖੀ ਆਪਾਂ ਪੂਰਾ ਪਰਿਵਾਰ ਵੇ,
ਬੇਬੇ ਬਾਪੂ ਨਾਲ ਸਾਡਾ ਵਸੇ ਸੰਸਾਰ ਵੇ।
ਕੀਤੇ ਇਹਨਾਂ ਨੇ ਵੀ ਕੰਮ ਨੇ ਬਥੇਰੇ,
ਹਾੜੀ ਦੀ ਚੰਨਾ ਰੁੱਤ ਆ ਗਈ।
ਮੈਂ ਵੀ ਵਾਂਢੀ ਨੂੰ…………
ਹਰਪ੍ਰੀਤ ਪੱਤੋ, ਮਾਰ ਸਿਰ ਤੇ ਮੜਾਸਾ ਵੇ,
ਕਿਰਤੀਆਂ ਦੇ ਘਰ ਹੁੰਦਾ ਰੱਬ ਜੀ ਦਾ ਵਾਸਾ ਵੇ।
ਕੰਮ ਵਾਲਿਆਂ ਦੇ ਵੱਡੇ ਹੋਣ ਜੇਰੇ,
ਹਾੜੀ ਦੀ ਚੰਨਾ ਰੁੱਤ ਆ ਗਈ,
ਮੈਂ ਵੀ ਵਾਂਢੀ ਨੂੰ ਚੱਲੂਗੀ ਨਾਲ ਤੇਰੇ।

ਹਰਪ੍ਰੀਤ ਪੱਤੋ,
ਪਿੰਡ ਪੱਤੋ, ਹੀਰਾ ਸਿੰਘ ਮੋਗਾ
ਫੋਨ ਨੰਬਰ 94658-21417

Previous articleਬਾਪੂ ਤੇਰੀਆਂ ਯਾਦਾਂ
Next articleਕਹਾਣੀ – “ਤੇਰਾ ਤੇ ਵਰਕਾ ਹੀ ਖਾਲੀ”