(ਸਮਾਜ ਵੀਕਲੀ)
ਸ਼ੁੱਧ ਪੰਜਾਬੀ ਕਿਵੇਂ ਲਿਖੀਏ?
(ਭਾਗ:1)
ਦੇਖਣ ਵਿੱਚ ਆਇਆ ਹੈ ਕਿ ਪੰਜਾਬੀ ਵਿੱਚ ਲਿਖੇ ਜਾਣ ਵਾਲ਼ੇ ਕੁਝ ਸ਼ਬਦ ਅਜਿਹੇ ਹਨ ਜਿਹੜੇ ਅਕਸਰ ਗ਼ਲਤ ਸ਼ਬਦ-ਜੋੜਾਂ ਨਾਲ਼ ਲਿਖੇ ਹੋਏ ਮਿਲ਼ਦੇ ਹਨ। ਬੇਸ਼ੱਕ ਅੱਜ ਤੋਂ ਲਗ-ਪਗ ਪੈਂਤੀ-ਚਾਲ਼ੀ ਕੁ ਵਰ੍ਹੇ ਪਹਿਲਾਂ ਇਸ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਨੇ “ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼” ਨਾਂ ਦੀ ਇੱਕ ਵੱਡ-ਆਕਾਰੀ ਪੁਸਤਕ ਪ੍ਰਕਾਸ਼ਿਤ ਕਰਵਾ ਕੇ ਹਰ ਸ਼ਬਦ ਦੇ ਸ਼ੁੱਧ ਸ਼ਬਦ-ਜੋੜਾਂ ਸੰਬੰਧੀ ਸਾਡੇ ਲਈ ਬੇਸ਼ਕੀਮਤੀ ਹਿਦਾਇਤਾਂ ਜਾਰੀ ਕੀਤੀਆਂ ਸਨ ਪਰ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਨਿਯਮਾਂ ਉੱਤੇ ਵੀ ਪੂਰੀ ਤਰ੍ਹਾਂ ਨਾਲ਼ ਅਮਲ ਨਹੀਂ ਕੀਤਾ ਜਾ ਰਿਹਾ। ਇਸ ਦਾ ਇੱਕ ਮਨੋਵਿਗਿਆਨਿਕ ਕਾਰਨ ਇਹ ਜਾਪਦਾ ਹੈ ਕਿ ਅਸੀਂ ਜਿਹੜੇ ਸ਼ਬਦ ਅੱਜ ਤੱਕ ਜਿਸ ਵੀ ਢੰਗ ਨਾਲ਼ ਲਿਖਦੇ ਆ ਰਹੇ ਹਾਂ, ਸਾਨੂੰ ਉਹੋ ਢੰਗ ਹੀ ਪਸੰਦ ਹੈ। ਪਰ ਇਹ ਮਸਲਾ ਨਿੱਜੀ ਪਸੰਦ ਜਾਂ ਨਾਪਸੰਦ ਦਾ ਨਹੀਂ ਹੈ ਸਗੋਂ ਇਸ ਬਾਰੇ ਸਾਨੂੰ ਇੱਕ ਸਮੂਹਿਕ ਪਹੁੰਚ ਅਪਣਾਉਣ ਅਤੇ ਉਪਰੋਕਤ ਪੁਸਤਕ ਦੀਆਂ ਹਿਦਾਇਤਾਂ ਅਨੁਸਾਰ ਸ਼ਬਦ-ਜੋੜਾਂ ਦੇ ਆਧੁਨਿਕ ਨਿਯਮ ਅਪਣਾਉਣ ਦੀ ਲੋੜ ਹੈ।
ਸੋ, ਜੇਕਰ ਅਸੀਂ ਸ਼ਬਦ-ਜੋੜਾਂ ਵਿੱਚ ਇਕਸਾਰਤਾ ਲਿਆਉਣੀ ਚਾਹੁੰਦੇ ਹਾਂ ਤਾਂ ਅੰਗਰੇਜ਼ੀ ਵਾਂਗ ਸਾਨੂੰ ਪੰਜਾਬੀ ਵਿੱਚ ਵੀ ਸ਼ਬਦ-ਜੋੜਾਂ ਦੇ ਨਿਯਮਾਂ ‘ਤੇ ਸਖ਼ਤੀ ਨਾਲ਼ ਪਹਿਰਾ ਦੇਣਾ ਪਵੇਗਾ ਅਤੇ ਗ਼ਲਤ ਤੇ ਪੁਰਾਤਨ ਢੰਗ ਨਾਲ਼ ਲਿਖੇ ਜਾਂਦੇ ਸ਼ਬਦ-ਜੋੜਾਂ ਦੇ ਢੰਗ ਤੋਂ ਹਰ ਹਾਲਤ ਵਿੱਚ ਖਹਿੜਾ ਛੁਡਾਉਣਾ ਹੀ ਪਵੇਗਾ। ਇਹ ਠੀਕ ਹੈ ਕਿ ਕੁਝ ਸ਼ਬਦਾਂ ਦੇ ਸ਼ਬਦ-ਜੋੜਾਂ ਉੱਤੇ ਅਜੇ ਵੀ ਮੱਤ-ਭੇਦ ਬਰਕਰਾਰ ਹਨ ਪਰ ਅਜਿਹੇ ਸ਼ਬਦਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਇਸ ਆੜ ਵਿੱਚ ਸਾਨੂੰ ਬਹੁਤ ਸਾਰੇ ਹੋਰ ਸ਼ਬਦਾਂ ਦੇ ਸ਼ਬਦ-ਜੋੜਾਂ ਨੂੰ ਨਕਾਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹੋ-ਜਿਹੇ ਕੁਝ ਸ਼ਬਦ ਕੇਵਲ ਉਂਗਲ਼ਾਂ ਦੇ ਪੋਟਿਆਂ ‘ਤੇ ਹੀ ਗਿਣੇ ਜਾ ਸਕਣ ਵਾਲ਼ੇ ਹਨ। ਅਜਿਹੇ ਸ਼ਬਦਾਂ ਦੇ ਸ਼ਬਦ-ਜੋੜਾਂ ਦਾ ਹੱਲ ਵੀ ਮਿਲ਼-ਬੈਠ ਕੇ ਕੱਢਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਪੇਸ਼ ਹਨ ਕੁਝ ਅਜਿਹੇ ਸ਼ਬਦ ਜਿਨ੍ਹਾਂ ਨੂੰ ਕਿ ਸ਼ਬਦ-ਜੋੜਾਂ ਪੱਖੋਂ ਅਕਸਰ ਗ਼ਲਤ ਹੀ ਲਿਖਿਆ ਜਾਂਦਾ ਹੈ।
‘ਕਮੀ-ਬੇਸ਼ੀ’ ਕਿ ‘ਕਮੀ-ਪੇਸ਼ੀ’?
ਇਸ ਸੰਬੰਧ ਵਿੱਚ ਸਭ ਤੋਂ ਪਹਿਲਾ ਸ਼ਬਦ ਜਿਹੜਾ ਕਿ ਅਕਸਰ ਹੀ ਗ਼ਲਤ ਲਿਖਿਆ ਮਿਲ਼ਦਾ ਹੈ, ਉਹ ਹੈ- ‘ਕਮੀ-ਬੇਸ਼ੀ’। ਇਸ ਨੂੰ ਆਮ ਤੌਰ ‘ਤੇ ਹਰ ਕੋਈ ‘ਕਮੀ-ਪੇਸ਼ੀ’ ਹੀ ਲਿਖਦਾ ਅਤੇ ਬੋਲਦਾ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਪੇਸ਼ ਤੇ ਪੇਸ਼ੀ ਸ਼ਬਦਾਂ ਬਾਰੇ ਤਾਂ ਜਾਣਦੇ ਹਾਂ ਪਰ ‘ਬੇਸ਼ੀ’ ਬਾਰੇ ਨਹੀਂ ਤੇ ਨਾ ਕਦੇ ਜਾਣਨ ਦੀ ਕੋਸ਼ਸ਼ ਹੀ ਕੀਤੀ ਹੈ। ਇਹ ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਭਾਸ਼ਾ ਦਾ ਹੈ ਅਤੇ ਇਸ ਦੇ ਅਰਥ ਹਨ- ਵਾਧਾ। ਇਸ ਪ੍ਰਕਾਰ ‘ਕਮੀ-ਬੇਸ਼ੀ’ ਸ਼ਬਦ ਦੇ ਅਰਥ ਬਣੇ: ਘਾਟਾ-ਵਾਧਾ ਜਦਕਿ ਪੇਸ਼ੀ ਸ਼ਬਦ ਦੇ ਅਰਥ ਹਨ- ਸਾਮ੍ਹਣੇ/ਸਾਮ੍ਹਣੇ ਹੋਣਾ ਜਾਂ ਸਾਮ੍ਹਣੇ ਕਰਨਾ (ਜਿਵੇਂ: ਜੱਜ ਦੇ ਪੇਸ਼ੀ ਪੈਣੀ ਆਦਿ)। ਇਸ ਪ੍ਰਕਾਰ ਜਿੱਥੇ ਕਮੀ-ਬੇਸ਼ੀ ਸ਼ਬਦ ਨੂੰ ਵਰਤਣਾ ਹੁੰਦਾ ਹੈ, ਉੱਥੇ ਅਗਿਆਨਤਾਵੱਸ “ਕਮੀ-ਪੇਸ਼ੀ” ਸ਼ਬਦ ਨੂੰ ਵਰਤ ਕੇ ਅਸੀਂ ਅਰਥਾਂ ਦੇ ਅਨਰਥ ਅਤੇ ਆਪਣੇ ਅਨਜਾਣਪੁਣੇ ਨੂੰ ਜ਼ਾਹਰ ਕਰ ਬੈਠਦੇ ਹਾਂ।
ਨਾਸਿਕੀ ਚਿੰਨ੍ਹ ਬਿੰਦੀ ਦੀ ਵਰਤੋਂ ਸੰਬੰਧੀ ਗ਼ਲਤੀਆਂ:
ਇਸੇ ਤਰ੍ਹਾਂ ਕੁਝ ਸ਼ਬਦ ਨਾਸਿਕੀ ਚਿੰਨ੍ਹ ਬਿੰਦੀ ਨਾਲ਼ ਲਿਖੇ ਜਾਣ ਵਾਲ਼ੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਅਕਸਰ ਬਿਨਾਂ ਬਿੰਦੀ ਤੋਂ ਹੀ ਕਰਦੇ ਹਾਂ। ਇਹਨਾਂ ਵਿੱਚੋਂ ਪ੍ਰਮੁੱਖ ਹਨ: ਕਾਇਆਂ ਅਤੇ ਹਮੇਸ਼ਾਂ। ਇਹਨਾਂ ਸ਼ਬਦਾਂ ਦੇ ਹਿੰਦੀ ਅਤੇ ਸੰਸਕ੍ਰਿਤ ਰੂਪਾਂ ਨੂੰ ਭਾਵੇਂ ਬਿੰਦੀ ਤੋਂ ਬਿਨਾਂ ਹੀ ਸ਼ੁੱਧ ਮੰਨਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਇਹ ਸ਼ਬਦ ‘ਜਿਵੇਂ ਬੋਲੋ, ਤਿਵੇਂ ਲਿਖੋ’ ਦੇ ਨਿਯਮ ਅਨੁਸਾਰ ਬਿੰਦੀ ਪਾ ਕੇ ਹੀ ਲਿਖੇ ਜਾਣੇ ਹਨ।
ਨਾਸਿਕੀ ਚਿੰਨ੍ਹ ਬਿੰਦੀ ਵਾਲ਼ੇ ਸ਼ਬਦਾਂ ਦਾ ਜਦੋਂ ਵਚਨ ਬਦਲਿਆ ਜਾਂਦਾ ਹੈ ਤਾਂ ਉਹਨਾਂ ਸ਼ਬਦਾਂ ਦਾ ਬਹੁਵਚਨ ਰੂਪ ਬਣਾਉਣ ਸਮੇਂ ਸ਼ਬਦ ਦੇ ਆਖ਼ਰੀ ਅੱਖਰ ਦੀ ਲਗ ਨਾਲ਼ ਲੱਗੀ ਬਿੰਦੀ ਅਕਸਰ ਹਟਾ ਦਿੱਤੀ ਜਾਂਦੀ ਹੈ। ਨਵੇਂ ਨਿਯਮ ਅਨੁਸਾਰ ਇਹ ਬਿੰਦੀ ਹਟਾਉਣੀ ਨਹੀਂ ਸਗੋਂ ਉੱਥੇ ਹੀ ਲੱਗੀ ਰਹਿਣ ਦੇਣੀ ਹੈ। ਇਸ ਦੀ ਬਜਾਏ ਬਹੁਵਚਨ ਬਣਾਉਣ ਵਾਲ਼ੇ ਅੱਖਰ ਦੀ ਲਗ ਨਾਲ਼ ਇੱਕ ਹੋਰ ਬਿੰਦੀ ਪਾ ਦੇਣੀ ਹੈ, ਜਿਵੇਂ: ਮਾਂ ਤੋਂ ਮਾਂਵਾਂ, ਛਾਂ ਤੋਂ ਛਾਂਵਾਂ, ਗਾਂ ਤੋਂ ਗਾਂਵਾਂ, ਗਾਂਈਂ ਤੋਂ ਗਾਂਈਂਆਂ, ਸਾਂਈਂ ਤੋਂ ਸਾਂਈਂਆਂ, ਨਵੀਂ ਤੋਂ ਨਵੀਂਆਂ ਆਦਿ। ਇਸ ਦਾ ਮੁੱਖ ਕਾਰਨ ਹੈ, ‘ਜਿਵੇਂ ਬੋਲੋ, ਤਿਵੇਂ ਲਿਖੋ’। ਕਿਉਂਕਿ ਬੋਲਣ ਸਮੇਂ ਇਹ ਦੋਵੇਂ ਬਿੰਦੀਆਂ ਆਪਣੀ ਅਵਾਜ਼ ਦਿੰਦੀਆਂ ਹਨ ਇਸ ਲਈ ਇਹਨਾਂ ਬਿੰਦੀਆਂ ਨੂੰ ਸ਼ਬਦ ਦੇ ਬਹੁਵਚਨ ਰੂਪ ਵਿੱਚ ਵੀ ਆਪਣੇ ਸਥਾਨ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ।
ਪੈਰ ਵਿੱਚ ਰਾਰੇ (ਰ) ਦੀ ਗ਼ਲਤੀ:
ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੈਰ ਵਿੱਚ ਰਾਰਾ ਅੱਖਰ ਜ਼ਿਆਦਾਤਰ ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਵਿੱਚ ਹੀ ਪੈਂਦਾ ਹੈ, ਅਰਬੀ/ਫ਼ਾਰਸੀ ਭਾਸ਼ਾਵਾਂ ਤੋਂ ਆਏ ਸ਼ਬਦਾਂ ਵਿੱਚ ਬਹੁਤ ਹੀ ਘੱਟ; ਕੇਵਲ ਜਿੱਥੇ ਅਵਾਜ਼ ਬਹੁਤ ਹੀ ਤੇਜ਼ੀ ਨਾਲ਼ ਆ ਰਹੀ ਹੋਵੇ। ਪਰ ਦੇਖਣ ਵਿੱਚ ਆਇਆ ਹੈ ਕਿ ਗਰਿਫ਼ਤਾਰ, ਪਰੇਸ਼ਾਨ, ਪਰਵਾਹ (ਫ਼ਿਕਰ, ਡਰ, ਚਿੰਤਾ ਆਦਿ) ਅਤੇ ਪਰਹੇਜ਼ ਆਦਿ ਸ਼ਬਦ ਭਾਵੇਂ ਫ਼ਾਰਸੀ ਮੂਲ ਦੇ ਹਨ ਪਰ ਅਸੀਂ ਇਹਨਾਂ ਨੂੰ ਲਿਖਣ ਸਮੇਂ ਵੀ ਪੈਰ ਵਿੱਚ ਰ ਪਾ ਕੇ ਹੀ ਲਿਖੀ ਜਾਂਦੇ ਹਾਂ, ਜਿਵੇਂ: ਗਰਿਫ਼ਤਾਰ ਨੂੰ ਗ੍ਰਿਫ਼ਤਾਰ, ਪਰੇਸ਼ਾਨ ਨੂੰ ਪ੍ਰੇਸ਼ਾਨ, ਪਰਵਾਹ ਨੂੰ ਪ੍ਰਵਾਹ ਜਾਂ ਪਰਹੇਜ਼ ਨੂੰ ਪ੍ਰਹੇਜ਼ ਆਦਿ ਲਿਖੀ ਜਾ ਰਹੇ ਹਾਂ ਜਦਕਿ ਅਜਿਹੇ ਸ਼ਬਦਾਂ ਨੂੰ ਪੂਰਾ ਰਾਰਾ ਪਾ ਕੇ ਹੀ ਲਿਖਿਆ ਜਾਣਾ ਹੈ।
ਦੁੱਤ ਅੱਖਰ ‘ਰ’ ਦੀ ਵਰਤੋਂ ਭਾਵੇਂ ਅੰਗਰੇਜ਼ੀ ਦੇ ਸ਼ਬਦਾਂ ਵਿੱਚ ਵੀ ਪਾਉਣ ਦੀ ਰਵਾਇਤ ਨਹੀਂ ਹੈ ਪਰ ਸਾਡੇ ਵਿਦਵਾਨਾਂ ਨੇ ਅੰਗਰੇਜ਼ੀ ਦੇ ਕੁਝ ਸ਼ਬਦਾਂ ਨੂੰ ਪੰਜਾਬੀ ਰੂਪ ਦੇਣ ਸਮੇਂ ਇਸ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਹੈ। ਇਸ ਅਨੁਸਾਰ ਅੰਗਰੇਜ਼ੀ ਦੇ ਉਹਨਾਂ ਸ਼ਬਦਾਂ ਦੇ ਪੈਰ ਵਿੱਚ ਰਾਰਾ ਪਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਰ ਤੋਂ ਪਹਿਲਾ ਅੱਖਰ ਕੋਈ ਵਿਅੰਜਨ ਅੱਖਰ ਹੋਵੇ ਅਤੇ ਅਵਾਜ਼ ਤੇਜ਼ੀ ਨਾਲ਼ ਆ ਰਹੀ ਹੋਵੇ, ਜਿਵੇਂ: ਟ੍ਰੈਫ਼ਿਕ (Traffic) ਸ਼ਬਦ ਲਿਖਣ ਸਮੇਂ ਕਿਉਂਕਿ T ਅਤੇ R ਦੋਵੇਂ ਹੀ ਵਿਅੰਜਨ ਅੱਖਰ ਹਨ ਅਤੇ ਅਵਾਜ਼ ਵੀ ਤੇਜ਼ੀ ਨਾਲ਼ ਆ ਰਹੀ ਹੈ ਇਸ ਲਈ ਇੱਥੇ ਰਾਰਾ ਦੁੱਤ ਅੱਖਰ ਟੈਂਕੇ ਦੇ ਪੈਰ ਵਿੱਚ ਹੀ ਪਵੇਗਾ। ਇਸ ਤੋਂ ਬਿਨਾਂ ਡ੍ਰਾਈਵਰ, ਟ੍ਰੈੱਕਟਰ, ਟ੍ਰੱਕ, ਟ੍ਰੰਕ, ਬ੍ਰੇਕ, ਪ੍ਰਿੰਸੀਪਲ, ਪ੍ਰੋਫ਼ੈਸਰ, ਲਾਇਬ੍ਰੇਰੀ, ਫੋਟੋਗ੍ਰਾਫਰ, ਪ੍ਰੋਗ੍ਰਾਮ, ਪ੍ਰੋਟੀਨ, ਪ੍ਰਾਈਵੇਟ, ਪ੍ਰਾਇਮਰੀ, ਪ੍ਰੈੱਕਟਿਸ ਆਦਿ ਸ਼ਬਦ ਦੁੱਤ ਅੱਖਰ ਰ ਨਾਲ਼ ਹੀ ਲਿਖਣੇ ਹਨ।
ਦੇਖਣ ਵਿੱਚ ਆਇਆ ਹੈ ਕਿ ਇਹਨਾਂ ਸ਼ਬਦਾਂ ਵਿਚਲੇ ‘ਪ੍ਰੋਗ੍ਰਾਮ’ ਸ਼ਬਦ ਨੂੰ ਲਿਖਣ ਸਮੇਂ ਅਸੀਂ ਪਹਿਲਾ ਰਾਰਾ ਤਾਂ ਪ ਅੱਖਰ ਦੇ ਪੈਰਾਂ ਵਿੱਚ ਪਾ ਦਿੰਦੇ ਹਾਂ ਪਰ ਦੂਜਾ ਰਾਰਾ ਅਕਸਰ ਪੂਰਾ ਹੀ ਪਾਉਂਦੇ ਹਾਂ। ਅਜਿਹਾ ਕਰਨਾ ਨਿਯਮਾਂ ਦੀ ਸਰਾਸਰ ਉਲੰਘਣਾ ਹੈ। ਫ਼ਰਾਕ, ਅਪਰੈਲ ਆਦਿ ਕੁਝ ਇੱਕ ਸ਼ਬਦਾਂ ਨੂੰ ਇਸ ਨਿਯਮ ਤੋਂ ਛੋਟ ਇਸ ਕਾਰਨ ਹੈ ਕਿਉਂਕਿ ਇਹਨਾਂ ਵਿੱਚ ਅਵਾਜ਼ ਵਧੇਰੇ ਤੇਜ਼ੀ ਨਾਲ਼ ਨਹੀਂ ਆ ਰਹੀ ਪਰ ਇਸ ਦੇ ਬਾਵਜੂਦ ਕੁਝ ਲੋਕ ਅਤੇ ਪ੍ਰੈੱਸ ਦਾ ਇੱਕ ਵੱਡਾ ਹਿੱਸਾ ਇਹਨਾਂ ਸ਼ਬਦਾਂ ਵਿਚਲੇ ਅੰਗਰੇਜ਼ੀ ਦੇ ਤਦਭਵ ਸ਼ਬਦ ਅਪਰੈਲ ਨੂੰ ‘ਅਪ੍ਰੈਲ’ ਹੀ ਲਿਖੀ ਜਾ ਰਿਹਾ ਹੈ ਜੋਕਿ ਪੂਰੀ ਤਰ੍ਹਾਂ ਗ਼ਲਤ ਹੈ।
ਪੰਜਾਬੀ ਦੇ ਪ੍ਰ ਅਗੇਤਰ ਨਾਲ਼ ਲਿਖੇ ਜਾਣ ਵਾਲ਼ੇ ਕੁਝ ਸ਼ਬਦਾਂ ਨੂੰ ਵੀ ਪੈਰ ਵਿੱਚ ਰ ਪਾ ਕੇ ਹੀ ਲਿਖਣਾ ਹੈ, ਜਿਵੇਂ: ਪ੍ਰਸੰਗ, ਪ੍ਰਕਿਰਤੀ, ਪ੍ਰਦੇਸ਼, ਪ੍ਰਚਾਰ, ਪ੍ਰਵੇਸ਼, ਪ੍ਰਦਰਸ਼ਨ, ਪ੍ਰਬੰਧ, ਪ੍ਰਤਾਪ, ਪ੍ਰਕਾਸ਼, ਪ੍ਰਜ੍ਵਲਿਤ, ਪ੍ਰਚਲਿਤ, ਪ੍ਰਧਾਨ ਆਦਿ। ਦਰਅਸਲ ਪ੍ਰ, ਪਰ ਅਤੇ ਪਰਿ ਸੰਸਕ੍ਰਿਤ ਮੂਲ ਦੇ ਤਿੰਨ ਅਜਿਹੇ ਅਗੇਤਰ ਹਨ ਜਿਨ੍ਹਾਂ ਦੇ ਅਰਥ ਸਜਾਤੀ ਅਗੇਤਰ ਹੋਣ ਦੇ ਬਾਵਜੂਦ ਇੱਕ-ਦੂਜੇ ਨਾਲ਼ੋਂ ਰਤਾ ਅਲੱਗ ਹਨ। ਪ੍ਰ ਅਗੇਤਰ ਦੇ ਅਰਥ ਹਨ: ਦੂਰ-ਦੂਰ ਤੱਕ, ਜਿਵੇਂ: ਪ੍ਰਚਲਿਤ – ਜੋ ਦੂਰ-ਦੂਰ ਤੱਕ ਚੱਲ ਨਿਕਲ਼ਿਆ ਹੋਵੇ; ਪ੍ਰਸਿਧ- ਜਿਸ ਦੀ ਮਾਨਤਾ ਦੂਰ-ਦੂਰ ਤੱਕ ਸਿੱਧ ਅਰਥਾਤ ਸਾਬਤ ਹੋ ਚੁੱਕੀ ਹੋਵੇ। ‘ਪਰ’ ਅਗੇਤਰ ਦੇ ਅਰਥ ਹਨ: ਪਰਾਇਆ, ਦੂਜਾ ; ਜਿਵੇਂ: ਪਰਦੇਸ, ਪਰਵਾਸ ਆਦਿ। ਇਸੇ ਤਰ੍ਹਾਂ ਤੀਜੇ ਅਗੇਤਰ ਪਰਿ ਦੇ ਅਰਥ ਹਨ: ਆਲ਼ੇ-ਦੁਆਲ਼ੇ; ਜਿਵੇਂ: ਪਰਿਭਾਸ਼ਾ, ਪਰਿਕਰਮਾ (ਆਪਣੇ ਇਸ਼ਟ ਦੇ ਆਲ਼ੇ-ਦੁਆਲ਼ੇ ਕਦਮ ਪੁੱਟਣੇ)। ਸਾਨੂੰ ਇਹਨਾਂ ਤਿੰਨਾਂ ਅਗੇਤਰਾਂ ਦੇ ਕੇਵਲ ਅਰਥ ਯਾਦ ਰੱਖਣ ਦੀ ਹੀ ਲੋੜ ਹੈ। ਜੇਕਰ ਸਾਨੂੰ ਇਹਨਾਂ ਦੇ ਅਰਥਾਂ ਦਾ ਪਤਾ ਹੋਵੇਗਾ ਤਾਂ ਅਸੀਂ ਕਦੇ ਵੀ ਗ਼ਲਤ ਅਗੇਤਰ ਦੀ ਵਰਤੋਂ ਨਹੀਂ ਕਰਾਂਗੇ ਤੇ ਸਿੱਟੇ ਵਜੋਂ ਪਰਿਭਾਸ਼ਾ ਨੂੰ ਪ੍ਰੀਭਾਸ਼ਾ, ਪਰਿਕਰਮਾ ਨੂੰ ਪ੍ਰਕਰਮਾ, ਪਰਿਸਥਿਤੀਆਂ ਨੂੰ ਪ੍ਰਸਥਿਤੀਆਂ, ਪਰਦੇਸ ਨੂੰ ਪ੍ਰਦੇਸ ਅਤੇ ਪਰਵਾਸ ਨੂੰ ਪ੍ਰਵਾਸ ਆਦਿ ਨਹੀਂ ਲਿਖਾਂਗੇ।
ਦੇਖਣ ਵਿੱਚ ਆਇਆ ਹੈ ਕਿ ਬਹੁਤੇ ਲੋਕ “ਪਰੀਖਿਆ” ਸ਼ਬਦ ਨੂੰ ਵੀ ‘ਪ੍ਰੀਖਿਆ’ ਅਰਥਾਤ ਪ ਦੇ ਪੈਰ ਵਿੱਚ ਰ ਪਾ ਕੇ ਹੀ ਲਿਖਦੇ ਹਨ ਜੋਕਿ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸ਼ਬਦ ‘ਪਰਿ’ ਅਗੇਤਰ (ਪਰਿ+ਈਖਿਆ/परि+ईक्षा) ਤੋਂ ਬਣਿਆ ਹੋਇਆ ਹੈ, ਪ੍ਰ ਅਗੇਤਰ ਤੋਂ ਨਹੀਂ। ਅਸਲ ਵਿੱਚ ‘ਈਖਿਆ’ ਸ਼ਬਦ ਅੱਖ (ਸੰਸਕ੍ਰਿਤ: अक्षि) ਸ਼ਬਦ ਤੋਂ ਆਇਆ ਹੈ ਅਤੇ ਈਖਿਆ ਸ਼ਬਦ ਤੋਂ ਇੱਥੇ ਭਾਵ ਹੈ- ਕਿਸੇ ਵਿਸ਼ੇ ਨੂੰ ਆਲੇ-ਦੁਆਲ਼ਿਓਂ ਭਾਵ ਹਰ ਪੱਖੋਂ ਆਪਣੇ ਨਜ਼ਰੀੇਏ ਜਾਂ ਦ੍ਰਿਸ਼ਟੀਕੋਣ ਅਨੁਸਾਰ ਬੰਨ੍ਹਣਾ ਅਰਥਾਤ ਪੇਸ਼ ਕਰਨਾ। ਸੋ, ਪਰੀਖਿਆ ਸ਼ਬਦ ਸਾਨੂੰ ਭੁੱਲ ਕੇ ਵੀ ‘ਪ੍ਰੀਖਿਆ’ ਦੇ ਤੌਰ ‘ਤੇ ਅਰਥਾਤ ਪ ਦੇ ਪੈਰ ਵਿੱਚ ਰ ਪਾ ਕੇ ਨਹੀਂ ਲਿਖਣਾ ਚਾਹੀਦਾ। ਇਸੇ ਕਾਰਨ ਹਿੰਦੀ, ਸੰਸਕ੍ਰਿਤ ਭਾਸ਼ਾਵਾਂ ਵਿੱਚ ਵੀ ਇਸ ਸ਼ਬਦ ਨੂੰ ਪਰੀਕਸ਼ਾ (परीक्षा) ਅਰਥਾਤ ਪੂਰਾ ਰਾਰਾ ਪਾ ਕੇ ਹੀ ਲਿਖਿਆ ਜਾਂਦਾ ਹੈ।
ਸ੍ਰੀ ਕਿ ਸ਼੍ਰੀ?
ਕੁਝ ਲੋਕ ਇਸ ਭੁਲੇਖੇ ਦਾ ਵੀ ਸ਼ਿਕਾਰ ਹਨ ਕਿ ਸ੍ਰੀ ਅਤੇ ਸ਼੍ਰੀ ਵਿੱਚੋਂ ਕਿਹੜਾ ਸ਼ਬਦ ਸਹੀ ਹੈ? ਸ਼੍ਰੀ ਸ਼ਬਦ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਮੂਲ ਦਾ ਹੈ। ਇਸ ਦਾ ਪੰਜਾਬੀਕਰਨ ਪੂਰਨ ਰੂਪ ਵਿੱਚ ‘ਸ੍ਰੀ’ ਸ਼ਬਦ ਦੇ ਤੌਰ ‘ਤੇ ਹੋ ਚੁੱਕਿਆ ਹੈ। ਕਈ ਤਾਂ ‘ਸਤਿ ਸ੍ਰੀ ਅਕਾਲ’ ਵੀ ‘ਸਤਿ ਸ਼੍ਰੀ ਅਕਾਲ’ ਕਹਿ ਕੇ ਹੀ ਬੁਲਾਉਂਦੇ ਹਨ। ਸ੍ਰੀਮਾਨ (ਜੋੜ ਕੇ) ਸ਼ਬਦ ਵੀ ਬਿਨਾਂ ਪੈਰ-ਬਿੰਦੀ ਤੋਂ ਹੀ ਲਿਖਣਾ ਹੈ। ਹੁਣ ਤਾਂ ‘ਸ਼੍ਰੀਲੰਕਾ’ ਦੇਸ ਵੀ ਸ੍ਰੀਲੰਕਾ ਵਿੱਚ ਤਬਦੀਲ ਹੋ ਚੁੱਕਿਆ ਹੈ। ਇਸ ਤੋਂ ਬਿਨਾਂ ‘ਸ੍ਰੀਨਗਰ’ ਸ਼ਹਿਰ ਦਾ ਨਾਂ ਵੀ ਸ੍ਰੀ ਸ਼ਬਦ ਨਾਲ਼ ਹੀ ਲਿਖਣਾ ਹੈ। ਇਸ ਤੋਂ ਬਿਨਾਂ ਸਰੀਰ/ਸਰੀਰਿਕ, ਸੋਭਾ/ਸੋਭਨੀਕ, ਦੇਸ/ਦੇਸੀ, ਪਰਦੇਸ/ਪਰਦੇਸੀ ਆਦਿ ਸ਼ਬਦ ਵੀ ਸ ਅੱਖਰ ਨਾਲ਼ ਹੀ ਲਿਖਣੇ ਹਨ, ਸ਼ ਨਾਲ਼ ਨਹੀਂ। ਪ੍ਰਦੇਸ਼ (ਪ੍ਰਾਂਤ) ਸ਼ਬਦ ਨੂੰ ਜ਼ਰੂਰ ਸ਼ ਅੱਖਰ ਨਾਲ਼ ਹੀ ਲਿਖਿਆ ਜਾਣਾ ਹੈ। ਇਸ ਤੋਂ ਬਿਨਾਂ ਵਿਦੇਸ਼ ਸ਼ਬਦ ਵੀ ਸ਼ ਅੱਖਰ ਨਾਲ਼ ਹੀ ਲਿਖਣਾ ਹੈ। ਦੇਸ-ਵਿਦੇਸ਼ ਸ਼ਬਦ ਲਿਖਣ ਸਮੇਂ ਦੇਸ ਹੇਠਾਂ ਬਿੰਦੀ ਨਹੀਂ ਪੈਣੀ ਪਰ ਵਿਦੇਸ਼ ਵਿੱਚ ਬਿੰਦੀ ਪਾਈ ਜਾਣੀ ਹੈ। ਇਹੋ ਹੀ ਇਸ ਦਾ ਸ਼ੁੱਧ ਰੂਪ ਹੈ।
—-(ਚੱਲਦਾ)
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly