ਸ਼ੋਸ਼ਲ ਮੀਡੀਆ ਤੇ ਸਮਾਜ

ਰਮੇਸ਼ ਸੇਠੀ ਬਾਦਲ 
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਅੱਜ ਸ਼ੋਸ਼ਲ ਮੀਡੀਆ ਦਾ ਯੁੱਗ ਹੈ। ਤਕਰੀਬਨ ਹਰ ਕੋਈਂ ਇਸ ਨਾਲ ਜੁੜਿਆ  ਹੋਇਆ ਹੈ। ਸ਼ੋਸ਼ਲ ਮੀਡੀਆ ਸਾਡੇ ਜੀਵਨ ਦਾ ਅੰਗ ਬਣ ਚੁੱਕਿਆ ਹੈ। ਤਕਰੀਬਨ ਹਰ ਕੋਈ ਫਬ ਤੇ ਪੋਸਟ ਪਾਉਂਦਾ ਹੈ। ਯੂਟਿਊਬ ਤੇ ਵੀਡੀਓ ਪਾਉਂਦਾ ਹੈ। ਬਾਕੀ ਇੰਸਟਾ, ਟਵਿੱਟਰ ਅਤੇ ਕਿਸੇ ਹੋਰ ਐਪ ਜਰੀਏ ਇਸ ਨਾਲ਼ ਜੁੜਿਆ ਹੋਇਆ ਹੈ।  ਬਹੁਤ ਲੋਕ ਹਨ ਜੋ ਵੀਡੀਓ ਪਾਕੇ ਚੈੱਨਲ ਬਣਾਕੇ ਜਾਂ ਹੋਰ ਤਰੀਕਿਆਂ ਨਾਲ ਡਾਲਰ ਕਮਾ ਰਹੇ ਹਨ।  ਇਸ ਨਾਲ ਉਹ ਆਪਣੇ ਰੋਜ਼ੀ ਰੋਟੀ ਦਾ ਜੁਗਾੜ ਵੀ ਕਰਦੇ ਹਨ ਤੇ ਮਸ਼ਹੂਰ ਵੀ ਹੋ ਰਹੇ ਹਨ। ਯਾਨੀ ਸੈਲੀਬ੍ਰਿਟੀ ਬਣ ਰਹੇ ਹਨ। ਇਹ ਕੋਈਂ ਗਲਤ ਵੀ ਨਹੀਂ। ਆਪਣੀ ਰੀਚ ਵਧਾਉਣ ਅਤੇ ਵੱਧ ਪੈਸੇ ਕਮਾਉਣ ਲਈ ਉਹ ਲੋਕਾਂ ਨੂੰ ਲਾਇਕ, ਸਬਸਕਰਾਇਬ ਅਤੇ ਕੋਮੈਂਟ ਕਰਨ ਦੀਆਂ ਅਪੀਲਾਂ ਕਰਦੇ ਹਨ। ਹੁਣ ਕਈ ਬਲੋਗਰ ਆਪਣੀ ਅਪੀਲ ਵੀ ਦੇਵੀ ਦੇਵਤਿਆਂ ਜਾਂ ਆਪਣੀ ਮਾਂ ਨੂੰ ਪਿਆਰ ਕਰਨ ਦੀ ਦੁਹਾਈ ਦੇਕੇ ਕਰਦੇ ਹਨ। ਵੀਡੀਓ ਬਣਾਉਣਾ ਕੋਈਂ ਗਲਤ ਗੱਲ ਨਹੀਂ। ਪਰ ਪੈਸੇ ਦੇ ਲਾਲਚ ਵਿੱਚ ਇਹ ਲੋਕ ਆਪਣੀ ਇੱਜਤ ਅਤੇ ਜਿੰਦਗੀ ਨਾਲ ਖਿਲਵਾੜ ਕਰਦੇ ਹਨ। ਕੁਝ ਸਮਾਂ ਪਹਿਲ਼ਾਂ ਕੁਲੜ ਪੀਜ਼ਾ ਨੇ ਕਿੰਨੀ ਬਦਨਾਮੀ ਖੱਟੀ। ਕਈ ਲੋਕ ਵੀਡੀਓ ਬਣਾਉਣ ਦੇ ਚੱਕਰ ਚ ਆਪਣੀ ਜਾਨ ਗੰਵਾ ਬੈਠੇ । ਸਟੰਟ ਕਰਕੇ ਵੀਡੀਓ ਬਣਾਉਣਾ ਫਿਰ ਮਾਪਿਆਂ ਤੇ ਪਰਿਵਾਰ ਲਈ ਘਰੇ ਸਥਰ ਵਿਛਾ ਦੇਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਬਹੁਤ ਲੋਕ ਨਕਾਰਾਤਮਿਕ ਸੋਚ ਦੀਆਂ ਵੀਡੀਓ ਬਣਾਉਂਦੇ ਹਨ। ਜਿਵੇਂ ਸਿਕਉਰਿਟੀ ਗਾਰਡ ਦੇ ਥੱਪੜ ਮਾਰ ਦੇਣਾ, ਦੋ ਕੋਡੀ ਦਾ, ਗੰਵਾਰ, ਘਟੀਆ ਇਨਸਾਨ, ਗਰੀਬ ਲੰਗੜਾ ਅੰਨ੍ਹਾ ਮਤਲਬ ਸਾਹਮਣੇ ਵਾਲੇ ਨੂੰ ਜ਼ਲੀਲ ਕਰਕੇ ਜਾਂ ਅਪਸ਼ਬਦ ਕਹਿਕੇ ਕਿਸੇ ਦਾ ਅਪਮਾਨ ਕਰਨਾ। ਕਿਸੇ ਔਰਤ ਦਾ ਪੇਂਡੂ ਜਾਂ ਭਾਰਤੀ ਲਿਬਾਜ਼ ਦੇਖਕੇ ਉਸਨੂੰ ਜ਼ਲੀਲ ਕਰਨਾ। ਉਸਨੂੰ ਨੌਕਰਾਣੀ, ਕਾਮਵਾਲੀ  ਕਹਿਣਾ, ਸੱਸ ਸਹੁਰੇ ਦਾ ਅਪਮਾਨ ਕਰਨਾ, ਨੂੰਹ ਦਾ ਸਹੁਰੇ ਤੋਂ ਨੋਕਰਾਂ ਦਾ ਕੰਮ ਲੈਣਾ, ਸੱਸ ਨੂੰ ਭੁੱਖੀ ਰੱਖਣਾ, ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜਣ ਦੀਆਂ ਵੀਡੀਓ ਬਣਾਕੇ ਅਸੀਂ ਕਿਸ ਤਰ੍ਹਾਂ ਦੀ ਦਿੱਖ ਬਣਾ ਰਹੇ ਹਾਂ। ਕੀ ਸੰਦੇਸ਼ ਦੇ ਰਹੇ ਹਾਂ। ਵੀਡੀਓ ਵਿੱਚ ਥੱਪੜ ਮਾਰਨਾ  ਆਮ ਹੀ ਦਿਖਾਇਆ ਜਾਂਦਾ ਹੈ। ਕੀ ਕੋਈਂ ਲੜਕੀ ਕਿਸੇ ਬਜ਼ੁਰਗ ਦੇ ਇਸਤਰਾਂ ਥੱਪੜ ਮਾਰਦੀ ਹਕੀਕਤ ਵਿੱਚ ਵੇਖੀ ਹੈ ਕਿਸੇ ਨੇ। ਕੋਈਂ ਵੀ ਗਰੀਬ, ਮੁਲਾਜਿਮ, ਭਿਖਾਰੀ  ਥੱਪੜ ਨਹੀਂ ਖਾਂਦਾ। ਪਰ ਇਹ ਸ਼ਰੇਆਮ ਦਿਖਾਇਆ ਜਾਂਦਾ ਹੈ। ਇਹ ਅਸੀਂ ਆਪਣੇ ਸਮਾਜ ਦਾ ਕਿਹੜਾ ਰੂਪ ਜਾਹਿਰ ਕਰ ਰਹੇ ਹਾਂ। ਕੀ ਇਹ ਵਰਤਾਰਾ ਸਾਡੇ ਸਮਾਜ ਵਿੱਚ ਆਮ ਹੁੰਦਾ ਹੈ? ਨਹੀਂ ਇਹ ਸਿਰਫ ਵੀਡੀਓ ਨੂੰ ਰੌਚਿਕ ਬਣਾਉਣ ਲਈ ਅਤੇ ਵਿਯੂ ਵਧਾਉਣ ਲਈ ਪੇਸ਼ ਕੀਤਾ ਜਾਂਦਾ ਹੈ। ਕਿਹੜਾ ਸਿਕਉਰਿਟੀ ਗਾਰਡ ਹੈ ਜੋ ਥੱਪੜ ਖਾਕੇ ਵੀ ਚੁੱਪ ਰਹੇਗਾ। ਇਥੇ ਤਕਰੀਬਨ ਹਰ ਦੂਜੀ ਤੀਜੀ ਵੀਡੀਓ ਇਸੇ ਵਿਚਾਰ ਨੂੰ ਲੈਕੇ ਬਣਾਈ ਜਾਂਦੀ ਹੈ। ਪਤੀ ਪਤਨੀ ਦੇ ਨਜਾਇਜ਼ ਸਬੰਧਾਂ ਨੂੰ ਬਹੁਤਾਤ ਵਿੱਚ ਦਿਖਾਇਆ ਜਾ ਰਿਹਾ ਹੈ। ਕੀ ਅਸੀਂ ਇਹ੍ਹਨਾਂ ਕੁਰੀਤੀਆਂ ਜਾਂ ਗਲਤ ਕੰਮਾਂ ਨੂੰ ਪ੍ਰਮੋਟ ਕਰ ਰਹੇ ਹਾਂ। ਇਸ ਤੋਂ ਇਲਾਵਾ ਬਹਾਨੇ ਨਾਲ ਸੈਕਸ ਪਰੋਸਿਆ ਜਾਂਦਾ ਹੈ। ਬੱਚੇ ਨੂੰ ਦੁੱਧ ਪਿਲਾਉਣ ਦੇ ਬਹਾਨੇ ਉਸ ਦੀਆਂ ਛਾਤੀਆਂ ਵਿਖਾਈਆਂ ਜਾਂਦੀਆਂ ਹਨ। ਪੋਰਨ ਵੀਡੀਓ, ਅਸ਼ਲੀਲ ਭਾਸ਼ਾ ਤੇ ਔਰਤ ਦਾ ਨੰਗੇਜ ਦਿਖਾਕੇ ਵਿਯੂ ਲਏ ਜਾਂਦੇ ਹਨ। ਇਸ ਤਰਾਂ ਕਰਕੇ ਅਸੀਂ ਡਾਲਰ ਤਾਂ ਕਮਾ ਸਕਦੇ ਹਾਂ ਪਰ ਆਪਣੇ ਸਮਾਜ ਵਿਰਾਸਤ ਅਤੇ ਆਪਣੀ ਦਿੱਖ ਦਾ ਗਲਤ ਪੱਖ ਦੁਨੀਆਂ ਨੂੰ ਪੇਸ਼ ਕਰਕੇ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ। ਇਸ ਸਭ ਲਈ ਜਿੰਨੇ ਵੀਡੀਓ ਬਣਾਉਣ ਵਾਲੇ ਦੋਸ਼ੀ ਹਨ ਓੰਨੇ ਅਸੀਂ ਵੇਖਣ ਵਾਲੇ ਵੀ ਦੋਸ਼ੀ ਹਾਂ। ਕਿਉਂਕਿ ਦਰਸ਼ਕ ਇਹ ਕੁਝ ਹੀ ਵੇਖਣਾ ਚਾਹੁੰਦੇ ਹਨ। ਅਸੀਂ ਵਿਸ਼ਵ ਵਿੱਚ ਸਾਡੀ ਇਮੇਜ਼ ਕਿੰਨੀ ਗਲਤ ਪੇਸ਼ ਕਰ ਰਹੇ ਹਾਂ। ਸ਼ਾਇਦ ਲੋਕ ਵੀ ਇਹ੍ਹਨਾਂ ਗਲਤ ਜਾਂ  ਅਸਮਾਜਿਕ ਵੀਡੀਓ ਨੂੰ ਵੇਖਕੇ ਖੁਸ਼ ਹਨ। ਹਾਂ ਕੁਝ ਲੋਕ ਇਮਾਨਦਾਰੀ ਦਿਖਾਉਂਦੀਆਂ, ਸਖਤ ਮਿਹਨਤ ਦਾ ਸੰਦੇਸ਼ ਦਿੰਦੀਆਂ, ਪਤੀ ਪਤਨੀ ਦੀ ਵਫ਼ਾਦਾਰੀ, ਗਰੀਬ ਦੀ ਸਹਾਇਤਾ, ਇਨਸਾਨੀਅਤ ਦਾ ਪੱਖ ਪੂਰਦੀਆਂ ਵੀਡੀਓ ਵੀ ਬਣਾਉਂਦੇ ਹਨ। ਕੁਝ ਵੀਡੀਓ ਤਾਂ ਦਿਲ ਨੂੰ ਟੁੰਬ ਜਾਂਦੀਆਂ ਹਨ। ਖੁਸ਼ੀ ਨਾਲ ਅੱਖਾਂ ਤੋਂ ਹੰਝੂ ਆ ਜਾਂਦੇ ਹਨ। ਅਜਿਹੀਆਂ ਪ੍ਰੇਰਨਾਦਾਇਕ ਵੀਡੀਓ ਸਮਾਜ ਦਾ ਉਜਵਲ ਪੱਖ ਪੇਸ਼ ਕਰਦੀਆਂ ਹਨ। ਸਮਾਜ ਦੀ ਦਿੱਖ ਸੁਧਾਰਦੀਆਂ ਹਨ। ਚੰਗੀਆਂ ਵੀਡੀਓ ਜਾਂ ਪੋਸਟਾਂ ਪਾਉਣਾ ਇੱਕ ਸਮਾਜ ਸੇਵਾ ਹੈ। ਪੈਸੇ ਦੇ ਲਾਲਚ ਵਿੱਚ ਸਮਾਜ ਨੂੰ ਗੰਦਲਾ ਕਰਨਾ ਇੱਕ ਗੁਨਾਹ ਹੈ। ਆਓਂ ਸ਼ੋਸ਼ਲ ਮੀਡੀਆ ਨੂੰ ਸਮਾਜ ਸੁਧਾਰਨ ਲਈ ਵਰਤੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖਰੀਆਂ ਖਰੀਆਂ
Next articleਮਿੰਨੀ ਕਹਾਣੀ/ ਵੋਟ ਦਾ ਮੁੱਲ