ਕੁਝ ਗੱਲਾਂ ਊਈਂ ਹੁੰਦੀਆਂ ਨੇ

ਸਵਾਮੀ ਸਰਬਜੀਤ ਸਿੰਘ

(ਸਮਾਜ ਵੀਕਲੀ)-ਜਿਵੇਂ ਭਗਵੰਤ ਮਾਨ (ਮਾਣਯੋਗ ਮੁੱਖ ਮੰਤਰੀ, ਪੰਜਾਬ) ਗੁਜਰਾਤ ਗਿਆ, ਗਾਂਧੀ ਦੀ ਰਹਿਣ–ਥਾਂ ‘ਤੇ ਘੁੰਮਿਆ–ਫਿਰਿਆ, ਗਾਂਧੀ ਦਾ ਬੁੱਤ ਪੂਜਤਾ, ਗਾਂਧੀ ਦਾ ਚਰਖ਼ਾ ਫੜ ਕੇ ਘੁਮਾਤਾ…. ਬੱਸ ਗੱਲ ਇੰਨੀ ਕੁ ਈ ਐ…
ਪਰ ਕੀ ਗੱਲ ਸਿਰਫ਼ ਇੰਨੀ ਕੁ ਈ ਐ ?
ਨਹੀਂ ਜੇ, ਮੈਂ ਆਪਣੇ ਚੌਗਿਰਦੇ ਨਿਗ੍ਹਾ ਮਾਰਾਂ ਤਾਂ ਪੰਜਾਬ ਦੇ ਲਹੂ ਨੇ ਭਗਵੰਤ ਮਾਨ ਨੂੰ ਲੱਖ ਲਾਹਨਤਾਂ ਭੇਜੀਆਂ, ਉਹਨੂੰ ਗ਼ੱਦਾਰ ਕਿਹਾ, ਦੋਗਲ਼ਾ ਕਿਹਾ, ਪਖੰਡੀ ਕਿਹਾ…. ਵਿੱਚੇ ਗਾਂਧੀ ਨੂੰ ਪਰਸ਼ਾਦ ਦੇਤਾ….
ਥੋੜ੍ਹਾ ਜਾ ਸੋਚ ਕੇ ਵੇਖੋ ਦੋਸਤੋ – ਗ਼ਲਤੀ ਕਿੱਥੇ ਐ ? ਕਿਤੇ ਸਾਡੇ ਅੰਦਰ ਈ ਤਾਂ ਨਹੀਂ ਪਈ ? ਭਗਵੰਤ ਮਾਨ ਨੇ ਭਗਤ ਸਿੰਘ ਦਾ ਨਾਂ ਲੈ ਕੇ ਸਰਕਾਰ ਬਣਾ ਲਈ, ਸਾਡੇ ਲਈ ਸੁਪਨਿਆਂ ਦਾ ਪੰਜਾਬ ਪੇਸ਼ ਕਰਤਾ।
ਰਾਜਨੀਤੀ ਆਲ਼ੇ ਇੰਝ ਹੀ ਕਰਦੇ ਹੁੰਦੇ ਨੇ, ਉਹ ਸਾਰਿਆਂ ਨੂੰ ਈ ਮੱਥਾ ਟੇਕਦੇ ਨੇ, ਸਾਰਿਆਂ ਦੀ ਗੱਲ ਸੁਣਦੇ ਹੁੰਦੇ ਨੇ, ਸਾਰਿਆਂ ਨੂੰ ਈ ਨਾਲ਼ ਲੈ ਕੇ ਚਲਦੇ ਹੁੰਦੇ ਨੇ। ‘ਉਹ’….. ”ਅਸੀਂ” ਨਹੀਂ ਹੁੰਦੇ। ਉਹ ਸਾਡੇ ਵਾਂਗ ਚੂਜ਼ੀ ਨਹੀਂ ਹੁੰਦੇ, ਰਾਜਨੀਤੀ ਉਨ੍ਹਾਂ ਨੂੰ ਚੂਜ਼ੀ ਨਹੀਂ ਹੋਣ ਦਿੰਦੀ। ਇੱਥੇ ਗ਼ਲਤੀ ਸਾਡੀ ਹੋਵੇਗੀ ਜੇ ਅਸੀਂ ਇਹ ਸੋਚ ਲਿਆ ਕਿ ਭਗਵੰਤ ਹੁਰਾਂ ਨੇ ਭਗਤ ਸਿੰਘ ਨੂੰ ਮੂਹਰੇ ਲਾ ਲਿਆ ਤਾਂ ਉਹ ਹੁਣ ਰਿਐਕਟ ਵੀ ਉਹਦੇ ਵਾਂਗ ਹੀ ਕਰਨਗੇ।

ਅਸੀਂ ਹੀ ਹਾਂ ਜਿਹੜੇ ਉਨ੍ਹਾਂ ਨੂੰ ਇੰਝ ਕਰਨ ਲਈ ਮਜਬੂਰ ਕਰਦੇ ਹਾਂ। ਅਸੀਂ ਆਪ ਹੀ ਰੰਗਾਂ, ਜਾਤਾਂ, ਜ਼ਾਤਾਂ, ਨਸਲਾਂ, ਧਰਮਾਂ, ਭਾਸ਼ਾਵਾਂ, ਵਿਚਾਰਧਾਰਾ ਦੀਆਂ ਵਲਗਣਾਂ ਵਿੱਚ ਵਲ਼ੇ ਪਏ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਚੁਣੇ ਰਾਜਨੇਤਾ ਵੀ ਉਵੇਂ ਹੀ ਕਰਨ ਜਿਵੇਂ ਅਸੀਂ ਸੋਚਦੇ ਹਾਂ, ਕਰਦੇ ਹਾਂ। ਉਹ ਤੁਹਾਨੂੰ ਬਹੁਤੀ ਵਾਰ ਨਰਾਜ਼ ਨਹੀਂ ਕਰਦੇ, ਇਸੇ ਲਈ ਉਹ ਜਿੱਤਣ ਮਗਰੋਂ ਸ਼੍ਰੀ ਹਰਿਮੰਦਰ ਸਾਹਬ ਮੱਥਾ ਟੇਕਦੇ ਹਨ, ਨਾਲ਼ ਹੀ ਦੁਰਗਿਆਣਾ ਮੰਦਰ ਵੀ ਮੱਥਾ ਟੇਕਦੇ ਹਨ ਪਰ ਸਾਡੇ ਵਰਗੇ ਹੋਰ ਵੀ ਹਨ ਜਿਹੜੇ ਇਹ ਸੋਚਦੇ ਹਨ ਕਿ ‘ਉਹ’ ਮਸੀਤ ਵਿੱਚ ਵੀ ਮੱਥਾ ਟੇਕਣ, ਉਹ ਗਿਰਜਾ ਘਰ ਵੀ ਗੋਡੇ ਟੇਕਣ।
ਉਵੇਂ ਹੀ ਅਸੀਂ ਖ਼ੁਸ਼ ਹੁੰਦੇ ਹਾਂ ਜਦੋਂ ਉਹ ਭਗਤ ਸਿੰਘ ਦੇ ਬੁੱਤ ਨੂੰ ਮਾਲ਼ਾ ਪਾਉਂਦੇ ਨੇ, ਫੇਰ ਸਾਡੇ ਵਿੱਚੋਂ ਉਹ ਵੀ ਹਨ ਜਿਹੜੇ ਚਾਹੁੰਦੇ ਨੇ ਉਹ ਗਾਂਧੀ ਦੇ ਬੁੱਤ ਨੂੰ ਵੀ ਮਾਲ਼ਾ ਪਾਉਣ। ਵੋਟਾਂ ਉਨ੍ਹਾਂ ਨੇ ਵੀ ਪਾਈਆਂ ਨੇ ਜਿਹੜੇ ਊਧਮ ਸਿੰਘ ਨੂੰ ਨਾਇਕ ਸਮਝਦੇ ਨੇ, ਜਾਂ ਮਹਾਰਾਜਾ ਰਣਜੀਤ ਸਿੰਘ ਨੂੰ, ਜਾਂ ਸੰਤ ਗੋਸਵਾਮੀ ਨਾਭਾ ਦਾਸ ਨੂੰ…..
ਉਨ੍ਹਾਂ ਨੂੰ ਵੋਟਾਂ ਸਭ ਨੇ ਪਾਈਆਂ ਨੇ, ਉਨ੍ਹਾਂ ਨੇ ਸਾਰਿਆਂ ਨੂੰ ਖ਼ੁਸ਼ ਕਰਨਾ ਹੈ।
ਰਹੀ ਗੱਲ ਗਾਂਧੀ ਦੀ – ਗਾਂਧੀ ਚੰਗਾ ਕਿ ਮਾੜਾ ? ਮੈਨੂੰ ਨਹੀਂ ਪਤਾ, ਪਰ ਸਾਡੀ ਗਾਂਧੀ ਨਾਲ਼ ਬਹੁਤੀ ਨਫ਼ਰਤ ਦਾ ਕਾਰਨ ਇਹੋ ਐ ਕਿ ਰਾਜਨੀਤੀ ਵਿੱਚ ਗਾਂਧੀ ਤੋਂ ਲਾਭ ਲੈਣ ਆਲ਼ਿਆਂ ਨੇ ਸਾਰੀ ਆਜ਼ਾਦੀ ਦਾ ਸਿਹਰਾ ਗਾਂਧੀ ਸਿਰ ਬੰਨ੍ਹਤਾ…. ਲਗਦੇ ਹੱਥ ਨੋਟਾਂ ‘ਤੇ ਫੋਟੋ ਵੀ ਲਾਤੀ…. ਸ਼ਾਇਦ ਸਾਨੂੰ ਗਾਂਧੀ ਨਾਲ਼ ਓਨੀ ਨਫ਼ਰਤ ਨਾ ਹੁੰਦੀ ਜੇ ਰਾਜਨੇਤਾ ਆਪਣਾ ਨਿੱਜੀ ਸਵਾਰਥਾਂ ਕਰਕੇ ਆਜ਼ਾਦੀ ਦਾ ਸਾਰਾ ਸਿਹਰਾ ਉਹਦੇ ਸਿਰ ਨਾ ਬੰਨ੍ਹਦੇ, ਉਹਦੀ ਨੋਟਾਂ ‘ਤੇ ਫੋਟੋ ਨਾ ਲਗਦੀ….
ਬਾਕੀ ਭਗਵੰਤ ਮਾਨ ਦੀ ਗੁਜਰਾਤ ਫੇਰੀ ਬਾਰੇ ਕਹਾਂ….. ਤਾਂ
ਕੁਝ ਗੱਲਾਂ ਊਈਂ ਹੁੰਦੀਆਂ ਨੇ ਦੋਸਤੋ, ਦਿਲ ‘ਤੇ ਨਾ ਲਾਇਆ ਕਰੋ।

ਸਵਾਮੀ ਸਰਬਜੀਤ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਜਾੜੇ ਦਾ ਖ਼ੌਫ: ਗੁਜਰਾਤ ਦੇ ਪੰਜਾਬੀ ਕਿਸਾਨਾਂ ਨੇ ਭਗਵੰਤ ਮਾਨ ’ਤੇ ਲਾਈ ਟੇਕ
Next articleਯੂਪੀਏ ਦਾ ਚੇਅਰਮੈਨ ਬਣਨ ਦੀ ਕੋਈ ਇੱਛਾ ਨਹੀਂ: ਪਵਾਰ