ਅੱਜ ਭੋਗ ਤੇ ਵਿਸ਼ੇਸ਼
(ਸਮਾਜ ਵੀਕਲੀ) ਪਿੰਡ ਲਧਾਣਾ ਝਿੱਕਾ ਦੀ ਰਾਜਨੀਤੀ ਦੇ ਬਾਬਾ ਬੋਹੜ, ਸਮਾਜ ਸੁਧਾਰਕ ਨਾਟਕਕਾਰ ਤੇ ਉੱਘੇ ਸਮਾਜ ਸੇਵੀ ਸਵ ਬਾਬੂ ਸਿਵ ਨਾਥ ਜੀ 1/10/2025 ਬੁੱਧਵਾਰ ਬੇਸੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਪਰ ਉਹ ਆਪਣੇ ਪਰਿਵਾਰ ਹੀ ਨਹੀਂ, ਪਿੰਡ ਵਾਸੀਆਂ ਦੇ ਨਾਲ ਨਾਲ ਇਲਾਕਾ ਨਿਵਾਸੀਆਂ ਦੀਆਂ ਯਾਦਾਂ ਚ ਹਮੇਸ਼ਾ ਵਸਦੇ ਰਹਿਣ ਗੇ।ਬੇਸ਼ਕ ਬਾਬੂ ਸਿਵ ਨਾਥ ਜੀ, ਉਮਰ ਭਰ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਪਰ ਉਹਨਾਂ ਹਮੇਸ਼ਾ ਪਾਰਟੀ ਤੋਂ ਜਿਆਦਾ ਪਿੰਡ ਦੀ ਭਲਾਈ ਤੇ ਤਰੱਕੀ ਨੂੰ ਤਰਜੀਹ ਦਿੱਤੀ।ਉਨ੍ਹਾਂ ਦੀ ਇੱਕ ਬਹੁਤ ਵੱਡੀ ਖਾਸੀਅਤ ਸੀ ਕਿ ਹਰ ਉਮਰ ਦੇ ਲੋਕਾਂ ਨਾਲ ਸਹਿਜੇ ਹੀ ਘੁਲ ਮਿਲ ਜਾਇਆ ਕਰਦੇ ਸਨ। ਇਸ ਲਈ ਕੋਈ ਵੀ ਪਿੰਡ ਵਾਸੀ ਬੇਝਿਜਕ ਆਪਣੀ ਸਮੱਸਿਆ ਜਾਂ ਸਿਕਾਇਤ ਲੈ ਕੇ ਉਨ੍ਹਾਂ ਕੋਲ ਪਹੁੰਚ ਜਾਂਦਾ ਸੀ। ਤੇ ਬਾਬੂ ਜੀ ਹਰ ਵੇਲੇ, ਹਰ ਤਰ੍ਹਾਂ ਨਾਲ ਹਰ ਕਿਸੇ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਸਨ।ਉਨ੍ਹਾਂ ਦੇ ਦਿਲ ਵਿੱਚ ਖਿਆਲ ਨਹੀਂ ਸੀ ਆਉਂਦਾ ਕਿ ਉਨ੍ਹਾਂ ਕੋਲ ਆਉਣ ਵਾਲਾ ਵਿਰੋਧੀ ਪਾਰਟੀ ਦਾ ਸਮਰਥਕ ਹੈ।1958 ਤੱਕ ਬਾਬੂ ਜੀ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਸਨ। ਬਾਬੂ ਜੀ ਦੀ ਨਾਟਕ ਮੰਡਲੀ ਦੇ ਨਾਟਕ ਵੀ ਕਮਿਊਨਿਸਟ ਵਿਚਾਰਧਾਰਾ ਦੇ ਰੰਗ ਵਿੱਚ ਰੰਗੇ ਹੋਏ ਹੁੰਦੇ ਸਨ। ਦੋ ਦਹਾਕਿਆਂ ਤੱਕ ਉਹ ਆਪਣੇ ਨਾਟਕਾਂ ਰਾਹੀਂ ਲੋਕਾਂ ਨੂੰ ਵਹਿਮਾਂ ਭਰਮਾਂ ਖਿਲਾਫ਼ ਜਾਗਰੂਕ ਕਰਦੇ ਰਹੇ।ਉਨ੍ਹਾਂ ਦੇ ਦੱਸਣ ਮੁਤਾਬਕ ਉਹ ਅੰਬਾਲਾ ਤੇ ਅੱਗੇ ਮੇਰਠ ਤੱਕ ਨਾਟਕ ਖੇਡਣ ਜਾਂਦੇ ਰਹੇ ਹਨ। ਪਰ ਸਵ ਸਰਪੰਚ ਜਗਤ ਸਿੰਘ ਦੇ ਸਰਪੰਚ ਬਣਨ ਤੋਂ ਬਾਅਦ ਉਹ ਕਾਂਗਰਸੀ ਬਣ ਗਏ ਤੇ ਆਪਣੇ ਆਖਰੀ ਸਾਹਾਂ ਤੱਕ ਉਹ ਕਾਂਗਰਸੀ ਰਹੇ। ਪਿੰਡ ਦੀ ਹਰ ਸੰਸਥਾ ਵਿੱਚ ਬਾਬੂ ਜੀ ਨੇ ਮੋਹਰੀ ਭੂਮਿਕਾ ਨਿਭਾਈ ਹੈ। ਪਿੰਡ ਵਿੱਚ ਬਣੀ ਹਰ ਪੰਚਾਇਤ ਦੇ ਉਹ ਮਾਰਗ ਦਰਸ਼ਕ ਸਨ। ਤੇ ਹਰ ਪੰਚਾਇਤ ਵਲੋਂ ਉਨ੍ਹਾਂ ਦੇ ਸੁਝਾਵਾਂ ਨੂੰ ਖਾਸ ਤਵੱਜੋ ਤੇ ਤਰਜੀਹ ਦਿੱਤੀ ਜਾਂਦੀ ਸੀ। ਮੈਂਬਰ ਪੰਚਾਇਤ, ਮੈਂਬਰ ਦੀ ਲਧਾਣਾ ਝਿੱਕਾ ਕੋਅਪਰੇਟਿਵ ਸੋਸਾਇਟੀ, ਖਾਨਗਾਹ ਦਰਗਾਹ ਦਾ ਪ੍ਧਾਨ, ਸੱਚ ਘਰ ( ਸਿਵੇ ) ਦਾ ਸੇਵਾਦਾਰ ਤੇ ਗੁਰਦੁਆਰਾ ਸਿੰਘ ਸਭਾ ਦਾ ਕਰਤਾ ਧਰਤਾ ਸਵ ਬਾਬੂ ਸਿਵ ਨਾਥ ਬੇਸ਼ਕ ਸਾਰੀ ਉਮਰ ਕਲੀਨ ਸੇਵ ਰਿਹਾ ਪਰ ਉਹ ਗੁਰਬਾਣੀ ਤੇ ਗੁਰੂਘਰ ਨਾਲ ਅੰਦਰੋਂ, ਦਿਲੋ ਜੁੜਿਆ ਹੋਇਆ ਸੀ। ਸਵੇਰੇ ਸਵੱਖਤੇ ਚਾਰ ਵਜੇ ਗੁਰੂ ਗ੍ਰੰਥ ਸਾਹਿਬ ਜੀ ਪ੍ਕਾਸ਼ ਸਮੇਂ ਉਹ ਹਰ ਰੋਜ਼ ਨੇਮ ਨਾਲ ਗੁਰੂ ਘਰ ਹਾਜ਼ਰੀ ਲਗਵਾਉਦੇ ਸਨ। ਲੰਬਾ ਸਮਾਂ ਵਿਦੇਸ਼ ਚ ਰਹਿਣ ਕਾਰਣ, ਬਾਬੂ ਸਿਵ ਨਾਥ ਜੀ ਨਾਲ ਮੇਰੀ ਰਸਮੀ ਜਿਹੀ ਜਾਣ ਪਹਿਚਾਣ ਸੀ। ਪਰ ਸੰਨ 2018 ਵਿੱਚ ਜਦੋਂ ਮੈ ਆਪਣੀ ਕਿਤਾਬ ” ਮੇਰੇ ਸਾਹੀਂ ਵਸਿਆ ਮੇਰਾ ਪਿੰਡ ਲਧਾਣਾ ਝਿੱਕਾ ( ਇਤਿਹਾਸ ) ਲਿਖ ਰਿਹਾ ਸੀ, ਤਾਂ ਸਾਡੀਆਂ ਦੋ-ਦੋ ਘੰਟੇ ਦੀਆਂ ਲੰਬੀਆਂ ਬੈਠਕਾਂ ਹੁੰਦੀਆਂ ਸਨ। ਇਸ ਤਰ੍ਹਾਂ ਮੈਂ ਬਾਬੂ ਜੀ ਨੂੰ ਬਹੁਤ ਨੇੜਿਉਂ ਜਾਣਿਆਂ। ਉਸ ਸਮੇਂ ਬਾਬੂ ਜੀ ਨੇ ਮੈਨੂੰ ਆਪਣੀ ਉਮਰ ਇਕੱਨਵੇਂ ਸਾਲ ਦੱਸੀ ਸੀ। ਮੈਂ ਹੈਰਾਨ ਸੀ ਕਿ ਇਕੱਨਵੇਂ ਸਾਲ ਦੀ ਉਮਰ ਵਿੱਚ ਵੀ ਉਹ ਇੱਕ ਨੌਜਵਾਨ ਦੀ ਤਰ੍ਹਾਂ ਵਿਚਰ ਰਹੇ ਸਨ। ਤੇ ਪਿੰਡ ਦੀਆਂ ਕਿੰਨੀਆਂ ਸੰਸਥਾਵਾਂ/ਅਸਥਾਨਾਂ ਦੇ ਪ੍ਬੰਧ ਸੰਭਾਲ ਰਹੇ ਸਨ। ਇਸ ਉਮਰ ਵਿੱਚ ਬਾਬੂ ਜੀ ਦੀ ਯਾਦਸਤ ਦੇਖ ਕੇ ਮੈ ਹੈਰਾਨ ਹੋ ਗਿਆ ਸੀ। ਬੇਸ਼ਕ ਮੇਰੇ ਕੋਲ ਮੇਰੇ ਸਵ ਚਾਚਾ ਜੀ ਸਵ ਜੋਗਿੰਦਰ ਸਿੰਘ ਕੰਵਲ ਫ਼ਿਜ਼ੀ ਵਲੋਂ ਲਿਖੀ ਉਨ੍ਹਾਂ ਦੀ ਜੀਵਨੀ My roots ਤੋਂ ਪਿੰਡ ਬਾਰੇ ਕਾਫ਼ੀ ਜਾਣਕਾਰੀ ਸੀ, ਪਰ ਇਹ ਕਹਿਣ ‘ਚ ਮੈਨੂੰ ਕੋਈ ਝਿਜਕ ਨਹੀਂ ਕਿ ਜੇ ਸਵ ਬਾਬੂ ਸਿਵ ਨਾਥ ਜੀ ਵਲੋਂ ਮੈਨੂੰ ਕਈ ਅਹਿਮ ਜਾਣਕਾਰੀਆਂ ਨਾਂ ਮਿਲਦੀਆਂ ਤਾਂ ਸ਼ਾਇਦ ਮੈਂ ਆਪਣੀ ਕਿਤਾਬ ਕਦੇ ਵੀ ਪੂਰੀ ਨਾ ਕਰ ਸਕਦਾ। ਸਵ ਬਾਬੂ ਸਿਵ ਨਾਥ ਜੀ ਇੱਕ ਵਿਲੱਖਣ ਸਖਸ਼ੀਅਤ ਸਨ। ਬੇਸ਼ਕ ਅੱਜ ਉਹ ਸਪੁਰਦੇ ਖਾਕ ਹੋ ਚੁੱਕੇ ਹਨ ਪਰ ਉਹ ਹਮੇਸ਼ਾ ਪਿੰਡ ਵਾਸੀਆਂ ਦੇ ਨਾਲ ਨਾਲ ਇਲਾਕਾ ਨਿਵਾਸੀਆਂ ਦੀਆਂ ਯਾਦਾਂ ਵਿੱਚ ਵਸਦੇ ਰਹਿਣ ਗੇ। ਵਾਹਿਗੁਰੂ ਉਨ੍ਹਾਂ ਨੂੰ ਆਤਮਿਕ ਸਾਂਤੀ ਤੇ ਆਪਣੇ ਚਰਨਾਂ ਚ ਨਿਵਾਸ ਬਖਸ਼ਣ।
ਗੁਰਦੀਪ ਸਿੰਘ ਮੁਕੱਦਮ
9878160133



