HOME ਪੁਸਤਕ : ਪੰਜਾਬੀ ਵਿਆਕਰਨ ਅਧਿਐਨ

ਪੁਸਤਕ : ਪੰਜਾਬੀ ਵਿਆਕਰਨ ਅਧਿਐਨ

1
ਪੁਸਤਕ ਸਮੀਖਿਆ
ਲੇਖਕਾ : ਰਜਿੰਦਰ ਕੌਰ ਜੀਤ
ਪੰਨੇ :  264
ਮੁੱਲ : 399/- ਰੁਪਏ
ਪ੍ਰਕਾਸ਼ਿਕ : ਆਰਿਫ਼ ਪਬਲੀਕੇਸ਼ਨ ਐੰਡ ਲਿਟਰੇਚਰ ਹਾਊਸ,ਲੁਧਿਆਣਾ 
ਸੰਪਰਕ : 85560-90201, 96461-90201
*ਰਜਿੰਦਰ ਕੌਰ ਜੀਤ ਦਾ ਪੰਜਾਬੀ ਵਿਆਕਰਨ ਬਾਰੇ ਸਿਰੜੀ ਕਾਰਜ ਹੈ ਪੁਸਤਕ : ‘ਪੰਜਾਬੀ ਵਿਆਕਰਨ ਅਧਿਐਨ’*
ਮਾਲਵਿੰਦਰ ਸ਼ਾਇਰ

   (ਸਮਾਜ ਵੀਕਲੀ)  ਰਜਿੰਦਰ ਕੌਰ ਜੀਤ ਇੱਕ ਸੂਖ਼ਮ-ਭਾਵੀ ਸਾਹਿਤਕਾਰਾ ਹੈ ਜਿਸਨੇ ਹੱਥਲੀ ਪੁਸਤਕ ‘ਪੰਜਾਬੀ ਵਿਆਕਰਨ ਅਧਿਐਨ’ ਤੋਂ ਪਹਿਲਾਂ ਇੱਕ ਸੰਪਾਦਿਤ ਪੁਸਤਕ ‘ਗਿਆਨ ਪ੍ਰਬੋਧ’ 2023 ਵਿੱਚ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈ ਹੈ। ਹੱਥਲੀ ਪੁਸਤਕ ‘ਪੰਜਾਬੀ ਵਿਆਕਰਨ ਅਧਿਐਨ’ ਦਾ ਪਹਿਲਾ ਐਡੀਸ਼ਨ 2024 ਵਿੱਚ ਆਇਆ ਅਤੇ ਹੁਣ ਦੂਜਾ ਐਡੀਸ਼ਨ 2025 ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸਦੇ ਨਾਲ਼ ਹੀ ਉਸਦੀ ਸੰਪਾਦਿਤ  ਪੁਸਤਕ ‘ਚਾਰ ਮੂਏ ਤੋ ਕਿਆ ਭਇਆ’ ( 2025) ਵੀ ਪ੍ਰਕਾਸ਼ਿਤ ਹੋਈ ਹੈ। ਉਸਦੀ ਇੱਕ ਮੌਲਿਕ ਰਚਨਾ ਦੀ ਪੁਸਤਕ ‘ਜੀਵਨ ਅਨੰਦ’ ਅਤੇ ਸੰਪਾਦਿਤ ਪੁਸਤਕ ‘ਮਹਿਮਾਨ ਸੁਲਤਾਨਾਂ ਅਤੇ ਸ਼ੀਰੀਂ ਫ਼ਰਿਹਾਦ’ ਛਪਾਈ ਅਧੀਨ ਹਨ। ਮੂਲ ਰੂਪ ਵਿੱਚ ਰਜਿੰਦਰ ਕੌਰ ਜੀਤ ਅਤੇ ਉਸਦੇ ਸਮੁੱਚੇ ਪਰਿਵਾਰ ‘ਤੇ ਗੁਰਬਾਣੀ ਦਾ ਡਾਹਢਾ ਪ੍ਰਭਾਵ ਹੈ ਜਿਸ ਕਰਕੇ ਉਸਦੀ ਖ਼ੁਦ ਦੀ ਰੂਹ ਨੂੰ ਭਾਉੰਦੇ ਤੇ ਸਿਰੜੀ ਕਾਰਜ ਕਰਨਾ ਉਸਦਾ ਸੁਭਾਅ ਹੈ। ਹਥਲੀ ਪੁਸਤਕ ‘ਪੰਜਾਬੀ ਵਿਆਕਰਨ ਅਧਿਐਨ’ 264 ਪੰਨਿਆਂ ਦੀ ਪੁਸਤਕ ਹੈ ਜਿਸਦੇ ‘ਅੰਤਕਾ’ ਸਮੇਤ 27 ਅਧਿਆਇ ਹਨ। ਉਸਨੇ ਅਧਿਆਇਆਂ ਨੂੰ ਅੱਗੋਂ ਸਬ-ਅਧਿਆਇਆਂ ਵਿੱਚ ਵੰਡਿਆ ਹੋਇਆ ਹੈ ਜਿਸ ਕਾਰਨ ਪਾਠਕ ਨੂੰ ਪੁਸਤਕ ਪੜ੍ਹਨ-ਗੁੜ੍ਹਨ ਵਿੱਚ ਜਰਾ ਵੀ ਦਿੱਕਤ ਮਹਿਸੂਸ ਨਹੀਂ ਹੁੰਦੀ। ਹਰ ਅਧਿਆਇ ਆਪਣੇ ਆਪ ਵਿੱਚ ਸੰਪੂਰਨ ਹੈ। ਇਸ ਪੁਸਤਕ ਵਿੱਚ ਸ਼ਾਮਿਲ ਜਾਣਕਾਰੀ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕਰਕੇ ਡੂੰਘੇ ਅਧਿਐਨ ਅਤੇ ਵਿਸ਼ਲੇਸ਼ਣ ਤੋਂ ਬਾਅਦ ਸਰਲ ਸ਼ਬਦਾਵਲੀ ਤੇ ਭਾਸ਼ਾ ਵਿੱਚ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀ ਗਈ ਹੈ ਜੋ ‘ਮਾਂ-ਬੋਲੀ ਪੰਜਾਬੀ ਅਤੇ ਰੁਜ਼ਗਾਰ ਪ੍ਰਾਪਤੀ ਲਈ ਜੂਝ ਰਹੇ ਜੁਝਾਰੂਆਂ ਨੂੰ’ ਸਮਰਪਿਤ ਕੀਤੀ ਗਈ ਹੈ। ਇਸ ਪੁਸਤਕ ਪ੍ਰਕਾਸ਼ਿਨਾਂ ਪਿੱਛੇ ਲੇਖਕਾ ਦੀ ਮਿਹਨਤ,ਲਗਨ ਅਤੇ ਸਿਰੜ ਦੇ ਦਰਸ਼ਨ ਬਾ-ਖ਼ੂਬੀ ਝਲਕਦੇ ਹਨ। ਰਜਿੰਦਰ ਕੌਰ ਖ਼ੁਦ ਇੱਕ ਅਧਿਆਪਕਾ ਹੈ ਜਿਸ ਕੋਲ 13 ਸਾਲ ਤੋਂ ਵੱਧ ਸਮੇਂ ਤੱਕ ਦਾ ਅਧਿਆਪਨ ਤਜ਼ੁਰਬਾ ਵੀ ਹੈ ਅਤੇ ਉਸਨੇ ਇਸ ਪੁਸਤਕ ਵਿੱਚ ਵਿਆਕਰਨ ਨਾਲ਼ ਸਬੰਧਿਤ ਹਰੇਕ ਵਿਸ਼ੇ ਨੂੰ ਸੋਚ ਵਿਚਾਰ ਕੇ, ਤੱਥਾਂ ਦੇ ਆਧਾਰ ‘ਤੇ ਛਾਣਬੀਣ ਕਰਕੇ ਬਹੁਤ ਹੀ ਰੌਚਿਕ ਢੰਗ ਨਾਲ਼ ਪੇਸ਼ ਕੀਤਾ ਹੈ। ਇਹ ਪੁਸਤਕ ਵਿਆਕਰਨ ਪ੍ਰੇਮੀਆਂ ਦੇ ਨਾਲ਼-ਨਾਲ਼ ਦਾਖਲਾ/ਚੋਣ ਪ੍ਰੀਖਿਆਵਾਂ ਦੇਣ ਵਾਲੇ ਅਤੇ ਰੁਜ਼ਗਾਰ ਪ੍ਰਾਪਤੀ ਲਈ  ਜੂਝ ਰਹੇ ਨੌਜੁਆਨ ਗਭਰੂਆਂ ਅਤੇ ਮੁਟਿਆਰਾਂ ਖਾਤਰ ਵੀ ਬਹੁਤ ਲਾਹੇਵੰਦ ਹੈ ਜੋ ਬਹੁਤ ਹੀ ਸਰਲ ਅਤੇ ਸੌਖੇ ਤਰੀਕੇ ਨਾਲ਼ ਪੰਜਾਬੀ ਵਿਆਕਰਨ ਬਾਰੇ ਜਾਣੂ ਹੋਣਗੇ। ਇਸ ਪੁਸਤਕ ਦਾ ਮੁੱਖ ਮਨੋਰਥ ਹੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਦੇ ਨਿਯਮਾਂ ਨੂੰ ਔਖੀ ਸ਼ਬਦਾਵਲੀ ਤੋਂ ਮੁਕਤ ਕਰ ਕੇ ਸਰਲਤਾ ਨਾਲ਼ ਸਮਝਾਉਣਾ ਹੀ ਹੈ  ਤਾਂ ਕਿ ਜੋ ਸਿੱਖਿਆਰਥੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਨੂੰ ਨੀਰਸ ਅਤੇ ਔਖਾ ਵਿਸ਼ਾ ਮੰਨਦੇ ਹਨ ਉਹ ਸੌਖਿਆਂ ਹੀ ਆਪਣੀ ਅਭਿਲਾਸ਼ਾ ਦੀ ਪੂਰਤੀ ਕਰ ਸਕਣ। ਕਿਸੇ ਭਾਸ਼ਾ ਦਾ ਵਿਆਕਰਨ ਲਿਖਣਾ ਸੌਖਾ ਕਾਰਜ ਨਹੀਂ  ਕਿਉਂਕਿ ਭਾਸ਼ਾ ਵਿਗਿਆਨ ਇੱਕ ਅਥਾਹ ਵਿਸ਼ਾ ਹੈ ਇਸ ਲਈ ਲੇਖਕ ਜਾਂ ਲੇਖਕਾ ਨੂੰ ਧੁਨੀ ਵਿਚਾਰ, ਚਿੰਨ੍ਹ ਵਿਚਾਰ, ਪਦ ਵਿਚਾਰ, ਵਾਕ ਵਿਚਾਰ, ਸ਼ਬਦ ਮੂਲ ਅਤੇ ਵਿਕਾਸ ਵਿਚਾਰ ਤੋਂ ਛੁੱਟ ਲਿੱਪੀ ਦੇ ਨਿਕਾਸ ਤੇ ਵਿਕਾਸ ਆਦਿ ਬਾਰੇ ਜਾਣੂ ਹੋਣਾ ਅਤਿ-ਜ਼ਰੂਰੀ ਹੈ। ਇਸ ਵਿਸ਼ੇ ਬਾਰੇ ਰਜਿੰਦਰ ਦਾ ਖ਼ੁਦ ਇਸ ਪੁਸਤਕ ਵਿੱਚ ਆਪਣੇ ‘ਪ੍ਰਵੇਸ਼’ ਕਾਲਮ ਵਿੱਚ  ਮੰਨਣਾ ਹੈ ਕਿ, ” ਵਿਆਕਰਨ ਨੂੰ ਬਹੁਤ ਹੀ ਰੁੱਖਾ ਵਿਸ਼ਾ ਮੰਨਿਆ ਜਾਂਦਾ ਹੈ। ਇਹ ਘੋਟਾ ਲਾ ਕੇ ਯਾਦ ਕਰਨ ਵਾਲੀ ਸ਼ੈ ਸਮਝੀ ਜਾਂਦੀ ਹੈ, ਜਦੋਂ ਕਿ ਅਸਲੀਅਤ ਇਸ ਤੋਂ ਉਲਟ ਹੈ। ਵਿਆਕਰਨ ਦਾ ਵਿਸ਼ਾ ਅਤਿ ਰੌਚਿਕ ਹੈ।”

ਅਸਲ ਵਿੱਚ ਕਿਸੇ ਭਾਸ਼ਾ ਦਾ ਵਿਆਕਰਨ ਇੱਕ ਵਿੱਦਿਆ ਹੈ ਜੋ ਬੋਲੀ ਜਾਂ ਭਾਸ਼ਾ ਦੇ ਹੋਂਦ ਵਿੱਚ ਆਉਣ ਤੋਂ ਕਾਫ਼ੀ ਦੇਰ ਬਾਅਦ ਹੋਂਦ ਵਿੱਚ ਆਇਆ ਹੈ ਅਤੇ ਬੋਲੀ ਨੂੰ ਸ਼ੁੱਧ ਰੂਪ ਵਿੱਚ ਸਾਡੇ ਤੱਕ ਪਹੁੰਚਾਉਣ ਲਈ ਕਈ ਹਜ਼ਾਰਾਂ ਸਾਲਾਂ ਦੀ ਇਸਨੂੰ ਘਾਲਣਾ ਵੀ ਘਾਲਣੀ ਪਈ ਹੈ। ਇਸੇ ਤਰ੍ਹਾਂ ਪੰਜਾਬੀ ਵਿੱਚ ਵਿਆਕਰਨ ਇੱਕ ਅਜਿਹੀ ਵਿੱਦਿਆ ਹੈ ਜਿਸ ਵਿੱਚ ਭਾਸ਼ਾ ਦੇ ਧੁਨੀ ਉਚਾਰਨ, ਸ਼ਬਦ-ਰਚਨਾ, ਸ਼ਬਦ-ਜੋੜਾਂ, ਸ਼ਬਦਾਰਥ ਅਤੇ ਵਾਕ ਰਚਨਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ। ਵਿਆਕਰਨਿਕ ਨਿਯਮਾਂ ਵਿੱਚ ਬੱਝ ਕੇ ਹੀ ਕੋਈ ਭਾਸ਼ਾ ਸਾਹਿਤਕ ਜਾਂ ਟਕਸਾਲੀ ਰੂਪ ਅਖਤਿਆਰ ਕਰਦੀ ਹੈ। ਇਸ ਤਰ੍ਹਾਂ ਵਿਆਕਰਨ ਉਨ੍ਹਾਂ ਨਿਯਮਾਂ ਦਾ ਸਮੂਹ ਹੈ ਜੋ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਪ੍ਰਦਾਨ ਕਰਦੇ ਹਨ। ਪੁਰਾਣੀ ਪੰਜਾਬੀ ਵਿਆਕਰਨ ਰਿਸ਼ੀ ਪਾਣਿਨੀ ਦੀ ‘ਅਸ਼ਟਾਧਿਆਏ’ ਪਤੰਜਲੀ ਦੇ ‘ਮਹਾਭਾਸ਼’ ਤੇ ਭਰਤਰੀ ਹਰੀ ਦੇ ‘ਵਾਕਯਪਦੀਯ’ ਤੋਂ ਲੈ ਕੇ ਅੱਜ ਦੇ ਆਧੁਨਿਕ ਸਮੇਂ ਤੱਕ ਜੋ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਨੂੰ ਸ਼ੁੱਧ, ਮਿਆਰੀ ਤੇ ਸਪੱਸ਼ਟ ਲਿਖਣ- ਪੜ੍ਹਨ- ਬੋਲਣ ਲਈ ਕੁੱਝ ਨਿਯਮ ਬਣਾਏ ਹਨ, ਜਿਨ੍ਹਾਂ ਨੂੰ ਵਿਆਕਰਨ ਦੇ ਨਾਂਅ ਨਾਲ਼ ਜਾਣਿਆਂ ਜਾਂਦਾ ਹੈ ਅਤੇ ਅੱਜ ਵੀ ਭਾਸ਼ਾ ਖੋਜਾਰਥੀਆਂ ਅਤੇ ਭਾਸ਼ਾ ਵਿਦਵਾਨਾਂ ਦੁਆਰਾ ਉੱਚ ਪੱਧਰ ‘ਤੇ ਕਾਰਜ ਕੀਤਾ ਜਾ ਰਿਹਾ ਹੈ।
ਸੋ ਮੈਂ ਅੰਤ ਵਿੱਚ ਕਹਾਂਗਾ ਕਿ ਰਜਿੰਦਰ ਕੌਰ ਇਸ ਲਾਸਾਨੀ ਕਾਰਜ ਲਈ ਵਧਾਈ ਦੀ ਪਾਤਰ ਹੈ ਅਤੇ ਮੈਨੂੰ ਆਸ ਹੀ ਨਹੀਂ ਬਲਕਿ ਪੂਰਾ ਵਿਸ਼ਵਾਸ ਹੈ ਕਿ ਉਹ ਭਵਿੱਖ ਵਿੱਚ ਅਜਿਹੇ ਹੋਰ ਵਿਲੱਖਣ ਕਾਰਜ ਕਰਕੇ ਮਾਂ-ਬੋਲੀ ਪੰਜਾਬੀ ਦੀ ਝੋਲੀ ਭਰਦੀ ਰਹੇਗੀ। ਆਮੀਨ…।
ਮਾਲਵਿੰਦਰ ਸ਼ਾਇਰ
ਪਿੰਡ ਤੇ ਡਾਕ. ਸ਼ੇਰ ਸਿੰਘ ਪੁਰਾ
ਤਹਿ. ਤੇ ਜਿਲ੍ਹਾ — ਬਰਨਾਲਾ — 148100
ਸੰਪਰਕ — 94781-85742
Previous articleਸਾਫਟਵੇਅਰ ਇੰਜੀਨੀਅਰ ਦੇ ਖੁਦਕੁਸ਼ੀ ਨੋਟ ਨੇ ਹੰਗਾਮਾ ਮਚਾ ਦਿੱਤਾ, ਬਚਪਨ ਤੋਂ ਹੀ ਆਰਐਸਐਸ ‘ਤੇ ਜਿਨਸੀ ਸ਼ੋਸ਼ਣ ਦੇ ਸਨਸਨੀਖੇਜ਼ ਦੋਸ਼; ਕਾਂਗਰਸ ਦੇ ਹਮਲੇ
Next articleਸਮਾਜ ਸੇਵੀ ਤੇ ਸਮਾਜ ਸੁਧਾਰਕ ਨਾਟਕਕਾਰ ਸਵ ਬਾਬੂ ਸਿਵ ਨਾਥ ਜੀ