ਸੋਸ਼ਲ ਮੀਡੀਆ(ਇੱਕ ਨਿਆਮਤ)

ਰਮੇਸ਼ਵਰ ਸਿੰਘ 

(Samajweekly)

ਅੱਜ ਦੇ ਮੀਡੀਆ ਪ੍ਰਧਾਨ ਯੁਗ ਵਿੱਚ ਹਰੇਕ ਵਿਅਕਤੀ ਦੇ ਹੱਥ ਚ ਸਮਾਰਟ ਫੋਨ(ਚਾਹੇ ਮਹਿੰਗਾ ਹੈ ਜਾਂ ਸਸਤਾ) ਹੈ ਤੇ ਹਰੇਕ ਫੋਨ ਚ ਇੰਟਰਨੈਟ ਦਾ ਡਾਟਾ ਪੈਕ ਮੌਜੂਦ ਹੈ।ਇੰਟਰਨੈਟ ਉੱਪਰ ਅਲੱਗ ਅਲੱਗ ਵਿਸ਼ਿਆਂ ਤੇ ਆਪਣੀ ਪਸੰਦ ਨੂੰ  ਲੱਭਣ ਵਾਲੇ ਇੰਜਣ ਲੱਗੇ ਹੋਏ ਹਨ, ਜਿਹਨਾਂ ਚ “ਗੂਗਲ” ਪਹਿਲੇ ਨੰਬਰ ਤੇ ਹੈ। ਇਸ ਕੰਪਨੀ ਨੇ ਅੱਗੋਂ ਤੁਹਾਡੇ ਲਈ ਵੱਟਸਐਪ,ਫੇਸਬੁੱਕ,ਸਨੈਪ ਚੈਟ,ਇੰਸਟਾਗ੍ਰਾਮ ਤੇ ਹੋਰ ਕਈ ਏਕਾਅਧਿਕਾਰ ਐਪਸ ਰੱਖੀਆਂ ਹਨ।ਇਹਨਾਂ ਨੂੰ ਚਲਾਉਣ ਤੇ ਇਹਨਾਂ ਦੇ ਢੰਗ ਤਰੀਕੇ ਇੱਕ ਦੂਜੇ ਤੋਂ ਅਲੱਗ ਰੱਖਕੇ ਹਰੇਕ ਮਾਨਸਿਕਤਾ ਵਾਲੇ ਇਨਸਾਨ ਨੂੰ ਗੂਗਲ ਨੇ ਆਪਣੀਆਂ ਇਨ੍ਹਾਂ “ਵਰਾਇਟੀਆਂ” ਦੇ ਗੁਲਾਮ ਬਣਾ ਰੱਖਿਆ ਹੈ।                                                                          ਅਸੀਂ ਸਭ ਚਾਈਂ ਚਾਈਂ ਇਹਨਾਂ ਐਪਸ ਨੂੰ ਸਮੇਂ ਸਮੇਂ ਸਕਰੋਲ ਕਰ ਕਰ ਕੇ ਆਨੰਦ ਲੈਂਦੇ ਹਾਂ ਤੇ ਕਈ ਲੋਕ ਇਹਨਾਂ ਰਾਹੀਂ ਆਪਣਾ ਕਾਰੋਬਾਰ ਵੀ ਚਲਾਉਂਦੇ ਹਨ।ਇਹਨਾਂ ਐਪਸ ਬਾਰੇ ਕੁਝ ਅਜਿਹੇ ਤੱਥ ਹਨ,ਅਸੀਂ ਇਹਨਾਂ ਨੂੰ ਵਰਤਦੇ ਸਮੇਂ ਧਿਆਨ ਚ ਨਹੀਂ ਰੱਖਦੇ!!……ਜ਼ਰਾ ਸੋਚੋ ਜਦੋਂ ਅਸੀਂ ਸਮਾਰਟ ਫੋਨ ਖਰੀਦਦੇ ਹਾਂ ਤਾਂ ਇਸਦੀ ਕੀਮਤ ਉਸ ਵਿੱਚ ਮੌਜੂਦ ਮੈਮਰੀ(ਯਾਦ ਸਮਰੱਥਾ) ਅਨੁਸਾਰ ਨਿਰਧਾਰਤ ਹੁੰਦੀ ਹੈ।ਅਕਸਰ ਹੀ 128 ਜੀਬੀ ਮੈਮਰੀ ਵਾਲਾ ਚੰਗਾ ਫੋਨ 40/50 ਹਜ਼ਾਰ ਤੋਂ ਸ਼ੁਰੂ ਹੁੰਦਾ ਹੈ।ਇਸੇ ਤਰ੍ਹਾਂ ਗੂਗਲ ਦੁਆਰਾ ਆਸਮਾਨ ਚ ਅਦਿੱਖ ਤੇ ਬਹੁ-ਤਰੰਗ ਯੁਕਤ ਇਹਨਾਂ “ਐਪਸ”ਨੂੰ ਚਲਾਉਣ ਲਈ ਇੱਕ ਵੱਡੀ ਸਾਰੀ ਮੈਮਰੀ ਸੈੱਟਅੱਪ ਕੀਤੀ ਗਈ ਹੈ।ਇਹ ਮੈਮਰੀ ਪੂਰੇ ਸੰਸਾਰ ਵਿੱਚ ਇਸ ਉੱਪਰ ਚਲਣ ਵਾਲੇ ਸਾਰੇ ਸਮਾਰਟ ਫੋਨਜ਼ ਦੀ ਮੈਮਰੀ ਤੋਂ ਕਈ ਗੁਣਾਂ ਵੱਡੀ ਹੈ।ਇਸੇ ਕਰਕੇ ਇਹਨਾਂ ਐਪਸ ਵਿੱਚ ਤੁਸੀਂ ਲੌਗ-ਇਨ ਕਰਕੇ ਆਪਣੀਆਂ ਫੋਟੋ,ਵੀਡੀਓ ਤੇ ਹੋਰ ਸਮੱਗਰੀ ਸਟੋਰ ਕਰ ਸਕਦੇ ਹੋ।ਇਸ ਨਾਲ ਤੁਹਾਡੇ ਫੋਨ ਦੀ ਮੈਮਰੀ ਤੋਂ ਲੋਡ ਉੱਤਰ ਜਾਂਦਾ ਹੈ।

 ਕੀ ਅਸੀਂ ਇਹਨਾਂ ਮਹੱਤਵਪੂਰਨ ਐਪਸ ਨੂੰ ਵਰਤਣ ਲੱਗਿਆਂ ਇਹ ਸੋਚਦੇ ਹਾਂ ਕਿ ਇਹਨਾਂ ਚ ਬੇਲੋੜਾ ਮਟੀਰੀਅਲ ਨਾ ਸੁੱਟਿਆ ਜਾਵੇ ਜਾਂ ਇਹਨਾਂ ਨੂੰ ਸਮੇਂ ਸਮੇਂ ਖਾਲੀ ਵੀ ਕੀਤਾ ਜਾਵੇ??….ਜਵਾਬ ਅਕਸਰ ਨਾਂਹ ਚ ਹੋਵੇਗਾ….ਪਰ ਅਜਿਹਾ ਕਰਨ ਨਾਲ ਪੂਰੇ ਸੰਸਾਰ ਦੇ ਲੋਕਾਂ ਅਤੇ ਗੂਗਲ ਜਿਹੀ ਵੱਡੀ ਕੰਪਨੀ ਦੀ ਸੇਵਾ ਹੋਵੇਗੀ ਜਿਸਨੂੰ ਅਸੀਂ ਨਿਗੂਣੀ ਜਿਹੀ ਕੀਮਤ ਤੇ ਆਨੰਦ ਪ੍ਰਾਪਤ ਕਰਦੇ ਹਾਂ;…ਬਿਲਕੁਲ ਓਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਫੋਨ ਦੀ ਮੈਮਰੀ ਨੂੰ ਖਾਲੀ ਕਰਦੇ ਹਾਂ।
ਅਸੀਂ ਕਰਦੇ ਕੀ ਹਾਂ??ਸਵੇਰੇ ਉੱਠਦੇ ਸਾਰ ਦੂਜਿਆਂ ਵੱਲੋਂ ਸ਼ੇਅਰ ਕੀਤੇ ਸੰਦੇਸ਼ ਤੇ ਵੀਡੀਓ(ਜਿਹਨਾਂ ਚੋਂ ਬਹੁਤੇ ਆਪ ਪੜ੍ਹੇ ਜਾਂ ਦੇਖੇ ਵੀ ਨਹੀਂ ਹੁੰਦੇ) ਅੱਗੇ ਵੱਡੀ ਗਿਣਤੀ ਚ(ਜਿਵੇਂ ਆਏ ਤਿਵੇਂ) ਭੇਜਦੇ ਜਾਂਦੇ ਹਾਂ।ਬਹੁਤੀ ਵਾਰ ਅਸੀਂ ਜਿਹਨਾਂ ਨੂੰ ਆਏ ਸੰਦੇਸ਼ ਸ਼ੇਅਰ ਕਰਦੇ ਹਾਂ;ਉਹਨਾਂ ਦੀ ਪਸੰਦ ਨਾ ਪਸੰਦ ਦਾ ਖਿਆਲ ਵੀ ਨਹੀਂ ਰੱਖਦੇ।ਜਦਕਿ ਇੱਕ ਅੰਦਾਜ਼ੇ ਅਨੁਸਾਰ ਕੰਪਨੀਆਂ ਦੇ ਇੰਜੀਨੀਅਰਾਂ ਦੁਆਰਾ ਬਣਾਏ ਤੇ ਸਰਕੂਲੇਟ ਕੀਤੇ ਸੰਦੇਸ਼ ਤੁਹਾਡੇ ਤੋਂ ਪਹਿਲਾਂ ਹੀ ਲੱਖਾਂ ਕਰੋੜਾਂ ਲੋਕਾਂ ਕੋਲੋਂ ਹੋਕੇ ਤੁਹਾਡੇ ਤੱਕ ਪਹੁੰਚ ਦੇ ਹਨ।ਉਹਨਾਂ ਦਾ ਮਕਸਦ ਵੱਧ ਤੋਂ ਵੱਧ ਸ਼ੇਅਰਿੰਗ ਕਰਕੇ ਡਾਟਾ ਖਪਤ ਕਰਾਉਣਾ ਹੁੰਦਾ ਹੈ ਜਿਸ ਵਿਚੋਂ ਐਪ ਵਾਈਜ਼ ਸ਼ੇਅਰ(ਪੈਸਾ)ਓਹਨਾ ਨੂੰ ਜਾਂਦਾ ਹੈ।ਪਰ ਤੁਸੀਂ ਕੀ ਖੱਟਿਆ??….ਅਜਿਹੇ ਵਿੱਚ ਤੁਹਾਡੇ ਦੁਆਰਾ ਥੋਕ ਚ ਭੇਜੇ ਸੰਦੇਸ਼ ਦੇਖ ਕੇ ਅਗਲੇ ਦੀ ਮਾਨਸਿਕਤਾ ਉੱਪਰ ਕਿਸ ਤਰ੍ਹਾਂ ਦਾ ਬੋਝ ਪੈਂਦਾ ਹੈ,ਓਹੀ ਜਾਣਦਾ ਹੈ ਤੇ ਬਹੁਤੀ ਵਾਰ ਉਹ ਬਿਨਾਂ ਦੇਖੇ ਡਿਲੀਟ ਕਰ ਦਿੰਦਾ ਹੈ।ਭਾਵੇਂ ਸ਼ਿਸ਼ਟਾਚਾਰ ਵੱਸ ਅਗਲਾ ਤੁਹਾਨੂੰ ਅਜਿਹਾ ਕਰਨ ਤੋਂ ਮਨਾਂ ਨਾ ਵੀ ਕਰੇ ਤਾਂ ਵੀ ਕਦੇ ਕਦੇ ਆਪਣੇ ਮਿੱਤਰਾਂ ਤੇ ਸਬੰਧੀਆਂ ਨਾਲ ਇਸ ਵਿਸ਼ੇ ਤੇ ਓਹਨਾਂ ਦੀ ਪਸੰਦ ਨਾ ਪਸੰਦ ਨੂੰ ਪਰਖ ਜਰੂਰ ਲੈਣਾ ਚਾਹੀਦਾ ਹੈ।ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਅਸੀਂ ਇਸ ਅਖੌਤੀ ਪਿਆਰ ਚ ਪੈ‌ ਕੇ ਦੋਸਤਾਂ ਤੇ ਸਬੰਧੀਆਂ ਨਾਲ ਬਣਾਏ ਗਰੁਪਾਂ ਚ ਇਹ ਸਭ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਇਕੱਲੇ ਇਕੱਲੇ ਦੀ ਆਈਡੀ ਤੇ ਵੀ ਸ਼ੇਅਰ ਕਰਨਾ ਨਹੀਂ ਭੁਲਦੇ।
ਕਰਨਾ ਕੀ ਚਾਹੀਦਾ ਹੈ!!??
