(ਸਮਾਜ ਵੀਕਲੀ)
ਕਰੇਂ ਤੂੰ ਅਮੀਰਾਂ ਸੰਗ ਐਸ਼ ਨੀ ਆਜ਼ਾਦੀਏ,
ਸਾਡੇ ਵੀ ਦੁਆਰੇ ਕਦੇ ਆ।
ਸੁਹਣੀਏ ਅਸੀਂ ਵੀ ਕਦੇ ਰੂਪ ਤੇਰਾ ਤੱਕੀਏ
ਘੁੰਡ ਚੁੱਕ ਮੁੱਖੜਾ ਦਿਖਾ।
ਜਕੜਿਆ ਜੰਜ਼ੀਰਾਂ ਵਿੱਚ ਦੇਸ ਸਾਡਾ ਗੋਰਿਆਂ ਨੇ
ਚੱਲਦੀ ਨਾ ਸਾਡੀ ਕੋਈ ਪੇਸ਼ ਸੀ
ਲੈ ਗਏ ਵਲੈਤ ਖੰਭ ਕੱਟ ਸੋਨ-ਚਿੜੀ ਦੇ ਉਹ
ਖਾ ਗਏ ਲੁੱਟ ਕੇ ਸਾਰਾ ਦੇਸ਼ ਸੀ।
ਲੱਖਾਂ ਹੀ ਜਵਾਨ ਹੋਏ ਕੁਰਬਾਨ ਤੇਰੇ ਪਿੱਛੇ
ਰੱਸੇ ਗਲ਼ ਫਾਂਸੀ ਵਾਲੇ ਪਾ।
ਸੁਹਣੀਏ ਅਸੀਂ ਵੀ ਕਦੇ ਰੂਪ ਤੇਰਾ ਤੱਕੀਏ
ਨੀ ਘੁੰਡ ਚੁੱਕ ਮੁੱਖੜਾ ਦਿਖਾ।
ਫਿਰਕੂ ਜਨੂੰਨ ਉਦੋਂ ਸਿਰ ਚੜ੍ਹ ਬੋਲਿਆ ਸੀ
ਖਿੱਚੀ ਜਦੋਂ ਵਾਹਘੇ ਦੀ ਲਕੀਰ ਸੀ।
ਖੂਨ ਦੇ ਪਿਆਸੇ ਹੋਏ ਉਦੋਂ ਇੱਕ ਦੂਸਰੇ ਦੇ
ਵੱਸਦੇ ਜੋ ਵਾਂਗ ਖੰਡ ਖੀਰ ਸੀ।
ਵਗੀਆਂ ਸੀ ਚਾਰੇ ਪਾਸੇ ਖੂਨ ਦੀਆਂ ਨਦੀਆਂ
ਲਾਸ਼ਾਂ ਦੇ ਢੇਰ ਸੀ ਦਿੱਤੇ ਲਾ।
ਸੁਹਣੀਏ ਅਸੀਂ ਵੀ ਕਦੀ ਰੂਪ ਤੇਰਾ ਤੱਕੀਏ
ਨੀ ਘੁੰਡ ਚੁੱਕ ਮੁੱਖੜਾ ਦਿਖਾ।
ਕਾਹਦਾ ਅਸੀਂ ਜਸ਼ਨ ਮਨਾਈਏ ਤੇਰੇ ਆਉਣ ਦਾ
ਭੁੱਖੇ ਨਿੱਤ ਮਰਦੇ ਗਰੀਬ ਨੀ ।
ਤਨ ਆਪਣੇ ਦੀ ਕਾਮਾ ਢਾਲੇ ਨਿੱਤ ਚਰਬੀ ਪਰ
ਫੇਰ ਵੀ ਨਾ ਬਦਲੇ ਨਸੀਬ ਨੀ।
ਰਲ਼ ਗਈ ਏ ਚੋਰਾਂ ਸੰਗ ਕੁੱਤੀ ਨੀ ਆਜ਼ਦੀਏ
ਲੋਟੂ ਪਹਿਰੇਦਾਰ ਬੈਠੇ ਆ।
ਸੁਹਣੀਏ ਅਸੀਂ ਵੀ ਕਦੀ ਰੂਪ ਤੇਰਾ ਵੇਖੀਏ
ਨੀ ਘੁੰਡ ਚੁੱਕ ਮੁੱਖੜਾ ਦਿਖਾ।
ਦੇਸ਼ ਦੀ ਜਵਾਨੀ ਤੁਰੀ ਜਾਂਦੀ ਏ ਵਿਦੇਸ਼ ਕਹਿੰਦੇ
ਮਿਲਦਾ ਨਾ ਇੱਥੇ ਰੁਜ਼ਗਾਰ ਨੀ।
ਅੱਖਾਂ ਸਾਹਵੇਂ ਮਰਦੇ ਜਵਾਨ ਪੁੱਤ ਮਾਪਿਆਂ ਦੇ
ਐਸੀ ਪਈ ਨਸ਼ਿਆਂ ਦੀ ਮਾਰ ਨੀ।
ਕਦੋਂ ਖੁਸ਼ਹਾਲੀ ਆਉਣੀ ਮੇਰੇ ਦੇਸ਼ ਵਾਸੀਆਂ ਤੇ
ਕਦੋਂ ਪੂਰੇ ਹੋਣੇ ਸਾਡੇ ਚਾਅ।
ਸੁਹਣੀਏ ਅਸੀਂ ਵੀ ਕਦੇ ਰੂਪ ਤੇਰਾ ਵੇਖੀਏ
ਨੀ ਘੁੰਡ ਚੁੱਕ ਮੁੱਖੜਾ ਦਿਖਾ।
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly