(ਸਮਾਜ ਵੀਕਲੀ)
ਰਣਜੀਤ ਨੂੰ ਆਪਣੀ ਪਤਨੀ ਹੁਣ ਬਿਲਕੁਲ ਵੀ ਚੰਗੀ ਨਹੀਂ ਸੀ ਲੱਗਦੀ। ਉਹ ਚਾਹੁੰਦਾ ਸੀ ਕਿ ਬਸ ਉਹ ਪੂਰਾ ਦਿਨ ਉਸ ਦੇ ਮੱਥੇ ਹੀ ਨਾ ਲੱਗੇ । ਉਹ ਜਦੋਂ ਵੀ ਦਫ਼ਤਰ ਤੋਂ ਘਰ ਆਉਂਦਾ ਤਾਂ ਮਾਂ ਦੇ ਕਮਰੇ ਵਿੱਚ ਬੈਠ ਜਾਂਦਾ ਉਸ ਦੀ ਪਤਨੀ ਨੀਤੂ ਉਸ ਨੂੰ ਉੱਥੇ ਹੀ ਚਾਹ -ਪਾਣੀ ਤੇ ਰੋਟੀ ਪਕੜਾ ਜਾਂਦੀ ਤੇ ਉਹ ਉਥੋਂ ਹੀ ਰੋਟੀ ਖਾ ਕੇ ਉਪਰ ਵਾਲੇ ਕਮਰੇ ਵਿੱਚ ਸੌਣ ਚਲਾ ਜਾਂਦਾ ।ਹੁਣ ਤਾਂ ਅਕਸਰ ਹੀ ਇਵੇਂ ਹੋਣ ਲੱਗਾ।
ਉੱਪਰ ਆਪਣੇ ਕਮਰੇ ਵਿੱਚ ਜਾ ਉਹ ਫਰੈਸ਼ ਹੋ ਕੇ ਆਪਣਾ ਮੋਬਾਇਲ ਲੈ ਕੇ ਬਹਿ ਜਾਂਦਾ । ਸੋਸ਼ਲ ਮੀਡੀਆ ਤੇ ਕੁਝ ਔਰਤਾਂ ਨਾਲ ਉਸਦੀ ਦੋਸਤੀ ਸੀ। ਉਨ੍ਹਾਂ ਨਾਲ ਗੱਲਾਂ ਕਰਕੇ ਉਸ ਨੂੰ ਬੜਾ ਹੀ ਮਾਨਸਿਕ ਸਕੂਨ ਮਿਲਦਾ । ਉਹ ਉਨ੍ਹਾਂ ਨਾਲ ਖੂਬ ਚੈਟਿੰਗ ਕਰਦਾ ਤੇ ਦੇਰ ਰਾਤ ਨੂੰ ਸੌਂਦਾ।
ਸਵੇਰੇ ਉੱਠ ਤਿਆਰ ਹੋ ਕੇ ਹੀ ਨੀਚੇ ਆਉਂਦਾ ਤੇ ਪਤਨੀ ਨੂੰ ਨਾਸ਼ਤਾ ਬਣਾਉਣ ਲਈ ਕਹਿ ਨਾਸ਼ਤਾ ਕਰਕੇ ਦਫ਼ਤਰ ਚਲਾ ਜਾਂਦਾ । ਤੇ ਨਾਸ਼ਤਾ ਕਰਦੇ- ਕਰਦੇ ਵੀ ਮੋਬਾਇਲ ਹੀ ਦੇਖਦਾ ਰਹਿੰਦਾ । ਨੀਤੂ ਉਸ ਦੇ ਅਜਿਹੇ ਵਤੀਰੇ ਤੋਂ ਬਹੁਤ ਬੁਰੀ ਤਰ੍ਹਾਂ ਅੱਕ ਚੁੱਕੀ ਸੀ। ਜੇ ਉਹ ਰਣਜੀਤ ਨੂੰ ਕੁਝ ਕਹਿੰਦੀ ਤਾਂ ਉਨ੍ਹਾਂ ਦਾ ਅਕਸਰ ਹੀ ਜ਼ੋਰਦਾਰ ਝਗਡ਼ਾ ਹੋ ਜਾਂਦਾ। ਇਹੋ ਜੇਹੀ ਉਲਝੀ ਹੋਈ ਤਾਣੀ -ਬਾਣੀ ਵਿੱਚ ਹੀ ਲਗਾਤਾਰ ਵਕਤ ਬੀਤਦਾ ਜਾ ਰਿਹਾ ਸੀ। ਤੇ ਇੱਕ ਦਿਨ ਅਚਾਨਕ ਨੀਤੂ ਬਿਨਾਂ ਕੁਝ ਬੋਲੇ -ਦੱਸੇ ਘਰੋਂ ਚਲੀ ਗਈ। ਜਦੋਂ ਉਹ ਰਾਤ ਤੱਕ ਵੀ ਨਾ ਪਰਤੀ ਤਾਂ ਰਣਜੀਤ ਨੇ ਉਸ ਦੇ ਮੋਬਾਇਲ ਤੇ ਫੋਨ ਕੀਤਾ ਪਰ ਉਧਰੋਂ ਸਵਿਚ ਆਫ ਸੀ।
‘ਇਹ ਮੁਸੀਬਤ ਹੁਣ ਕਿੱਧਰ ਚਲੀ ਗਈ ? ਸੋਚਦੇ ਹੋਏ ਰਣਜੀਤ ਨੇ ਆਪਣੇ ਕੁਝ ਰਿਸ਼ਤੇਦਾਰਾਂ ਅਤੇ ਉਸ ਦੀਆਂ ਸਹੇਲੀਆਂ ਤੋਂ ਵੀ ਪਤਾ ਕੀਤਾ ਪਰ ਉਹ ਕਿਤੇ ਵੀ ਨਹੀਂ ਸੀ। ਉਸ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਵਕਤ ਬੀਤਦਾ ਗਿਆ । ਹੁਣ ਨੀਤੂ ਉਸ ਦੀਆਂ ਨਜ਼ਰਾਂ ਤੋਂ ਬਹੁਤ ਦੂਰ ਸੀ। ਜਿਸ ਨੂੰ ਉਹ ਚਾਹ ਕੇ ਵੀ ਨਹੀਂ ਸੀ ਦੇਖ ਸਕਦਾ । ਪਰ ਹੁਣ ਪਤਾ ਨਹੀਂ ਕੀ ਹੋ ਗਿਆ ਸੀ , ਉਸ ਨੂੰ ਨਾ ਤਾਂ ਮੋਬਾਈਲ ਚੰਗਾ ਲੱਗਦਾ ਤੇ ਨਾ ਹੀ ਮੋਬਾਇਲ ਵਿਚ ਮੈਸੇਜ ਕਰਨ ਵਾਲੀਆਂ ਔਰਤਾਂ । ਉਸ ਨੂੰ ਆਪਣੇ ਅੰਦਰ ਇੱਕ ਖੋਹ ਜਿਹੀ ਪੈਂਦੀ ਹੋਈ ਮਹਿਸੂਸ ਹੁੰਦੀ ।
ਦਸ ਕੁ ਦਿਨਾਂ ਪਿੱਛੋਂ ਉਸ ਨੂੰ ਕਿਸੇ ਤੋਂ ਪਤਾ ਚੱਲਿਆ ਕਿ ਉਸ ਦੀ ਪਤਨੀ ਨੀਤੂ ਕਿਧਰੇ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਤੇ ਇੱਕ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿ ਰਹੀ ਹੈ। ਉਹ ਬਿਨਾਂ ਦੇਰ ਕੀਤੇ ਉਥੇ ਪਹੁੰਚ ਗਿਆ ।
“ਤੂੰ ਕੀ ਡਰਾਮੇਬਾਜ਼ੀ ਲਗਾਈ ਹੈ? ਬਿਨਾਂ ਦੱਸੇ ਇੱਥੇ ਆ ਗਈ।”
ਪਰ ਨੀਤੂ ਬਿਲਕੁਲ ਚੁੱਪ ਸੀ । ਉਸਨੇ ਨੀਤੂ ਦੀ ਬਾਂਹ ਫੜ ਕੇ ਜ਼ੋਰ ਦੀ ਉਸ ਨੂੰ ਹਲੂਣਿਆ ਤਾਂ ਨੀਤੂ ਰੋਣ ਲੱਗ ਪਈ।
“ਤੁਸੀਂ ਵੀ ਤਾਂ ਕੁਝ ਇਹੋ ਜਿਹਾ ਹੀ ਚਾਹੁੰਦੇ ਸੀ ਕਿ ਮੈਂ ਤੁਹਾਡੇ ਕੋਲ ਨਾ ਹੋਵਾਂ । ਜਾਓ ਤੁਸੀਂ ਮੇਰੇ ਵੱਲੋਂ ਪੂਰੀ ਤਰ੍ਹਾਂ ਆਜ਼ਾਦ ਹੋ । ਜਾਓ ਤੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਓ ।”
ਨੀਤੂ ਦੇ ਇੰਨਾ ਕਹਿੰਦੇ ਹੀ ਰਣਜੀਤ ਦਾ ਵੀ ਮਨ ਭਰ ਗਿਆ ਉਸ ਨੇ ਨੀਤੂ ਨੂੰ ਘੁੱਟ ਕੇ ਜੱਫੀ ‘ਚ ਲੈਂਦੇ ਹੋਏ ਕਿਹਾ, “ਮੈਨੂੰ ਮੁਆਫ਼ ਕਰਦੇ ਨੀਤੂ, ਮੈਂ ਐਵੇਂ ਹੀ ਸੋਸ਼ਲ ਮੀਡੀਆ ਪਿੱਛੇ ਅੰਨ੍ਹਾ ਹੋਇਆ ਪਿਆ ਸੀ । ਮੇਰੀ ਅਸਲੀ ਜ਼ਿੰਦਗੀ ਤਾਂ ਸਿਰਫ਼ ਤੇਰੇ ਨਾਲ ਹੈ । ਤੇਰੀ ਅਣਹੋਂਦ ਵਿੱਚ ਇਹ ਗੱਲ ਮੈਂ ਚੰਗੀ ਤਰ੍ਹਾਂ ਮਹਿਸੂਸ ਕਰ ਲਈ ਹੈ। ਤੇਰੇ ਤੋਂ ਬਿਨਾਂ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਾ । ਮੈਨੂੰ ਮੁਆਫ਼ ਕਰ ਤੇ ਚੱਲ ਮੇਰੇ ਨਾਲ ।”
ਰਣਜੀਤ ਵੱਲੋਂ ਇੰਨਾ ਕਹਿੰਦੇ ਹੀ ਨੀਤੂ ਝੱਟ ਪਿਘਲ ਗਈ । ਤੇ ਬੋਲੀ ,”ਸੱਚੀ ! ਝੂਠ ਤਾਂ ਨਹੀਂ ਬੋਲਦੇ?”
“ਬਿਲਕੁਲ ਵੀ ਨਹੀਂ।” ਉਸ ਦੇ ਇੰਨਾ ਕਹਿੰਦੇ ਹੀ ਦੋਵੇਂ ਖਿੜ -ਖਿੜਾ ਕੇ ਹੱਸ ਪਏ ਤੇ ਨੀਤੂ ਜਲਦੀ ਨਾਲ ਆਪਣਾ ਸਾਮਾਨ ਪੈਕ ਕਰਨ ਲੱਗੀ।
ਮਨਪ੍ਰੀਤ ਕੌਰ ਭਾਟੀਆ
ਫਿਰੋਜ਼ਪੁਰ ਸ਼ਹਿਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly