ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥ ਜਾਂ ਔਰਤ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾਵੇ

8 ਮਾਰਚ ਨੂੰ ਮਹਿਲਾ ਦਿਵਸ ’ਤੇ

ਕਰਨੈਲ ਸਿੰਘ ਐੱਮ.ਏ. ਲੁਧਿਆਣਾ 

(ਸਮਾਜ ਵੀਕਲੀ) ਸਾਡੇ ਸਮਾਜ ਵਿੱਚ ਇਸਤਰੀ ਨੂੰ ਮਰਦ ਦੇ ਮੁਕਾਬਲੇ ਨੀਵਾਂ ਸਮਝਿਆ ਜਾਂਦਾ ਹੈ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਈ।
‌ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥
(ਆਸਾ ਕੀ ਵਾਰ ਮ: ੧, ਅੰਗ ੪੭੩)
ਵੱਡੇ-ਵੱਡੇ ਰਾਜਿਆਂ-ਮਹਾਰਾਜਿਆਂ, ਪੀਰਾਂ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਮਾਂ ਰੂਪ ਇਸਤਰੀ ਨੂੰ ਨੀਵਾਂ ਕਿਉਂ ਦੇਖਿਆ ਜਾਂਦਾ ਹੈ। ਅੱਜ-ਕੱਲ੍ਹ ਲੜਕੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ, ਜਦਕਿ ਇਸ ਲਈ ਸਖ਼ਤ ਕਾਨੂੰਨ ਬਣੇ ਹਨ। ਲੜਕੇ ਦੀ ਅਹਿਮੀਅਤ ਅੱਜ ਵੀ ਸਾਡੇ ਸਮਾਜ ਵਿੱਚ ਲੜਕੀ ਨਾਲੋਂ ਵੱਧ ਸਮਝੀ ਜਾ ਰਹੀ ਹੈ। ਲੜਕੇ ਦੇ ਜਨਮ ਹੋਣ ’ਤੇ ਘਰ ਵਿੱਚ ਬੇਹੱਦ ਖ਼ੁਸ਼ੀਆਂ ਦਾ ਮਾਹੌਲ ਹੁੰਦਾ ਹੈ। ਜਦ ਕਿ ਲੜਕੀ ਦੇ ਜਨਮ ਤੇ ਕਿਸੇ-ਕਿਸੇ ਘਰ ਵਿੱਚ ਹੀ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਲੜਕੇ ਦੀ ਲੋਹੜੀ ਗਲੀ-ਗੁਆਂਢ, ਰਿਸ਼ਤੇਦਾਰਾਂ ਨਾਲ ਖ਼ੁਸ਼ੀ ਸਾਂਝੀ ਕਰਕੇ ਮਨਾਈ ਜਾਂਦੀ ਹੈ। ਲੜਕੀ ਦੀ ਲੋਹੜੀ ਮਨਾਉਣ ਲਈ ਬਹੁਤ ਘੱਟ ਅਵਸਰ ਦੇਖਣ ਨੂੰ ਮਿਲੇ ਹਨ। ਅੱਜ ਪੜ੍ਹੇ ਲਿਖੇ ਪਰਿਵਾਰ ਵੀ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਕਰਨ ਲੱਗ ਪਏ ਹਨ। ਇਸੇ ਕਰਕੇ ਅੱਜ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਹੈ। ਜੇਕਰ ਇਸੇ ਤਰ੍ਹਾਂ ਹੀ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਦਾ ਸਿਲਸਿਲਾ ਜਾਰੀ ਰਿਹਾ ਤਾਂ ਕੁਝ ਸਮੇਂ ਬਾਅਦ ਲੜਕਿਆਂ ਦੇ ਵਿਆਹ ਲਈ ਲੜਕੀਆਂ ਲੱਭਣੀਆਂ ਮੁਸ਼ਕਲ ਹੋ ਜਾਣਗੀਆਂ। 13 ਅਗਸਤ 1997 ਨੂੰ ਸੁਪਰੀਮ ਕੋਰਟ ਨੇ ਭਰੂਣ ਹੱਤਿਆ ਨੂੰ ਕਾਨੂੰਨਨ ਜੁਰਮ ਕਰਾਰ ਦਿੱਤਾ। ਇਸ ਬਾਬਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ।
ਪਿਛਲੇ ਕਈ ਸਾਲਾਂ ਤੋਂ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲੜਕੀ ਨੂੰ ਕੁੱਖ ਵਿੱਚ ਮਾਰ ਦੇਣ ਕਾਰਨ ਲੜਕਿਆਂ ਦੇ ਮੁਕਾਬਲੇ ਤੇ ਲੜਕੀਆਂ ਦੀ ਜਨਮ ਦਰ ਵਿੱਚ ਕਾਫ਼ੀ ਅੰਤਰ ਆਇਆ ਹੈ। ਸੰਨ 2002 ਦੇ ਅੰਕੜਿਆਂ ਮੁਤਾਬਕ ਔਸਤ ਦਰ 1000 ਲੜਕਿਆਂ ਪਿੱਛੇ 876 ਲੜਕੀਆਂ ਸਨ।
ਭਾਰਤ ਵਿੱਚ ਲੜਕੇ ਦੇ ਜੰਮਣ ਨਾਲ ਹੀ ਉਸ ਦਾ ਭਵਿੱਖ ਤੈਅ ਹੋ ਜਾਂਦਾ ਹੈ। 60 ਫ਼ੀਸਦੀ ਲੜਕੀਆਂ ਛੇ ਸਾਲ ਦੀ ਉਮਰ ਵਿੱਚ ਹੀ ਘਰੇਲੂ ਕੰਮਾਂ ਦਾ ਬੋਝ ਚੁੱਕਣ ਲੱਗ ਪੈਂਦੀਆਂ ਹਨ। ਅੱਜ ਤੋਂ 11 ਸਾਲ ਪਹਿਲਾਂ ਦੀ ਇੱਥੇ ਇੱਕ ਉਦਾਹਰਣ ਦੇਣੀ ਯੋਗ ਸਮਝਦਾ ਹਾਂ ਕਿ ਕਿਸ ਤਰ੍ਹਾਂ ਲੜਕੀਆਂ-ਲੜਕਿਆਂ ਦੇ ਬਰਾਬਰ ਘਰ ਦੇ ਕੰਮ, ਖੇਤੀਬਾੜੀ ਦੇ ਕੰਮ ਕਰਦੀਆਂ ਸਨ। ਫ਼ਾਜ਼ਿਲਕਾ (ਫ਼ਿਰੋਜ਼ਪੁਰ) ਦੇ ਪਿੰਡ ਢਿੱਪਾਂਵਾਲੀ ਦੀ 22 ਸਾਲਾ ਚਰਨਜੀਤ ਰਿੰਪੀ ਨੇ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਇਆ, ਅਚਾਨਕ ਰਿੰਪੀ ਦੇ ਪਿਤਾ ਦਾ ਹੱਥ ਸਿਰ ਤੋਂ ਉੱਠ ਗਿਆ। ਰਿੰਪੀ ਨੇ ਟਰੈਕਟਰ ਚਲਾਉਣਾ ਸਿੱਖਿਆ, ਕਣਕ ਦੀ ਕਟਾਈ, ਵਹਾਈ, ਕਰਾਹਾ ਲਾਉਣਾ, ਵੱਟਾਂ ਪਾਉਣੀਆਂ, ਦਿਨ-ਰਾਤ ਪਾਣੀ ਲਾਉਣਾ, ਫਸਲ ਉੱਤੇ ਸਪਰੇਅ ਕਰਨੀ ਆਦਿ ਸਾਰੇ ਕੰਮ ਆਪ ਕਰਨੇ ਸ਼ੁਰੂ ਕੀਤੇ। ਰਿੰਪੀ ਨੇ ਤਿੰਨ ਏਕੜ ਵਿੱਚ ਅਮਰੂਦਾਂ ਦਾ ਬਾਗ਼ ਲਾਇਆ। ਉਹ ਖੇਤੀ ਦੇ ਨਾਲ-ਨਾਲ ਮਸ਼ੀਨਰੀ ਦੇ ਸਾਰੇ ਕੰਮ ਵੀ ਕਰ ਲੈਂਦੀ ਸੀ। ਉਹ ਸਕੂਲ ਜਾਣ ਸਮੇਂ ਵੀ ਘਰ ਤੋਂ ਸਕੂਲ ਤੱਕ ਰੋਜ਼ਾਨਾ 10 ਕਿਲੋਮੀਟਰ ਦਾ ਸਫ਼ਰ ਸਾਈਕਲ ਰਾਹੀਂ ਤੈਅ ਕਰਦੀ ਸੀ। ਰਿੰਪੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।
