ਚੱਬੇਵਾਲ ਪ੍ਰਾਇਮਰੀ ਸਕੂਲ ਵਿੱਚ 30 ਲੱਖ ਦੀ ਲਾਗਤ ਨਾਲ ਹੋਏ ਸੁਧਾਰ ਕਾਰਜਾਂ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) “ਕਿਸੇ ਵੀ ਦੇਸ਼ ਦੀ ਤਰੱਕੀ ਉਦੋਂ ਦੁੱਗਣੀ ਹੋ ਜਾਂਦੀ ਹੈ ਜਦੋਂ ਉਸ ਦੇਸ਼ ਦੀ ਸਨਅਤ ਵੀ ਸਮਾਜ ਸੁਧਾਰ ਦੇ ਕੰਮਾਂ ਵਿਚ ਸਰਕਾਰ ਦਾ ਸਾਥ ਦਿੰਦੀ ਹੈ”, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਅੱਜ ਪਿੰਡ ਚੱਬੇਵਾਲ ਦੇ ਪ੍ਰਾਇਮਰੀ ਸਕੂਲ ਵਿੱਚ ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਟਿਡ ਹੁਸ਼ਿਆਰਪੁਰ ਦੀ ਟੀਮ ਦੇ ਨਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਚੱਬੇਵਾਲ ਦੇ ਇਸ ਪ੍ਰਾਇਮਰੀ ਸਕੂਲ ਵਿੱਚ ਵਰਧਮਾਨ ਗਰੁੱਪ ਵੱਲੋਂ ਆਪਣੇ ਸੀ.ਐੱਸ.ਆਰ ਪ੍ਰੋਗਰਾਮ ਤਹਿਤ 30 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਫਰਨੀਚਰ ਅਤੇ ਫਿਕਸਚਰ ਨਾਲ ਦੋ ਕਲਾਸ ਰੂਮ ਬਣਾਏ ਗਏ, ਇੱਕ ਮਿਡ-ਡੇ-ਮੀਲ ਸ਼ੈੱਡ ਬਣਾਇਆ ਗਿਆ ਅਤੇ ਆਰ.ਓ. ਵਾਲਾ ਵਾਟਰ ਕੂਲਰ ਵੀ ਮੁਹੱਈਆ ਕਰਵਾਇਆ ਗਿਆ ਅਤੇ ਇਸ ਸਭ ਦਾ ਉਦਘਾਟਨ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਰ ਸਕੂਲ ਨੂੰ ਸਮਰਪਿਤ ਕੀਤਾ । ਇੱਥੇ ਵਰਣਨਯੋਗ ਹੈ ਕਿ ਸੀਐਸਆਰ ਜਾਣੀ ਕਿ ਉਦਯੋਗਾਂ ਦੀ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਹੁਸ਼ਿਆਰਪੁਰ ਦੀ ਨਾਮਵਰ ਇੰਡਸਟਰੀ ਵਰਧਮਾਨ ਯਾਰਨਜ਼ ਸਿੱਖਿਆ, ਸਿਹਤ, ਪੇਂਡੂ ਵਿਕਾਸ, ਵਾਤਾਵਰਣ ਅਤੇ ਸਥਿਰਤਾ ਦੇ ਖੇਤਰ ਵਿੱਚ ਵੱਖ-ਵੱਖ ਗਤੀਵਿਧੀਆਂ ਕਰ ਰਹੀ ਹੈ। ਇਸੇ ਲੜੀ ਤਹਿਤ ਉਨ੍ਹਾਂ ਨੇ ਇਹ ਸਾਰੇ ਕੰਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਬੇਵਾਲ ਵਿੱਚ ਕਰਵਾਏ। ਡਾ. ਇਸ਼ਾਂਕ ਨੇ ਵਰਧਮਾਨ ਗਰੁੱਪ ਦੁਆਰਾ ਇਸ ਸਕੂਲ ਅਤੇ ਹੁਸ਼ਿਆਰਪੁਰ ਦੇ ਹੋਰ ਸਕੂਲਾਂ ਵਿੱਚ ਕੀਤੇ ਜਾ ਰਹੇ ਸੁਧਾਰ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਦੇ ਵਿਕਾਸ ਦੇ ਪੈਰਾਡਾਈਮ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ ਅਤੇ ਵਰਧਮਾਨ ਆਪਣੀਆਂ ਸੀਐਸਆਰ ਗਤੀਵਿਧੀਆਂ ਤਹਿਤ ਪਹਿਲਕਦਮੀ ਕਰਕੇ ਹੁਸ਼ਿਆਰਪੁਰ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਅਜਿਹੇ ਵਿਕਾਸ ਨੂੰ ਸਮਰਥਨ ਦੇਣ ਅਤੇ ਉਤਸ਼ਾਹਿਤ ਕਰਨ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਵਰਧਮਾਨ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਨਾਲ ਸਬੰਧਤ ਕੰਮਾਂ ਵਿੱਚ ਵੀ ਸਹਿਯੋਗ ਦੇਣ, ਖਾਸ ਕਰਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਬਰਸਾਤੀ ਪਾਣੀ ਦੀ ਸੰਭਾਲ ਲਈ ਵੱਧ ਤੋਂ ਵੱਧ ਕੰਮ ਕੀਤਾ ਜਾਵੇ।
ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਕਲਪਨਾ ਨਾਲ ਹੁੰਦੀ ਹੈ। ਉਨ੍ਹਾਂ ਕਿਹਾ, “ਸੁਪਨੇ ਤਾਂ ਹੀ ਸਾਕਾਰ ਹੁੰਦੇ ਹਨ, ਜਦੋਂ ਅਸੀਂ ਉਨ੍ਹਾਂ ਨੂੰ ਦੇਖਣ ਦੀ ਹਿੰਮਤ ਰੱਖਦੇ ਹਾਂ ਅਤੇ ਪੂਰੀ ਲਗਨ ਅਤੇ ਦ੍ਰਿੜ ਇਰਾਦੇ ਨਾਲ ਉਨ੍ਹਾਂ ਲਈ ਕੰਮ ਕਰਦੇ ਹਾਂ। ਸਮਰਪਣ ਅਤੇ ਸਹੀ ਦਿਸ਼ਾ ਵਿੱਚ ਯਤਨ ਹੀ ਸਫਲਤਾ ਦੀ ਕੁੰਜੀ ਹਨ।” ਡਾ. ਇਸ਼ਾਂਕ ਨੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਰਧਮਾਨ ਦੇ ਡਾਇਰੈਕਟਰ (ਵਿੱਤ ਅਤੇ ਪ੍ਰਸ਼ਾਸਨ) ਤਰੁਣ ਚਾਵਲਾ ਨੇ ਵੀ ਹਾਜ਼ਰ ਸਕੂਲ ਸਟਾਫ਼ ਅਤੇ ਹੋਰ ਪਤਵੰਤਿਆਂ ਨੂੰ ਸੰਬੋਧਨ ਕੀਤਾ ਅਤੇ ਸਕੂਲ ਦੇ ਬਿਹਤਰ ਬੁਨਿਆਦੀ ਢਾਂਚੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਜੋ ਕਿ ਸਿੱਖਿਆ ਲਈ ਸਕਾਰਾਤਮਕ ਮਾਹੌਲ ਬਣਾਉਣ ਅਤੇ ਸਕੂਲਾਂ ਦੀ ਸਥਿਤੀ ਨੂੰ ਸੁਧਾਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਬੱਚਿਆਂ ਦੀ ਪੜ੍ਹਾਈ ‘ਤੇ ਵੀ ਸਿੱਧਾ ਅਸਰ ਪਾਉਂਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਡਾ. ਇਸ਼ਾਂਕ ਦੇ ਕਹੇ ਅਨੁਸਾਰ ਉਹ ਜਲਦੀ ਹੀ ਚੱਬੇਵਾਲ ਦੇ ਸਕੂਲਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਦਾ ਕੰਮ ਵੀ ਸ਼ੁਰੂ ਕਰਵਾ ਦੇਣਗੇ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਵੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸੁਖਵਿੰਦਰ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਅਤੇ ਉਨ੍ਹਾਂ ਦੇ ਸਟਾਫ਼ ਨੇ ਵਿਧਾਇਕ ਡਾ. ਇਸ਼ਾਂਕ ਕੁਮਾਰ ਅਤੇ ਵਰਧਮਾਨ ਦੀ ਟੀਮ ਦੁਆਰਾ ਸਕੂਲ ਲਈ ਕੀਤੇ ਕੰਮਾਂ ਲਈ ਉਹਨਾਂ ਦਾ ਧੰਨਵਾਦ ਕੀਤਾ ।
https://play.google.com/store/apps/details?id=in.yourhost.samaj