ਜੇ ਕਰ ਉਸ ਨੂੰ ਹੁੰਦੀ ਨਾ

(ਸਮਾਜ ਵੀਕਲੀ)

ਜੇ  ਕਰ  ਉਸ  ਨੂੰ  ਹੁੰਦੀ  ਨਾ  ਰੋਟੀ  ਦੀ  ਮਜਬੂਰੀ ,
ਤਾਂ  ਉਹ  ਤੇਰੀ  ਭੁਲਕੇ  ਵੀ  ਕਰਦਾ  ਨਾ  ਮਜ਼ਦੂਰੀ ।

ਸਾਡੀ ਤਾਂ  ਮਰਜ਼  ਵਧਾ  ਦਿੱਤੀ  ਹੈ  ਵੈਦ  ਉਸੇ  ਨੇ ,
ਜਿਸ ਦੀ ਅਖ਼ਬਾਰਾਂ ਵਿੱਚ ਛਪਦੀ ਹੈ ਨਿੱਤ  ਮਸ਼ਹੂਰੀ ।

ਦੈਂਤ ਨਿਰਾਸ਼ਾ ਦੇ ਨੂੰ ਫਿਰ ਤਾਂ ਖਿਸਕਣ ਦੀ ਪੈ  ਗਈ ,
ਫੜ  ਕੇ  ਪੱਲਾ  ਹਿੰਮਤ  ਦਾ  ਜਦ  ਮੈਂ  ਵੱਟੀ ਘੂਰੀ ।

ਉਸ  ਦੀ  ਮੱਤ ਗਈ  ਸੀ ਮਾਰੀ , ਏਦਾਂ ਲਗਦਾ  ਸੀ ,
ਜੋ ਘਰ ਦੀ ਫ਼ਿਕਰ ਭੁਲਾ  ਕੇ  ਵੇਖ  ਰਿਹਾ  ਸੀ ਨੂਰੀ ।

ਭੂਤ , ਚੜੇਲਾਂ  ਕੱਢਣ  ਦਾ  ਜੋ  ਕਰਦਾ ਸੀ  ਦਾਅਵਾ ,
ਰਾਤੀਂ ਉਹ ਸਾਧੂ ਖਿਸਕ ਗਿਆ ਛੱਡ  ਆਪਣੀ  ਭੂਰੀ ।

ਸੀਖਾਂ   ਤੋੜਨ   ਬਾਰੇ   ਕਿੱਦਾਂ   ਸੋਚਣ  ਉਹ  ਤੋਤੇ ,
ਪਿੰਜਰਿਆਂ ‘ਚ ਜਿਨ੍ਹਾਂ ਨੂੰ ਨਿੱਤ ਮਿਲ ਜਾਂਦੀ ਹੈ  ਚੂਰੀ ।

ਰਾਤੀਂ  ਉਹ  ਬਸਤੀ  ਦੇ  ਲੋਕਾਂ  ਤੋਂ ਕੁੱਟ ਖਾ  ਬੈਠਾ ,
ਜੋ ਨਿੱਤ ਬਕਦਾ ਰਹਿੰਦਾ ਸੀ ਪੀ  ਕੇ  ਬੋਤਲ  ਪੂਰੀ  ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਸੂਲਾਂ ਉੱਤੇ
Next articleਬੰਗਾਲੀ ਫ਼ਿਲਮਾਂ ਦੇ ਉੱਘੇ ਅਦਾਕਾਰ ਸੌਮਿਤਰ ਚੈਟਰਜੀ ਦਾ ਦੇਹਾਂਤ