(ਸਮਾਜ ਵੀਕਲੀ)-ਸਰਬਜੀਤ….!……! ਸਰਬਜੀਤ…..! ਇੱਧਰ ਆ ਜ਼ਰਾ। ਹਰਜੀਤ ਨੇ ਪਤਨੀ ਨੂੰ ਗੁੱਸੇ ਵਿੱਚ ਆਵਾਜ਼ ਮਾਰੀ।
ਹਾਂਜੀ, ਦਸੋ! ਕੀ ਹੋ ਗਿਆ? ਸਰਬਜੀਤ ਰਸੋਈ ਵਿੱਚੋਂ ਹੱਥ ਸਾਫ਼ ਕਰਦਿਆਂ ਬਾਹਰ ਆਈ।
ਤੈਨੂੰ ਕਿੰਨੀ ਵਾਰ ਕਿਹਾ ਕਿ ਮੈਨੂੰ ਆਲੂ-ਮਟਰ ਦੀ ਸਬਜ਼ੀ ਬਿਲਕੁੱਲ ਪਸੰਦ ਨਹੀਂ ਹੈ। ਹਰਜੀਤ ਉਸੇ ਤਰ੍ਹਾਂ ਗੁੱਸੇ ਵਿੱਚ ਬੋਲਿਆ।
ਹਾਂਜੀ, ਪਤੈ ਮੈਨੂੰ! ਸਰਬਜੀਤ ਨਿਮਰਤਾ ਨਾਲ਼ ਬੋਲੀ।
ਕੀ ਸਵਾਹ ਪਤਾ ਤੈਨੂੰ? ਆਹ ਡੌਂਗੇ ਵਿੱਚ ਆਲੂ- ਮਟਰ ਦੀ ਸਬਜ਼ੀ ਪਾ ਕੇ ਰੱਖੀ ਹੋਈ ਹੈ। ਮੇਜ਼ ਤੇ ਪਏ ਡੌਂਗੇ ਵੱਲ ਇਸ਼ਾਰਾ ਕਰਦਿਆਂ ਹਰਜੀਤ ਅੱਗ ਵਾਂਗ ਭੜਕਿਆ।
ਹਾਂਜੀ, ਮੈਂ ਹੀ ਰੱਖੀ ਹੈ ਆਲੂ-ਮਟਰ ਦੀ ਸਬਜ਼ੀ। ਪਰ ਉਹ ਤੁਹਾਡੇ ਲਈ ਨਹੀਂ ਰੱਖੀ ਹੈ। ਹਰਜੀਤ ਹਜੇ ਵੀ ਨਿਮਰਤਾ ਨਾਲ਼ ਬੋਲੀ।
ਮੇਰੇ ਲਈ ਨਹੀਂ ਰੱਖੀ? ਫ਼ਿਰ ਹੋਰ ਏਥੇ ਕੌਣ ਹੈ! ਜੀਹਦੇ ਲਈ ਰੱਖ ਕੇ ਗਈ ਹੈ? ਹਰਜੀਤ ਨੇ ਹੋਰ ਵੀ ਚਿੜਦਿਆਂ ਕਿਹਾ।
‘ ਮੈਂ ‘ …. ਮੈਂ ਵੀ ਹਾਂ ਜੀ। ਇਹ ਸਬਜ਼ੀ ਮੇਰੇ ਲਈ ਹੈ। ਕਿਉਂਕਿ ਮੈਨੂੰ ਆਲੂ-ਮਟਰ ਬਹੁਤ ਪਸੰਦ ਹੈ। ਤੇ ਅੱਜ ਮਹਿਲਾ ਦਿਵਸ ਤੇ ਖਾਸ ਆਪਣੇ ਲਈ ਮੈਂ ਇਹ ਸਬਜ਼ੀ ਬਣਾਈ ਹੈ। ਤੁਹਾਡੇ ਲਈ ਦੂਸਰੇ ਡੌਂਗੇ ਵਿੱਚ ਪਨੀਰ ਦੀ ਸਬਜ਼ੀ ਹੈ। ਸ਼ਾਇਦ ਤੁਸੀਂ ਉਹ ਦੇਖੀ ਨਹੀਂ। ਕਹਿ ਕੇ ਸਰਬਜੀਤ ਆਪਣੀ ਚੁੰਨੀ ਸਵਾਰਦਿਆਂ ਰਸੋਈ ਵੱਲ ਤੁਰ ਗਈ ਤੇ ਹਰਜੀਤ ਦੀ ਜ਼ੁਬਾਨ ਜਿਵੇਂ ਤਾਲੂਏ ਨਾਲ਼ ਲੱਗ ਗਈ ਸੀ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly