(ਸਮਾਜ ਵੀਕਲੀ)
ਦਿਲ ਵਿੱਚ ਅਜੀਬ ਬੁਰਾਈਆਂ ਭਰਕੇ,ਕਦੇ ਜਾਅਲੀ ਬਣ ਕੇ ਤੁਰੀਏ ਨਾ।
ਪਰ ਝੂਠ ਦੀ ਜਿੱਤ ਹੁੰਦੀ ਹੋਵੇ ਜਿੱਥੇ ਤੇ ਉਸ ਧਿਰ ਵੱਲ ਕਦੇ ਵੀ ਜੁੜੀਏ ਨਾ ।
ਸ਼ਬਦੀ ਫਸਲਾਂ ਅਤੇ ਜ਼ਮੀਨੀਂ ਫਸਲਾਂ ‘ਚ ਇੱਕ ਸਾਂਝ ਪਕੇਰੀ ਮੁਕਰਰ ਰਹੇ,
ਥੋੜਾ ਪਿੱਛੇ ਵੱਲ ਮੁੜੀਏ,ਰਸਾਇਣੀ ਬੋਲ ਤੇ ਸਪਰੇਆਂ ਵੱਲ ਨੂੰ ਉੜੀਏ ਨਾ।
ਜ਼ੁਬਾਨ ਨੂੰ ਬੋਲਣ ਦਾ ਅਧਿਕਾਰ ਹੈ,ਫ਼ਰਜ਼ ਹੈ,ਮੌਕਾ ਬੋਲਣ ਤੋਂ ਫੇ’ ਕਿਓਂ ਖੁੰਝੇ,
ਸਮਾਂ ਤਾਂ ਬੀਤ ਹੀ ਜਾਣਾ,ਫਿਰ ਮਲ਼ਦੇ ਹੱਥਾਂ ਪਛਤਾਵੇ ਕਰਦਿਆਂ ਝੁਰੀਏ ਨਾ ।
ਸੁਣਿਆਂ ਕਿ ਆਖਰੀ ਦਮ ਤੱਕ ਪਵਿੱਤਰ ਨਰੋਏ ਸ਼ਬਦ ਸਾਡੇ ਸੰਗ ਵੱਸਦੇ ਨੇ,
ਊਟ ਪਟਾਂਗ ਜਿਹੇ ਨਕਲੀ ਸ਼ਬਦ-ਰੰਗਾਂ ਵਿੱਚ,ਕਦੇ ਵੀ ਬਹਿਸੀਂ ਗੁੜ੍ਹੀਏ ਨਾ ।
ਕਿਸੇ ਸਮੇਂ ਮੇਰੇ ਜਿਹਨ ਵਿੱਚ ਸੱਠੇ ਫਸਲੀ ਸ਼ਬਦ ਘੁੰਮਣਾ ਕਿਓਂ ਚਾਹੁੰਦੇ ਸੀ,
ਗੈਰ-ਸਮਾਜਿਕ ਵਰਤਾਰੇ ਵਿੱਚ ਫਸਣੇ ਧਸਣੇ ਵੱਲ ਭੋਰਾ ਭਰ ਵੀ ਮੁੜੀਏ ਨਾ ।
ਅੱਜਕਲ ਸਿਆੜਾਂ ‘ਚ ਆਮ ਹੀ ਸੱਠੀਆਂ ਫਸਲਾਂ ਦੇ ਬੀਜ਼ ਧਕੇਲੇ ਜਾ ਰਹੇ,
ਕਿ ਮੰਡੀ ਵਿੱਚ ਖਤਰਨਾਕ ਦਾਣੇ ਢੋਣ ਦੀਆਂ ਲਾਲਚੀ ਸਕੀਮਾਂ ਫੁਰੀਏ ਨਾ ।
ਬੱਲੇ ਬੱਲੇ ਖੱਟਣ ਦੀ ਨਖਿੱਧ ਮਸ਼ਹੂਰੀ ਦੀ ਰੌਂਅ ਐਂਵੇ ਘੈਂਵੇਂ ਦੀ ਹੀ ਹੁੰਦੀ ਹੈ,
ਸਰਕਾਰੀ ਨਕਲੀ ਇਸ਼ਤਿਹਾਰ ਪੜ੍ਹਦਿਆਂ ਆਪਣੀ ਹੋਸ਼ ਹਵਾਸ਼ੋਂ ਥੁੜੀਏ ਨਾ।
ਐਹ ਯੁੱਗ ਸਾਮਰਾਜ ਦਾ ਤਾਂ ਹੈ,ਦਬਦਬਾ ਕਾਰਪੋਰੇਟੀ ਮਣਸ਼ੇ ਅੰਦਰਲਾ ਹੈ,
ਜੇ ਔਖੇ ਵੇਲੇ ਕੋਈ ਨਿਤਾਣਾ ਬੰਦਾ ਸਾਥ ਮੰਗਦੈ,ਤਾਂ ਰੇਤਾ ਬਣਕੇ ਭੁਰੀਏ ਨਾ ।
ਇੱਕ ਪੱਖੋਂ ਲਗਦੈ ਕਿ ਪਸ਼ੂ,ਜਾਨਵਰ,ਸਾਡੇ ਲਈ ਸਿੱਖਣ ਦੀਆਂ ਕਿਤਾਬਾਂ ਨੇ,
ਅਨੈਤਿਕਤਾ ਦੀ ਵਿਆਕਰਣ ਫੜਕੇ ਕਦੇ ਵੀ ਬੇਹੋਸ਼ੀ ਧਾਰਕੇ ਕੁੜ੍ਹੀਏ ਨਾ।
ਚਲੋ,ਸੂਰਜ ਦੀ ਤਪਸ਼ ਹੇਠ ਬੈਠ ਠੰਡੇ ਠਾਰ ਜੁੱਸੇ,ਅਨੰਤ ਤੱਕ ਮਘਾ ਲਈਏ,
ਰੁਕੀਏ ਕਿ,ਹਕੂਮਤੀ ਤਾਨਾਸ਼ਾਹੀ ਦੇ ਵਲ਼ਵਲੇਵਿਆਂ ਵਿੱਚ ਫਸਕੇ ਰੁੜ੍ਹੀਏ ਨਾ ।
ਸੁਖਦੇਵ ਸਿੱਧੂ
ਸੰਪਰਕ ਨੰਬਰ : 9888633481.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly