ਐਵੇਂ ਕਈ ਵਾਰ ਅਹਿਸਾਸਾਂ ਚ

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਐਵੇਂ ਕਈ ਵਾਰ ਅਹਿਸਾਸਾਂ ਚ
ਸਵਾਲਾਂ ਦੀ ਆਹਟ ਮਹਿਸੂਸ ਹੁੰਦੀ
ਉਦੋਂ ਹਰ ਵਾਰ ਰੌਂਗਟੇ ਖੜ੍ਹੇ ਕਰਨ ਵਾਲੀ
ਝੁਨਝੁਨਾਹਟ ਜਿਹੀ ਮਹਿਸੂਸ ਹੁੰਦੀ

ਜਦੋਂ ਕਦੀ ਇੱਕ ਪੌਦਾ, ਇੱਕ ਥਾਂ ਤੋਂ ਪੁੱਟ ਕੇ
ਦੂਜੀ ਥਾਂ ਲਗਾਇਆ ਜਾਂਦਾ
ਮਿੱਟੀ ਮੌਸਮ ਉਸਦੇ ਅਨੁਕੂਲ ਦੇਖਿਆ ਜਾਂਦਾ
ਪਾਣੀ ਦੀ ਮਾਤਰਾ,ਖ਼ਾਦ ਦੀ ਮਿਕਦਾਰ ਬਾਰੇ ਪੁੱਛਿਆ ਜਾਂਦਾ
ਪੌਦਾ ਰਚਮਿਚ ਜਾਏ, ਜੜਾਂ ਜ਼ਮੀਨ ਪਕੜ ਜਾਵਣ
ਉਦੋਂ ਤੱਕ ਉਸਦਾ ਖ਼ਾਸ ਧਿਆਨ ਰੱਖਿਆ ਜਾਂਦਾ

ਇੱਕ ਔਰਤ (ਧੀ) ਨੂੰ
ਪਿਤਾ ਦੇ ਆਂਗਣ ਦੀ ਬਗੀਚੀ ਚੋਂ ਪੁਟਿਆ ਜਾਂਦਾ
ਜਿਸ ਥਾਂ ਜਾ ਲਗਾਇਆ ਜਾਂਦਾ
ਨਾ ਪੁੱਟ ਕੇ ਦੇਣ ਵਾਲਾ ਕੁਝ ਸੋਚਦਾ
ਨਾ ਹੀ ਆਪਣੀ ਦਹਿਲੀਜ਼ ਦੇ ਅੰਦਰ ਲੈ ਜਾਣ ਵਾਲਾ ਸੋਚਦਾ
ਕੀ ਦੋਨੋਂ ਆਂਗਣ ਉਸ ਲਈ ਪਰਸਪਰ ਸਮਾਨ ਹਨ?
ਇਸ ਪਥਰੀਲੇ ਸਮਾਜ ਦੀ ਮਿੱਟੀ ਵਿਚ
ਉਸਨੂੰ ਬਿਨ ਪਾਣੀ ਬਿਨ ਧੁੱਪ

ਬਿਨ ਖ਼ਾਦ, ਉਪਜਾਊ ਰਹਿਣਾ ਪੈਣਾ
ਬੱਸ ਸਹਿ ਜਾਣਾ ਉਸਦੀ ਕਿਸਮਤ ਚ ਹੋਣਾ
ਅਸਹਿ ਕੁਝ ਹੋਏ ਤਾਂ ਦੱਸਣਾ ਤੇਰਾ ਗੁਨਾਹ ਹੋਣਾ
ਉਸ ਮਿੱਟੀ ਚ ਭਾਵਨਾਵਾਂ ਨੱਪ ਦੇਣਾ ਤੇਰਾ ਜੀਵਨ ਹੋਣਾ
ਇਹੋ ਉਸਦਾ ਅੱਜ ਹੋਣਾ,ਇਹੋ ਕਲ੍ਹ ਹੋਣਾ

ਕਈ ਮਕਾਨਾਂ ਚ ਆਪ ਸਿਰਜੇ ਬੇਕਦਰੇ ਮੌਸਮ ਹੁੰਦੇ
ਕੈਕਟਸ ਉਗਦੇ ਜਿਨ੍ਹਾਂ ਦੇ ਮਾਰੁਥਲ ਜਿਹੇ ਸੀਨੇ ਹੁੰਦੇ
ਜਿਸ ਚਾਰ ਦੀਵਾਰੀ ਔਰਤ ਨਾਲ ਤਸ਼ੱਦਦ ਹੁੰਦੇ
ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ
ਆਪ ਵੀ ਕਿਸੇ ਔਰਤ ਦੇ ਜਨਮੇਂ ਹੁੰਦੇ
ਕਲਯੁਗ ਨੂੰ ਸੱਦਾ ਦਿੰਦੇ
ਅਜਿਹੇ ਲੋਕਾਂ ਦੀ ਜੋ,ਸਾਂਭ-ਸੰਭਾਲ ਕਰਦੇ

ਚਿੰਨ੍ਹ ਦਿਖਾਵਣ ਸਿੱਖੀ ਵਾਲੇ
ਕਈ ਵਾਰ ਤਲਾਕ!ਤਲਾਕ!ਤਲਾਕ
ਕਈ ਵਾਰ ਕਬੂਲ ਹੈ, ਕਬੂਲ ਹੈ, ਕਬੂਲ ਹੈ ਕਰਦੇ
ਸਮਾਜ ਖੁਦ ਪਾਲਦਾ ਧਰਮ ਦੇ ਅੰਦਰ ਅਜਿਹੇ ਕਾਫ਼ਿਰ
ਯਾਦ ਰੱਖਣਾ ਉਸ ਪਿੰਡ ਦੀ ਜੂਹ ਸ਼ਰਾਪੀ ਜਾਂਦੀ
ਜਿਥੋਂ ਨਿਰਦੋਸ਼ ਧੀ ਤੜਫ਼ ਤੜਫ਼ ਮਰਦੀ
ਤੇ ਕੋਈ ਬੇਪੱਤ ਕਰਕੇ ਕੱਢੀ ਜਾਂਦੀ
ਫਿਰ ਨਵੀਂ ਸੇਜ਼ ਸਜਾਈ ਜਾਂਦੀ

ਅਜਿਹੇ ਕਾਰਿਆਂ ਚ ਅੱਗ ਕਿਸੇ ਔਰਤ ਦੀ ਲਾਈ ਹੁੰਦੀ
ਮਰਦ ਪ੍ਰਧਾਨ ਸਮਾਜ ਸਿਰਜਦੀ ਔਰਤ
ਸਿਸਕੀਆਂ ਮਜਬੂਰ ਔਰਤ ਦੀਆਂ ਦਬਾ ਦਿੰਦੀ
ਔਰਤ ਹੀ ਤਸ਼ੱਦਦ ਚ ਹਿੱਸੇਦਾਰ ਹੁੰਦੀ
ਮਾਂ ,ਭੈਣ ,ਜਠਾਣੀ,ਦਰਾਣੀ, ਭਰਜਾਈ ਬਣ
ਜਾ ਅਸਮਾਜਿਕ ਰਿਸ਼ਤੇ ਬਣਾ ਨਾਲ ਖੜਦੀ
ਔਰਤ ਹੋ ਕੇ ਕਿਸੇ ਅਬਲਾ ਬਣਾਉਂਦੀ
ਔਰਤ ਦੇ ਸੰਘਰਸ਼ ਨੂੰ ਔਖਾ ਕਰਦੀ।

ਮੰਦਿਰ ਤੋਂ ਕਾਫ਼ਿਰ ਤੱਕ ਦਾ ਸਫ਼ਰਨਾਮਾ
ਕਹਿਣਾ ਸੌਖਾ ਨਹੀਂ। ਹਾਂ ਉਹ ਸਭ ਜਾਣਦੇ
ਜਿਨ੍ਹਾਂ ਕਾਫ਼ਿਰ ਨੂੰ ਹਵਾ ਦਿੱਤੀ।

ਨਵਜੋਤ ਕੌਰ ਨਿਮਾਣੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲੇ ਮੈਲੇ ਕੁਚੈਲੇ ਸ਼ਬਦਾਂ…
Next articleSchool children account for nearly quarter of Sri Lanka’s dengue patients: Official