Uncategorized ਰੁੱਖ ਲਗਾਉਣ ਦਾ ਵੀ ਵਿਰੋਧ! – ਸੋਚਣ ਵਾਲੀ ਗੱਲ

ਰੁੱਖ ਲਗਾਉਣ ਦਾ ਵੀ ਵਿਰੋਧ! – ਸੋਚਣ ਵਾਲੀ ਗੱਲ

  (ਸਮਾਜ ਵੀਕਲੀ)  ਕਦੇ ਸੋਚਿਆ ਨਹੀਂ ਸੀ ਕਿ ਰੁੱਖ ਲਗਾਉਣ ਵਰਗੇ ਨਿੱਕੇ, ਪਰ ਬਹੁਤ ਅਹਿਮ ਕੰਮ ਦਾ ਵੀ ਕੋਈ ਵਿਰੋਧ ਕਰੇਗਾ। ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡਿਓ ਨੇ ਮਨ ਪਰੇਸ਼ਾਨ ਕਰ ਦਿੱਤਾ। ਵੀਡਿਓ ਵਿਚ ਕੁਝ ਸਮਾਜ ਸੇਵੀ ਨੌਜਵਾਨ ਇਕ ਜਗ੍ਹਾ ਰੁੱਖ ਲਗਾ ਰਹੇ ਸਨ, ਪਰ ਉਥੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਵੱਲੋਂ  ਉਸ ਦੇ ਘਰ ਤੋਂ ਥੋੜ੍ਹੀ ਦੂਰ  ਸਰਕਾਰੀ ਜਗ੍ਹਾ ਤੇ ਰੁੱਖ ਲਗਾਉਣ ਦਾ ਵਿਰੋਧ ਕੀਤਾ ਗਿਆ। ਵਿਰੋਧ ਕਰਨ ਵਾਲੇ ਪਾਸਿਓਂ ਰੁੱਖ ਲਗਾਉਣ ਪਿੱਛੇ ਦਿਖਾਇਆ ਗਿਆ ਰੋਸ  ਸਮੁੱਚੇ ਦ੍ਰਿਸ਼  ਨੂੰ ਸੰਵੇਦਨਸ਼ੀਲ ਕਰਨ ਵਾਲਾ ਸੀ । ਇਹ ਨੌਜਵਾਨ ਨਾ ਸਿਰਫ ਰੁੱਖ ਲਗਾ ਰਹੇ ਸਨ, ਸਗੋਂ ਉਨ੍ਹਾਂ ਨੇ ਇਹ ਵੀ ਸੁਣਿਸ਼ਚਿਤ ਕੀਤਾ ਸੀ ਕਿ ਲਗਾਏ ਗਏ ਰੁੱਖਾਂ ਦੀ ਸੰਭਾਲ ਵੀ ਹੋਵੇ। ਉਹ ਪਾਣੀ ਦੇ ਇੰਤਜ਼ਾਮ ਤੋਂ ਲੈ ਕੇ ਰੱਖ-ਰਖਾਅ ਤੱਕ ਦੀ ਪੂਰੀ ਯੋਜਨਾ ਨਾਲ ਆਏ ਸਨ। ਉਹ ਕੋਈ ਫੋਟੋ ਖਿੱਚ ਕੇ  ਤੁਰ ਵਾਲੇ ਲੋਕ ਨਹੀਂ ਸਨ, ਬਲਕਿ ਉਹ ਨੌਜਵਾਨ ਮਨੁੱਖਤਾ ਅਤੇ ਧਰਤੀ ਮਾਂ ਪ੍ਰਤੀ ਆਪਣੇ ਫਰਜ਼ ਦਾ ਪਾਲਣ ਅਤੇ  ਭਲਾਈ ਲਈ ਕੰਮ ਕਰ ਰਹੇ ਸਨ। ਅਸੀਂ ਅਕਸਰ ਕਹਿੰਦੇ – ਸੁਣਦੇ ਹਾਂ – “ਰੁੱਖ ਲਗਾਓ, ਧਰਤੀ ਬਚਾਓ।” ਪਰ ਕੀ ਅਸੀਂ ਕਦੇ ਇਸਦੀ ਗੰਭੀਰਤਾ ਨੂੰ ਸਮਝਿਆ ਹੈ? ਰੁੱਖ ਸਿਰਫ ਥਾਂ ਦੀ ਸੁੰਦਰਤਾ ਨਹੀਂ ਵਧਾਉਂਦੇ, ਇਹ ਸਾਡੀ ਜ਼ਿੰਦਗੀ ਦੀ ਨਸ-ਨਸ ਨਾਲ ਜੁੜੇ ਹੋਏ ਹਨ। ਉਹ ਆਕਸੀਜਨ ਦਿੰਦੇ ਹਨ, ਵਾਟਰ ਲੈਵਲ ਬਣਾਈ ਰੱਖਦੇ ਹਨ, ਮਿੱਟੀ ਦੇ ਕਟਾਅ ਨੂੰ ਰੋਕਦੇ ਹਨ ਅਤੇ ਤਾਪਮਾਨ ਨੂੰ ਨਿਯੰਤਰਤ ਕਰਦੇ ਹਨ। ਜਦੋਂ ਵਾਤਾਵਰਣੀ ਖਤਰੇ ਵੱਧ ਰਹੇ ਹਨ, ਜਦੋਂ ਪ੍ਰਦੂਸ਼ਣ ਨਵੇਂ ਰਿਕਾਰਡ ਤੋੜ ਰਿਹਾ ਹੈ, ਤਦ ਇੱਕ ਰੁੱਖ ਲਗਾਉਣਾ ਵੀ ਇਕ ਇਨਕਲਾਬੀ ਕਦਮ ਹੈ।  ਜੇਕਰ ਅਜਿਹੇ ਕਦਮਾਂ ਦਾ ਵੀ ਵਿਰੋਧ ਹੋਵੇ, ਤਾਂ ਇਹ ਸਮਾਜ ਅਤੇ ਸਾਡੇ ਸਭ ਦੇ  ਲਈ ਚਿੰਤਾਜਨਕ ਹੈ। ਅਜਿਹੇ ਨੌਜਵਾਨ ਜੋ ਆਪਣਾ ਕੀਮਤੀ ਸਮਾਂ ਰੁੱਖ ਲਗਾਉਣ, ਉਨ੍ਹਾਂ ਦੀ ਸੰਭਾਲ ਕਰਨ, ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਲਗਾ ਰਹੇ ਹਨ, ਉਹ ਧਰਤੀ ਮਾਂ ਦੇ ਸੱਚੇ ਸੇਵਾਦਾਰ ਹਨ। ਉਨ੍ਹਾਂ ਦੀ ਕੋਸ਼ਿਸ਼ ਸਿਰਫ ਰੁੱਖ ਲਗਾਉਣ ਤੱਕ ਸੀਮਤ ਨਹੀਂ, ਸਗੋਂ ਇੱਕ ਹਰੇ-ਭਰੇ ਭਵਿੱਖ ਦੀ ਨੀਂਹ ਰੱਖਣ ਦੀ ਕੋਸ਼ਿਸ਼ ਹੈ। ਇਹ ਜ਼ਰੂਰੀ ਹੈ ਕਿ ਅਸੀਂ ਅਜਿਹੇ ਉਪਰਾਲਿਆਂ ਦੀ ਹੋਂਸਲਾ ਅਫਜ਼ਾਈ ਕਰੀਏ ਨਾ ਕਿ ਉਨ੍ਹਾਂ ਨੂੰ ਰੋਕੀਏ। ਕਿਉਂਕਿ ਜੇ ਅਸੀਂ ਅੱਜ ਇੱਕ ਰੁੱਖ ਦੀ ਜੜ੍ਹ ਨਾ ਗੱਡੀ, ਤਾਂ ਕੱਲ੍ਹ ਦੀ ਹਵਾ ਵੀ ਸਾਫ ਨਹੀਂ ਹੋਣੀ ਅਤੇ ਸਾਡੀ ਆਪਣੀ ਜੜ੍ਹ ਡਾਵਾਂਡੋਲ ਹੋ ਜਾਵੇਗੀ। ਇਸੇ ਸੰਦਰਭ ਵਿਚ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਵਾਤਾਵਰਣ ਸਬੰਧੀ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਨੂੰ  ਸਵੀਕਾਰ ਕਰਨਾ ਅਤੇ ਉਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਸਹਿਯੋਗ ਦੇਣਾ ਵੀ ਸਾਡੀ ਸਭ  ਦੀ ਜ਼ਿੰਮੇਵਾਰੀ ਹੈ। ਖਾਸਕਰ ਸ਼ਹਿਰੀ ਇਲਾਕਿਆਂ ਵਿੱਚ ਜ਼ਮੀਨ ਦੀ ਉਪਲਬਧਤਾ, ਪਾਣੀ ਦੇ ਸਰੋਤ, ਰੁੱਖਾਂ ਦੀ ਰੱਖਿਆ ਲਈ ਗਾਰਡ/ਫੈਂਸਿੰਗ ਅਤੇ  ਲੋੜੀਂਦੇ ਸਾਧਨਾਂ ਦੀ ਉਪਲਬਧਤਾ – ਇਹ ਸਾਰੇ ਕਦਮ ਸਿਰਫ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਸੰਭਵ ਹਨ। ਇੰਨਾ ਹੀ ਨਹੀਂ, ਅਜਿਹੇ ਨੌਜਵਾਨਾਂ ਦਾ ਉਤਸਾਹ ਵਧਾਉਣ  ਲਈ ਪੁਰਸਕਾਰ ਜਾਂ ਪਬਲਿਕ ਪਲੇਟਫਾਰਮ ਉੱਤੇ ਉਨ੍ਹਾਂ ਦੀ ਪ੍ਰਸ਼ੰਸਾ, ਹੋਰ ਨੌਜਵਾਨਾਂ ਨੂੰ ਵੀ ਅਜਿਹੇ ਨੇਕ  ਕਾਰਜਾਂ ਲਈ ਉਤਸ਼ਾਹਿਤ ਕਰ ਸਕਦੀ ਹੈ। ਸਰਕਾਰ ਵੱਲੋਂ ਚਲਾਏ ਜਾਂਦੇ “ਵਨ ਮਹੋਤਸਵ” ਜਾਂ “ਹਰਿਆਵਲ”  ਵਰਗੇ ਪ੍ਰੋਗਰਾਮਾਂ ਨੂੰ ਨਿੱਜੀ ਯਤਨਾਂ ਨਾਲ ਜੋੜ ਕੇ ਸਮਾਜਿਕ ਸਰੋਕਾਰ ਨੂੰ ਹਕੀਕਤ ਵਿਚ ਬਦਲਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਸਾਹਮਣੇ ਆਈ ਅਤੇ ਇਕ ਨਾਮੀ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਦੇ ਸੰਦਰਭ ਵਿੱਚ ਇਹੋ ਕਿਹਾ ਜਾ ਸਕਦਾ ਹੈ ਕਿ  ਰੁੱਖ ਲਗਾਉਣ ਦਾ ਵਿਰੋਧ ਕਰਨਾ, ਸਿਰਫ ਰੁੱਖਾਂ ਦਾ ਹੀ ਨਹੀਂ, ਸਗੋਂ ਆਪਣੇ ਭਵਿੱਖ ਦਾ ਵਿਰੋਧ ਕਰਨਾ ਹੈ। ਜੇ ਅਸੀਂ ਚੰਗਾ ਸਮਾਜ, ਸਾਫ ਹਵਾ ਅਤੇ ਹਰੀ-ਭਰੀ ਧਰਤੀ ਚਾਹੁੰਦੇ ਹਾਂ, ਤਾਂ ਅਜਿਹੇ ਨੌਜਵਾਨਾਂ ਦੀ ਪਿੱਠ ਥਾਪੜੀ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਰੁਕਾਵਟਾਂ ਦੀ ਭੇਂਟ ਨਾ ਚੜ੍ਹੇ।
ਹਰਪ੍ਰੀਤ ਸਿੰਘ ਬਰਾੜ।
ਮੇਨ ਏਅਰਫੋਰਸ ਰੋਡ,ਬਠਿੰਡਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੌਸਮ ਭਾਖਿਆਕਾਰ ਪਿੱਲ ਪ੍ਰੀਮੀਅਰ ਦਾ ਦੇਹਾਂਤ
Next articleਬੀਕੇਯੂ ਪੰਜਾਬ ਜਲੰਧਰ ਇਕਾਈ ਦੀ ਹੰਗਾਮੀ ਮੀਟਿੰਗ ਆਦਰਮਾਨ ਵਿਖੇ ਹੋਈ