…ਤਾਂ ਕਿ ਧਰਤੀ ਤੇ ਜ਼ਿੰਦਗੀ ਧੜਕਦੀ ਰਹੇ – ਜਗਤਾਰ ਸਿੰਘ ਹਿੱਸੋਵਾਲ

ਜਗਤਾਰ ਸਿੰਘ ਹਿੱਸੋਵਾਲ

(ਸਮਾਜ ਵੀਕਲੀ)

ਪਿੱਛਲੇ ਦਿਨਾਂ ਤੋਂ ਲਗਾਤਾਰ ਨਾੜ ਨੂੰ ਲਗਾਈ ਜਾ ਰਹੀ ਅੱਗ ਨਾਲ ਵਾਪਰ ਰਹੀਆਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਜਿੰਨਾ ਨਾਲ ਮਨ ਵਲੂੰਧਰਿਆ ਜਾ ਰਿਹਾ ਹੈ ਤੇ ਵਾਤਾਵਰਣ ਪ੍ਰੇਮੀਆਂ ਦੀ ਚਿੰਤਾ ਵਿੱਚ ਵਾਧਾ ਹੋ ਰਿਹਾ ਹੈ ਪਰ ਘਟਨਾਵਾਂ ਹੋਰ ਅੱਗੇ ਤੁਰਦੀਆਂ ਜਾ ਰਹੀਆਂ ਹਨ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਜਾ ਮਰਾੜ ਵਿੱਚ ਦੁਪਹਿਰ ਵੇਲੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਪਰਵਾਸੀ ਮਜ਼ਦੂਰ ਪੱਪੂ ਮੰਡਲ ਅਤੇ ਸੰਤੋਸ਼ ਮੰਡਲ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ । ਜਿਸ ਕਾਰਨ ਜਿੱਥੇ ਝੁੱਗੀਆਂ ਵਿੱਚ ਪਿਆ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਪ੍ਰਵਾਸੀ ਮਜ਼ਦੂਰ ਪੱਪੂ ਮੰਡਲ ਦਾ 1 ਸਾਲਾ ਬੱਚਾ ਵੀ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਿਆ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਅੱਗ ਕਾਰਨ ਪੀੜਤ ਪਰਿਵਾਰ ਦੀ ਮੱਝ ਵੀ ਝੁਲਸ ਗਈ ਜਿਸ ਦੀ ਵੀ ਮੌਕੇ ਉੱਤੇ ਹੀ ਮੌਤ ਹੋ ਗਈ।

ਗੁਰਦਾਸਪੁਰ ਦੇ ਪਿੰਡ ਬੂਲੇਵਾਲ ਵਿਚ ਨਾੜ ਨੂੰ ਲਗਾਈ ਅੱਗ ਕਾਰਨ ਇਕ ਖੂਬਸੂਰਤ ਪਾਰਕ ਸੜ ਕੇ ਸੁਆਹ ਹੋ ਗਿਆ ।ਇਹ ਪਾਰਕ ਪਿੰਡ ਦੇ ਹੀ ਨਾਰਵੇ ‘ਚ ਵਸੇ ਐਨਆਰਆਈ (NRI) ਨੌਜਵਾਨ ਬੁਲੇਵਾਲ ਵਲੋਂ ਲੱਖਾਂ ਰੁਪਏ ਦਾ ਖਰਚ ਕਰਕੇ ਫਲਾਂ ਅਤੇ ਫੁੱਲਾਂ ਦੇ ਬੂਟੇ ਲਗਾ ਕੇ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ।ਇਸ ਪਾਰਕ ਜਿੱਥੇ ਪਿੰਡ ਦੇ ਬੱਚੇ ਬਜ਼ੁਰਗ ਅਤੇ ਲੋਕ ਰੋਜ਼ਾਨਾ ਸੈਰ ਕਰਦੇ ਅਤੇ ਫਿਰ ਫਲਾਂ ਦੇ ਬੂਟਿਆਂ ਤੋਂ ਬਣੇ ਇਸ ਥਾਂ ‘ਤੇ ਆਪਣਾ ਸਮਾਂ ਬਿਤਾਉਂਦੇ ਸਨ।ਇਸ ਵਿਚ 500 ਦੇ ਕਰੀਬ ਫਲਾਂ ਅਤੇ ਫੁੱਲਾਂ ਦੇ ਬੂਟੇ ਸੜ ਗੲੇ ਹਨ।

ਅੰਮ੍ਰਿਤਸਰ ਦੇ ਪੁਲਸ ਥਾਣਾ ਲੋਪੋਕੇ ਤੋਂ ਕੁਝ ਦੂਰੀ ’ਤੇ ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਬਜ਼ੁਰਗ ਸੁਖਦੇਵ ਸਿੰਘ (65) ਪੁੱਤਰ ਜੋਗਿੰਦਰ ਸਿੰਘ ਵਾਸੀ ਕੋਹਾਲਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਖੇਤਾਂ ’ਚ ਲਗਾਈ ਅੱਗ ਏਨੀ ਭਿਆਨਕ ਸੀ ਕਿ ਉਕਤ ਮੋਟਰਸਾਈਕਲ ਸਵਾਰ ਜ਼ਿੰਦਾ ਹੀ ਸੜ ਗਿਆ।

ਅਜਨਾਲਾ ਦੇ ਨੇੜਲੇ ਪਿੰਡ ਨੇਪਾਲ ਵਿਚ ਅੱਜ ਪਿੰਡ ਦੇ ਹੀ ਇੱਕ ਕਿਸਾਨ ਵੱਲੋਂ ਆਪਣੀ ਜ਼ਮੀਨ ਵਿੱਚ ਕਣਕ ਦੇ ਨਾੜ ਨੂੰ ਲਗਾਈ ਗਈ ਅੱਗ ਦੌਰਾਨ ਖੇਤਾਂ ਵਿਚ ਬਣੀ ਕੋਠੀ ਤੇ ਹੋਰ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ। ਪੀੜਤ ਕਿਸਾਨ ਗੋਪਾਲ ਸਿੰਘ ਦੀ 20 ਟਰਾਲੀਆਂ ਤੂੜੀ ਅਤੇ ਘਰ ਵਿੱਚ ਰੱਖੇ ਕੋਈ 2 ਲੱਖ ਰੁਪਏ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।

ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ‘ਚ ਅੱਗ ਨਾ ਲਾਏ ਜਾਣ ਪ੍ਰਤੀ ਕੀਤੇ ਜਾ ਰਹੇ ਉਪਰਾਲਿਆ ਦੇ ਬਾਵਜੂਦ ਹਰ ਸਾਲ ਵਾਂਗ ਇਸ ਵਾਰ ਵੀ ਖੇਤਾਂ ‘ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। 1 ਅਪ੍ਰਰੈਲ ਤੋਂ ਸ਼ੁਰੂ ਹੋਏ ਕਣਕ ਦੀ ਵਾਢੀ ਦੇ ਸੀਜ਼ਨ ਤੋਂ ਲੈ ਕੇ 11 ਮਈ ਤਕ 40 ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆ ‘ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ 6777 ਮਾਮਲੇ ਆ ਚੁੱਕੇ ਹਨ। ਇਨ੍ਹਾਂ ‘ਚੋਂ ਇਸ ਸੀਜ਼ਨ ਦੇ ਹੁਣ ਤਕ ਸਭ ਤੋਂ ਵੱਧ ਮਾਮਲੇ 11 ਮਈ ਨੂੰ 1554 ਦਰਜ ਕੀਤੇ ਗਏ ਹਨ। ਜੇਕਰ ਪਿਛਲੇ ਸਾਲ ਦੇ ਅੰਕੜਿਆ ‘ਤੇ ਝਾਤ ਮਾਰੀ ਜਾਵੇ ਤਾਂ 2022 ‘ਚ 11 ਮਈ ਤਕ ਕਣਕ ਦਾ ਨਾੜ ਖੇਤਾਂ ‘ਚ ਸਾੜਨ ਦੇ 13269 ਮਾਮਲੇ ਆ ਚੁੱਕੇ ਸਨ ਜਦੋਂਕਿ 2021 ‘ਚ ਇਸ ਮਿਤੀ ਤਕ 7433 ਮਾਮਲੇ ਦਰਜ ਕੀਤੇ ਗਏ ਸਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟੇਲਾਈਟ ਰਾਹੀਂ ਖੇਤਾਂ ‘ਚ ਕਣਕ ਦਾ ਨਾੜ ਸਾੜਨ ਦੇ ਦਰਜ ਕੀਤੇ ਗਏ ਮਾਮਲਿਆ ‘ਚੋਂ ਮੋਗਾ ਜ਼ਿਲ੍ਹਾ ਸਭ ਤੋਂ ਮੋਹਰੀ ਹੈ, ਜਿੱਥੇ ਹੁਣ ਤਕ 707 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਹਾਲਾਂਕਿ ਪਿਛਲੇ ਸਾਲ ਫਿਰੋਜ਼ਪੁਰ ਜ਼ਿਲਾ ਅੱਗੇ ਸੀ, ਜਿੱਥੇ 1385 ਮਾਮਲੇ ਆਏ ਸਨ।

ਭਾਵੇਂ ਕਿ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਪਰ ਇਸ ਤੇ ਨਾਂਮਾਤਰ ਹੀ ਅਮਲ ਹੁੰਦਾ ਨਜ਼ਰੀਂ ਆਉਂਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀਂ ਸਿਰਫ਼ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣਦੇ ਹਾਂ। ਅਸੀਂ ਅਜੇ ਵੀ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਤੋਂ ਨਾਵਾਕਿਫ ਹਾਂ।

ਉਪਰੋਕਤ ਵਾਪਰੀਆਂ ਘਟਨਾਵਾਂ ਪ੍ਰਤੱਖ ਰੂਪ ਵਿੱਚ ਹੁੰਦੇ ਨੁਕਸਾਨ ਨੂੰ ਰੂਪਮਾਨ ਕਰਦੀਆਂ ਹਨ। ਜਿੱਥੇ ਕਿ ਨਾੜ ਨੂੰ ਅੱਗ ਲਗਾਉਣ ਦੇ ਹੋਰ ਵੀ ਬਹੁਤ ਨੁਕਸਾਨ ਹਨ। ਜਿੰਨਾ ਬਾਰੇ ਸੁਚੇਤ ਹੋਣ ਦੀ ਬੇਹੱਦ ਜ਼ਰੂਰਤ ਹੈ।ਨਾੜ ਨੂੰ ਅੱਗ ਲਗਾਉਣ ਨਾਲ ਫ਼ਸਲ ਲਈ ਲੋੜੀਂਦੇ ਮੱਲ੍ਹੜ ਅਤੇ ਆਰਗੈਨਿਕ ਕਾਰਬਨ ਸੜ ਜਾਂਦੇ ਹਨ।ਅੱਗ ਕਾਰਨ ਮਿੱਤਰ ਕੀੜੇ, ਬੈਕਟੀਰੀਆ,ਉੱਲੀ,ਕਾਈ ਅਤੇ ਮਹੀਨ ਕੀੜੇ ਮਰ ਜਾਂਦੇ ਹਨ।ਜੋ ਫ਼ਸਲ ਦੀ ਉਪਜਾਊ ਸ਼ਕਤੀ ਲਈ ਜ਼ਰੂਰੀ ਹੁੰਦੇ ਹਨ।ਇਸ ਤਰ੍ਹਾਂ ਕਰਕੇ ਅਸੀਂ ਧਰਤੀ ਦੀ ਉਪਜਾਊ ਸ਼ਕਤੀ ਲਗਾਤਾਰ ਘਟਾਉਂਦੇ ਘਟਾਉਂਦੇ ਉਸ ਨੂੰ ਬਾਂਝ ਕਰਨ ਦੇ ਰਾਹ ਤੁਰੇ ਹੋਏ ਹਾਂ।

ਨਾੜ ਨੂੰ ਅੱਗ ਲਗਾਉਣ ਨਾਲ ਖੇਤਾਂ ਅਤੇ ਸੜਕਾਂ ਕੰਢੇ ਲੱਗੇ ਦਰੱਖ਼ਤ ਲੂਹੇ ਜਾਂਦੇ ਹਨ। ਕੲੀ ਤਰ੍ਹਾਂ ਦੇ ਪੰਛੀ ਅਤੇ ਜਾਨਵਰ ਵੀ ਅੱਗ ਕਾਰਨ ਜਿਉਂਦਿਆਂ ਸੜ ਜਾਂਦੇ ਹਨ । ਧੂੰਏਂ ਤੋਂ ਪੈਦਾ ਹੋਈ ਜ਼ਹਿਰੀਲੀ ਗੈਸ ਵਾਤਾਵਰਨ ਨੂੰ ਗੰਧਲਾ ਕਰਦੀ ਹੈ।ਇਸ ਨਾਲ ਸਾਹ ਦੇ ਮਰੀਜ਼ਾਂ, ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪੇਟ ਵਿੱਚ ਪਲ ਰਹੇ ਬੱਚਿਆਂ ਤੇ ਮਾੜਾ ਅਸਰ ਪੈਂਦਾ ਹੈ।ਇਸ ਨਾਲ ਕਈ ਵਾਰ ਦਮਾਂ,ਖੰਘ, ਫੇਫੜਿਆਂ ਦਾ ਕੈਂਸਰ ਅਤੇ ਸਾਹ ਨਲੀ ਵਿੱਚ ਸੋਜ ਵਰਗੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ ਕਿ ਬੰਦਾ ਉਮਰ ਭਰ ਲਈ ਦਵਾਈਆਂ ਤੇ ਲੱਗ ਜਾਂਦਾ ਹੈ।

ਪੰਜਾਬ ਸਿੱਖਾਂ ਦੀ ਬਹੁਗਿਣਤੀ ਵਾਲਾ ਸੂਬਾ ਹੈ। ਜਿੱਥੇ ਅਸੀਂ ਸੁਭਾ ਸ਼ਾਮ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ‘ ਵਰਗੇ ਪਾਵਨ ਮੁੱਖ ਵਾਕ ਕੲੀ ਵਾਰ ਦੁਹਰਾਉਂਦੇ ਹਾਂ। ਪਰ ਅਮਲ ਨਹੀਂ ਕਰਦੇ। ਅਸੀਂ ਹਵਾ ਨੂੰ ਵੀ ਪਲੀਤ ਕਰ ਦਿੱਤਾ ਹੈ, ਪਾਣੀ ਵੀ ਪੀਣਯੋਗ ਨਹੀਂ ਰਹਿਣ ਦਿੱਤਾ ਹੈ ਅਤੇ ਧਰਤੀ ਦੀ ਕੁੱਖ ਨੂੰ ਲੂਹ ਦਿੱਤਾ ਹੈ।ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਨਹੀਂ ਹੈ ? ਇਸ ਵੱਲ ਵੀ ਗੌਰ ਕਰਨ ਦੀ ਲੋੜ ਹੈ।

ਖੇਤੀਬਾੜੀ ਮਾਹਰਾਂ ਵਲੋਂ ਨਾੜ ਦੀ ਸਮੱਸਿਆ ਦੇ ਕਾਫ਼ੀ ਸਾਰੇ ਹੱਲ ਸੁਝਾਏ ਗਏ ਹਨ ਜਿਸ ਅਨੁਸਾਰ ਬਹੁਤ ਸਾਰੇ ਕਿਸਾਨ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਆਪਣਾ ਰੋਲ ਅਦਾ ਕਰ ਰਹੇ ਹਨ।ਪਰ ਬਹੁਤ ਸਾਰੇ ਕਿਸਾਨਾਂ ਦਾ ਇੱਕ ਤਰਕ ਹੁੰਦਾ ਹੈ ਕਿ ਉਹਨਾਂ ਕੋਲ ਨਾੜ ਦਾ ਕੋਈ ਸੌਖਾ ਤੇ ਆਸਾਨ ਬਦਲ ਨਹੀਂ ਹੈ।ਇਸ ਤੇ ਕਿਸਾਨ, ਸਰਕਾਰ,ਖੇਤੀਬਾੜੀ ਮਾਹਿਰਾਂ ਅਤੇ ਬੁੱਧੀਜੀਵੀਆਂ ਨੂੰ ਰਲ਼ ਕੇ ਵਿਚਾਰ ਕਰਨੀ ਚਾਹੀਦੀ ਹੈ। ਨਹੀਂ ਤਾਂ ਆਏ ਸਾਲ ਹੀ ਅਜਿਹੀਆਂ ਦੁਖਾਂਤਕ ਘਟਨਾਵਾਂ ਵਾਪਰਦੀਆਂ ਰਹਿਣਗੀਆਂ , ਵਾਤਾਵਰਣ ਪ੍ਰਦੂਸ਼ਿਤ ਹੁੰਦਾ ਰਹੇਗਾ ਅਤੇ ਧਰਤੀ ਮਾਂ ਦੀ ਕੁੱਖ ਵੀ ਦਿਨੋ-ਦਿਨ ਬਾਂਝ ਹੁੰਦੀ ਚਲੀ ਜਾਵੇਗੀ।ਆਓ ਇਨਸਾਨੀਅਤ ਤੇ ਪਰਉਪਕਾਰ ਕਰੀਏ, ਧਰਤੀ ਤੇ ਰਹਿਮ ਕਰੀਏ, ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਤਾਂ ਕਿ ਧਰਤੀ ਤੇ ਜ਼ਿੰਦਗੀ ਧੜਕਦੀ ਰਹੇ।

 ਜਗਤਾਰ ਸਿੰਘ ਹਿੱਸੋਵਾਲ

132, ਸਿੰਗਲਾ ਇਨਕਲੇਵ
ਰਾਏਕੋਟ ਰੋਡ ,ਮੁੱਲਾਂਪੁਰ
ਜ਼ਿਲ੍ਹਾ ਲੁਧਿਆਣਾ
9878330324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਰਧਾਲੂ
Next article‘ਸਾਗਰ ਵਿਚਲਾ ਮਾਰੂਥਲ’ ਲੋਕ ਅਰਪਣ 28 ਮਈ ਨੂੰ