ਰਿੰਪੀ ਵਾਂਗ ਹੋਰ ਵੀ ਕਈ ਲੜਕੀਆਂ ਹਨ, ਜੋ ਆਪਣੇ ਮਾਂ-ਬਾਪ ਨਾਲ ਕਾਰੋਬਾਰ ਵਿੱਚ ਹੱਥ ਵਟਾਉਂਦੀਆਂ ਹਨ। ਅੱਜ ਵੀ ਔਰਤ ਪਾਇਲਟ, ਸਾਇੰਸਦਾਨ, ਇੰਜੀਨੀਅਰ, ਡਾਕਟਰ, ਪ੍ਰੋਫ਼ੈਸਰ, ਸਮਾਜ-ਸੇਵੀ ਹੈ। ਔਰਤ ਨੇ ਬਹੁਤ ਵੱਡੇ-ਵੱਡੇ ਮਾਅਰਕੇ ਮਾਰ ਕੇ ਇੱਕ ਵਿਲੱਖਣ ਇਤਿਹਾਸ ਸਿਰਜਿਆ ਹੈ। ਮਾਈ ਭਾਗੋ, ਮਾਤਾ ਸਾਹਿਬ ਕੌਰ, ਸ਼੍ਰੀਮਤੀ ਇੰਦਰਾ ਗਾਂਧੀ, ਰਜ਼ੀਆ ਸੁਲਤਾਨ, ਕਿਰਨ ਬੇਦੀ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਪੀ.ਟੀ.ਉੂਸ਼ਾ, ਅਰੁੰਧਤੀ ਰਾਏ, ਮੇਘਾ ਪਾਟੇਕਰ, ਪ੍ਰਿਯੰਕਾ ਮਿਸ਼ਰਾ, ਬੇਨਜ਼ੀਰ ਭੁੱਟੋ, ਮਦਰ ਟੈਰੇਸਾ, ਏਕਤਾ ਕਪੂਰ, ਕਲਪਨਾ ਚਾਵਲਾ, ਸਰੋਜਨੀ ਨਾਇਡੂ, ਲਤਾ ਮੰਗੇਸ਼ਕਰ, ਮਮਤਾ ਬੈਨਰਜੀ, ਸੋਨੀਆ ਗਾਂਧੀ, ਜੈਲਲਿਤਾ, ਸ਼੍ਰੀਮਤੀ ਪ੍ਰਤਿਭਾ ਪਾਟਿਲ, ਸ਼੍ਰੀਮਤੀ ਨਿਰਮਲਾ ਸੀਤਾਰਮਨ ਅਤੇ ਹੋਰ ਔਰਤਾਂ ਨੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ।
ਔਰਤਾਂ ਨੇ ਰਾਜਨੀਤਕ ਖੇਤਰ, ਖੇਡਾਂ ਅਤੇ ਪੜ੍ਹਾਈ ਵਿੱਚ ਵੀ ਮੱਲ੍ਹਾਂ ਮਾਰੀਆਂ ਹਨ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਹਨ। ਬਾਵਜੂਦ ਇਸ ਦੇ ਭਾਰਤ ਵਿੱਚ 60 ਫ਼ੀਸਦੀ ਔਰਤਾਂ ਅਨਪੜ੍ਹ ਹਨ। ਇਸ ਦਾ ਕਾਰਨ ਬਹੁਤ ਸਾਰੇ ਪਿੰਡਾਂ ਵਿੱਚ ਪ੍ਰਾਇਮਰੀ ਪੱਧਰ ਤੱਕ ਦੇ ਸਕੂਲਾਂ ਦਾ ਨਾ ਹੋਣਾ ਹੈ। ਪੜ੍ਹਾਈ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਜਾ ਰਹੀਆਂ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਪਿਛਲੇ ਕਈ ਸਾਲਾਂ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਪਹਿਲੇ ਸਥਾਨ ਲੜਕੀਆਂ ਨੇ ਹੀ ਪ੍ਰਾਪਤ ਕੀਤੇ ਹਨ। ਕੇਂਦਰੀ ਸਿੱਖਿਆ ਬੋਰਡ ਦਿੱਲੀ ਦੇ ਮੁਤਾਬਕ ਪਹਿਲੀ ਪੁਜੀਸ਼ਨ 81 ਫ਼ੀਸਦੀ ਲੜਕੀਆਂ ਨੇ ਹੀ ਪ੍ਰਾਪਤ ਕੀਤੀ। ਬ੍ਰਿਟੇਨ ਦੀ ਲੰਡਨ ਚੈਂਬਰ ਆਫ ਕਾਮਰਸ ਦੀ ਰਿਪੋਰਟ ਅਨੁਸਾਰ 1991 ਤੋਂ 1996 ਤੱਕ 4.5 ਲੱਖ ਨੌਕਰੀਆਂ ਜਿਹੜੀਆਂ ਵਕੀਲਾਂ, ਅਕਾਉੂਟੈਂਟ, ਬਿਜਨਸ ਐਗਜੈਕਟਿਵ ਦੀਆਂ ਸਨ, ਇਹਨਾਂ ਵਿੱਚੋਂ 60 ਫ਼ੀਸਦੀ ਪੋਸਟਾਂ ਤੇ ਔਰਤਾਂ ਚੁਣੀਆਂ ਗਈਆਂ। ਔਰਤਾਂ ਪੰਚਾਇਤ ਚੋਣਾਂ, ਸਰਪੰਚੀ, ਨਗਰ ਨਿਗਮ, ਨਗਰ ਕੌਂਸਲ, ਵਿਧਾਨ ਸਭਾ, ਲੋਕ ਸਭਾ ਚੋਣਾਂ ਵਿੱਚ ਜੇਤੂ ਹੋ ਕੇ ਨੁਮਾਇੰਦਗੀ ਕਰ ਰਹੀਆਂ ਹਨ। ਸੰਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁੱਲ 117 ਸੀਟਾਂ ਤੇ 1304 ਉਮੀਦਵਾਰਾਂ ਵਿੱਚੋਂ 93 ਔਰਤਾਂ ਚੋਣ ਲੜ ਰਹੀਆਂ ਹਨ। ਮੁੱਖ ਪਾਰਟੀਆਂ ਨੇ 37 ਅਤੇ ਛੋਟੀਆਂ ਪਾਰਟੀਆਂ ਨੇ 28 ਔਰਤਾਂ ਨੂੰ ਉਮੀਦਵਾਰ ਬਣਾਇਆ ਸੀ ।
ਪਹਿਲਾਂ ਪਹਿਲ ਔਰਤਾਂ ਜਬਰ-ਜਨਾਹ ਦੇ ਜ਼ੁਰਮਾਂ ਨੂੰ ਲੁਕਾ ਕੇ ਰੱਖਦੀਆਂ ਸਨ, ਇੱਥੋਂ ਤੱਕ ਕਿ ਮਾਂ-ਪਿਉ ਕਿਸੇ ਰਿਸ਼ਤੇਦਾਰਾਂ ਜਾਂ ਅਫ਼ਸਰੀ ਤਬਕੇ ਨੂੰ ਵੀ ਦੱਸਣ ਤੋਂ ਝਿਜਕਦੀਆਂ ਸਨ ਤੇ ਵਿੱਚੋ-ਵਿੱਚ ਹੀ ਘੁਲਦੀਆਂ ਰਹਿੰਦੀਆਂ ਸਨ। ਅੱਜ ਔਰਤ ਹਿੰਮਤ ਕਰਕੇ ਆਪਣੇ ਉੱਪਰ ਜੁਰਮ ਕਰਨ ਵਾਲਿਆਂ ਨੂੰ ਸਜ਼ਾ ਦਿਵਾ ਰਹੀ ਹੈ। ਅੱਜ ਔਰਤ ਕਮਜ਼ੋਰ ਨਹੀਂ। ਔਰਤ, ਜੋ ਕਦੇ ਮਾਂ, ਭੈਣ, ਧੀ ਅਤੇ ਕਦੇ ਪਤਨੀ ਦੇ ਰੂਪ ਵਿੱਚ ਮਰਦ ਪ੍ਰਧਾਨ ਸਮਾਜ ਨੂੰ ਸਹਾਰਾ ਦਿੰਦੀ ਹੈ।
ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਅਸੀਂ ਕਹਿਣ ਨੂੰ ਭਾਵੇਂ ਇਹ ਜ਼ਰੂਰ ਕਹਿ ਲਈਏ ਕਿ ਔਰਤ ਮਰਦ ਦੇ ਮੁਕਾਬਲੇ ਘੱਟ ਨਹੀਂ ਹੈ ਪਰ ਫਿਰ ਵੀ ਔਰਤ ਨੂੰ ਹਮੇਸ਼ਾਂ ਨੀਵਾਂ ਸਮਝਿਆ ਜਾ ਰਿਹਾ ਹੈ। ਔਰਤ ਉੱਪਰ ਅੱਜ ਵੀ ਹੱਥ ਉੱਠ ਰਿਹਾ ਹੈ, ਜ਼ੁਲਮ ਹੋ ਰਿਹਾ ਹੈ, ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾ ਰਿਹਾ ਹੈ। ਭਾਵੇਂ ਮਨੁੱਖੀ ਲੋੜਾਂ ਵਧਣ ਦੇ ਨਾਲ-ਨਾਲ ਔਰਤਾਂ ਸਵੇਰ ਤੋਂ ਸ਼ਾਮ ਤੱਕ ਖੇਤਾਂ, ਫੈਕਟਰੀਆਂ, ਦਫ਼ਤਰਾਂ, ਬਜ਼ਾਰਾਂ, ਦੁਕਾਨਾਂ, ਸਕੂਲਾਂ, ਕਾਲਜਾਂ ਭਾਵ ਸਮਾਜ ਦੇ ਹਰ ਖੇਤਰ ਵਿੱਚ ਆਦਮੀਆਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਫਿਰ ਉਸ ਨੂੰ ਨੀਵਾਂ ਕਿਉਂ ਸਮਝਿਆ ਜਾਵੇ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਕਿਉਂਕਿ ਔਰਤਾਂ ਕਿਸੇ ਵੀ ਤਰ੍ਹਾਂ ਮਰਦਾਂ ਤੋਂ ਘੱਟ ਨਹੀਂ ਹੈ, ਬਸ ਜ਼ਰੂਰਤ ਹੈ ਬਰਾਬਰ ਮੌਕੇ ਪ੍ਰਦਾਨ ਕਰਨ ਦੀ।
ਅੰਤ ਵਿੱਚ ਮਹਿਲਾ ਦਿਵਸ ਬਾਰੇ ਸੰਖੇਪ ਵਿੱਚ ਦੱਸ ਕੇ ਸਮਾਪਤ ਕਰਾਂਗਾ। ਹਰ ਸਾਲ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ। 1918 ਤੋਂ ਅੰਤਰ ਰਾਸ਼ਟਰੀ ਔਰਤ ਦਿਵਸ ਮਨਾਇਆ ਜਾਣ ਲੱਗਾ ਤੇ 1975 ਵਿੱਚ ਸੰਯੁਕਤ ਰਾਸ਼ਟਰ ਦੀ ਅਸੈਂਬਲੀ ਵਿੱਚ ਮਤਾ ਪਾਸ ਕਰਕੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਾਨਤਾ ਦਿੱਤੀ ਗਈ। ਇਸ ਦਿਹਾੜੇ ਵੱਡੇ-ਵੱਡੇ ਸਮਾਗਮ ਕੀਤੇ ਜਾਂਦੇ ਹਨ। ਔਰਤਾਂ ਨੂੰ ਦਿੱਤੇ ਜਾਣ ਵਾਲੇ ਅਧਿਕਾਰਾਂ ਬਾਰੇ ਲੈਕਚਰ, ਭਾਸ਼ਣ ਦਿੱਤੇ ਜਾਂਦੇ ਹਨ ਪਰ ਇਹਨਾਂ ਤੇ ਅਮਲ ਨਾ ਮਾਤਰ ਹੀ ਹੁੰਦਾ ਹੈ। ਕੀ ਅੱਜ (8 ਮਾਰਚ) ਵੀ ਵੱਡੇ-ਵੱਡੇ ਸਮਾਗਮ ਕਰਕੇ ਹੀ ਔਰਤਾਂ ਨੂੰ ਦਿਲਾਸਾ ਦਿੱਤਾ ਜਾਵੇਗਾ ਜਾਂ ਉਹਨਾਂ ਦੇ ਹੱਕਾਂ ਪ੍ਰਤੀ ਆਵਾਜ਼ ਵੀ ਬੁਲੰਦ ਕੀਤੀ ਜਾਵੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਿੰਗ ਭੇਦਭਾਵ ਨੂੰ ਜੜ੍ਹੋਂ ਪੁੱਟਣ ਲਈ ਕਾਨੂੰਨੀ ਸੁਧਾਰਾਂ ਤੋਂ ਵੱਧ ਦੀ ਲੋੜ
Next articleਸ਼ਹੀਦ ਊਧਮ ਸਿੰਘ ਸੰਕਲਪ ਦਿਵਸ ਤੇ ਖੂਨਦਾਨ ਕੈਂਪ 12 ਮਾਰਚ ਨੂੰ