ਜਿਵੇਂ ਅਸੀਂ ਸਾਰੇ ਆਪਣੀ ਮਾਤਭਾਸ਼ਾ ਪੰਜਾਬੀ ਦੀ ਗੱਲ ਕਰਦੇ ਹਾਂ;ਇਸਦੇ ਨਾਲ ਹੀ ਸਾਨੂੰ ਸਭ ਨਾਲ ਆਪਣੇ ਹੱਥ ਦੇ ਲਿਖੇ ਸੰਦੇਸ਼ ਹੀ ਸ਼ੇਅਰ ਕਰਨੇ ਚਾਹੀਦੇ ਹਨ ਜਿਹਨਾਂ ਚ ਤੁਹਾਡੀ ਆਪਣੇ ਮਨ ਦੀ ਗੱਲ ਹੋਵੇ ਤੇ ਅਹਿਸਾਸ ਹੋਣ।ਮੈਂ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹਾਂ ਜਿਸਦਾ ਇਹ ਫਾਇਦਾ ਹੋਇਆ ਕਿ ਦੂਜਿਆਂ ਨਾਲ ਨੇੜਿਓਂ ਜੁੜਨ ਦਾ ਮੌਕਾ ਮਿਲਿਆ……
ਦੂਜਿਆਂ ਦੇ ਲਿਖੇ ਲਫ਼ਜ਼ ਪੜ੍ਹ ਕੇ ਕਈਆਂ ਨੇ ਦੇਖਾ ਦੇਖੀ ਚ ਪੰਜਾਬੀ ਟਾਈਪ ਕਰਨੀ ਸਿੱਖੀ ਅਤੇ ਅੱਜ ਵਧੀਆ ਪੰਜਾਬੀ ਲਿਖਣ ਲੱਗੇ ਹਨ।ਇਸ ਤਰ੍ਹਾਂ ਜੋਤ ਤੋਂ ਜੋਤ ਜਗਦੀ ਹੈ।ਇਸ ਲਈ ਸਾਨੂੰ ਸਭ ਨੂੰ ਆਪਣੀ ਮਾਤ ਭਾਸ਼ਾ ਚ ਆਪ ਲਿਖ ਕੇ ਗੱਲ ਕਰਨੀ ਚਾਹੀਦੀ ਹੈ…ਇਹ ਗੱਲਬਾਤ ਵਧੇਰੇ ਪ੍ਰਭਾਵ ਰੱਖਦੀ ਹੈ ਤੇ ਅਪਣੱਤ ਵੀ‌ ਅਤੇ ਨਾਲ ਹੀ ਮਹੱਤਵਪੂਰਨ ਟੂਲਜ਼ ਦੀ ਕਦਰ ਵੀ ਹੋ ਜਾਵੇਗੀ ਅਤੇ ਫੋਨ ਮੈਮਰੀ ਖਾਲੀ ਵੀ ਨਹੀਂ ਕਰਨੀ ਪਵੇਗੀ।
ਰਮੇਸ਼ਵਰ ਸਿੰਘ 
Previous article* ਗੰਜਿਆਂ ਲਈ ਕੰਘੇ *
Next articleਸ਼ੁਭ ਸਵੇਰ ਦੋਸਤੋ