ਕੋਈ ਲੈ ਸਕਦਾ ਤਾਂ ਲੈ ਲਓ ਜੀ…ਸਾਡਾ ਸਾਰਾ ਪਿੰਡ ਵਿਕਾਊ ਹੈ

ਬੇਅੰਤ ਗਿੱਲ
 (ਸਮਾਜ ਵੀਕਲੀ) 30 ਲੱਖ, 35 ਲੱਖ, 60 ਲੱਖ, 1 ਕਰੋੜ, 2 ਕਰੋੜ , ਪਿੰਡਾਂ ਦੀ ਬੋਲੀ ਲੱਗ ਰਹੀ ਹੈ। ਪਿੰਡ ਵਿਕ ਰਹੇ ਹਨ। ਮੇਰੇ ਅਜ਼ੀਜ਼ ਮਿੱਤਰ ਗੀਤਕਾਰ ਕੁਲਦੀਪ ਕੰਡਿਆਰਾ ਦਾ ਲਿਖਿਆ ਇਕ ਗੀਤ ਹੈ_ ‘ਕੋਈ ਲੈ ਸਕਦਾ ਤੇ ਲੈ ਲਓ ਜੀ, ਸਾਡਾ ਸਾਰਾ ਪਿੰਡ ਵਿਕਾਊ ਆ”, ਇਸ ਗੀਤ ਨੂੰ ਗਾਇਕ ਕਰਮਜੀਤ ਅਨਮੋਲ ਨੇ ਆਵਾਜ਼ ਦਿੱਤੀ ਹੈ। ਅੱਜ ਇਸ ਗੀਤ ਦੀਆਂ ਸਤਰਾਂ ਫਿਰ ਯਾਦ ਆਈਆਂ, ਸੱਚਮੁੱਚ ਪਿੰਡ ਵਿਕ ਰਹੇ ਹਨ। ਚੌਧਰ ਦੀ ਭੁੱਖ ਸਾਡਾ ਸਮਾਜ ਗੰਧਲਾ ਕਰ ਰਹੀ ਹੈ। ਪੈਸੇ ਦਾ ਹੰਕਾਰ ਸਾਡੀ ਸਿਆਣਪ, ਸਮਝਦਾਰੀ ਤੇ ਸਾਡੀ ਸੋਚ ਦਾ ਮਲੀਆਮੇਟ ਕਰ ਰਿਹਾ ਹੈ। ਸੋਚ, ਸਿਆਣਪ ਅਤੇ ਸਮਝਦਾਰੀ ਤੋਂ ਖਾਲੀ ਹੋਇਆ ਬੰਦਾ ਜ਼ੀਰੋ ਹੋ ਕੇ ਰਹਿ ਜਾਂਦਾ ਹੈ। ਲੋਕਤੰਤਰ ਦੀ ਛੋਟੀ ਜਿਹੀ ਇਕਾਈ ਪੰਚਾਇਤ ਦਾ ਸਰਪੰਚ (ਮੁਖੀ) ਬਣਨ ਬਦਲੇ ਜੋ ਅੱਜ ਪਿੰਡਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਇਹ ਬਹੁਤ ਘਾਤਕ ਸਿੱਧ ਹੋਣਗੇ। ਇਹ ਜਾਗੀਰਦਾਰੀ ਸੋਚ ਹਮੇਸ਼ਾ ਹੀ ਪਿੰਡਾਂ ਵਿਚਲੀ ਸਾਂਝ ਦੀ ਦੁਸ਼ਮਣ ਰਹੀ ਹੈ। ਪਿੰਡਾਂ ਵਿੱਚ ਇਸ ਤਰ੍ਹਾਂ ਬੋਲੀ ਲੱਗਣਾ ਲੋਕਤੰਤਰ ਦੇ ਵਿਰੁੱਧ ਹੈ। ਬੋਲੀ ਲਗਾਉਣਾ ਕਰਤੂਤ ਹੈ, ਭ੍ਰਿਸ਼ਟਾਚਾਰ ਨੂੰ ਬੁੜਾਵਾ ਹੈ, ਇਹ ਲੋਕ ਹੱਕਾਂ ਦਾ ਕਤਲ ਕਰਨ ਬਰਾਬਰ ਹੈ। ਅਤੇ ਸਰਬਸੰਮਤੀ ਨਾਲ ਚੋਣ ਕਰਨਾ ਸਿਆਣਪ ਹੈ, ਖੂਬਸੂਰਤੀ ਹੈ। ਇੱਥੇ ਇਕ ਗੱਲ ਹੋਰ ਸਾਂਝੀ ਕਰਨ ਵਾਲੀ ਹੈ ਕਿ ਪੈਸਿਆਂ ਨਾਲ ਬੈਂਕਾਂ ਭਰੀ ਬੈਠੇ ਲੋਕ ਆਪਣੇ ਇਰਦ ਗਿਰਦ ਦੇ ਲੋਕਾਂ ਵਿੱਚ ਇੱਜ਼ਤ ਅਤੇ ਮੋਹ- ਮੁਹੱਬਤ ਤੋਂ ਖਾਲੀ ਹਨ। ਇਹ ਵਿਚਾਰੇ ਸਿਰਫ਼ ਜ਼ਮੀਨੀ ਕਿੱਲੇ ਤੇ ਧੌਣ ਵਿੱਚ ਕਿੱਲਿਆਂ ਦਾ ਬੋਝ ਢੋਂਹਦੇ ਫਿਰਦੇ ਹਨ। ਆਮ ਬੰਦਾ ਇਹਨਾਂ ਨੂੰ ਟਿੱਚ ਜਾਣਦਾ ਹੈ। ਸੋ ਪਿੰਡਾਂ ਦੇ ਆਮ ਨੌਜਵਾਨਾਂ ਨੂੰ ਸਰਪੰਚ ਚੁਣਨ ਵਿਚ ਹੀ ਸਮਾਜ ਦੀ ਬਿਹਤਰੀ ਹੈ।
 ਬੇਅੰਤ ਗਿੱਲ
 99143/81958   (ਭਲੂਰ) 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article‘ਨਵੀਆਂ ਕਲਮਾਂ, ਨਵੀਂ ਉਡਾਣ’ ਬਾਲ ਸਾਹਿਤਕਾਰਾਂ ਦੀ ਰਾਜ ਪੱਧਰੀ ਕਾਨਫਰੰਸ 16 ਅਤੇ 17 ਨਵੰਬਰ ਨੂੰ; ਪੰਜਾਬ ਭਵਨ ਕੈਨੇਡਾ ਟੀਮ ਦਾ ਇਹ ਉਪਰਾਲਾ ਨਵੀਂ ਪੀਡ਼ੀ ਨੂੰ ਕਿਤਾਬਾਂ ਨਾਲ ਜੋੜੇਗਾ-ਸੁੱਖੀ ਬਾਠ
Next articleਐੱਸ ਡੀ ਕਾਲਜ ‘ਚ ਇੰਟਰਨੈਸ਼ਨਲ ਡੇ ਆਫ ਨੋਨ ਵਾਇਲੈਂਸ